ਇਸਲਾਮਾਬਾਦ- ਪਾਕਿਸਤਾਨੀ ਰੱਖਿਆ ਮੰਤਰੀ ਆਸਿਫ਼ ਨੇ ਭਾਰਤ-ਪਾਕਿ ਦਰਮਿਆਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਦੇ ਰੱਦ ਹੋ ਜਾਣ ਦਾ ਦੋਸ਼ ਮੋਦੀ ਦੇ ਸਿਰ ਮੜ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਦੇ ਨਾਕਾਰਤਮਕ ਰਵਈਏ ਕਾਰਨ ਹੀ ਇਸ ਖੇਤਰ ਦੀ ਸ਼ਾਂਤੀ ਪ੍ਰਭਾਵਿਤ ਹੋ ਰਹੀ ਹੈ।
ਦੋਵਾਂ ਦੇਸ਼ਾਂ ਦੇ ਐਨਐਸਏ ਸਰਤਾਜ ਅਜ਼ੀਜ਼ ਅਤੇ ਅਜੀਤ ਡੋਭਾਲ ਵਿੱਚਕਾਰ ਹੋਣ ਵਾਲੀ ਵਾਰਤਾ ਰੱਦ ਕੀਤੇ ਜਾਣ ਦੇ ਇੱਕ ਦਿਨ ਬਾਅਦ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਦਾ ਹਵਾਲਾ ਦਿੰਦੇ ਹੋਏ ਸਰਕਾਰੀ ‘ਰੇਡੀਓ ਪਾਕਿਸਤਾਨ’ ਨੇ ਕਿਹਾ, ‘ ਮੋਦੀ ਸਰਕਾਰ ਦਾ ਨਾਕਾਰਤਮਕ ਰੁਖ ਖੇਤਰ ਦੀ ਸ਼ਾਂਤੀ ਬਹਾਲ ਕਰਨ ਵਿੱਚ ਰੁਕਾਵਟਾਂ ਪੈਦਾ ਕਰਨ ਲਈ ਜਿੰਮੇਵਾਰ ਸੀ।’
ਉਨ੍ਹਾਂ ਨੇ ਇਸ ਸਬੰਧੀ ਹੋਰ ਵੀ ਤਲਖ ਟਿਪਣੀ ਕਰਦੇ ਹੋਏ ਕਿਹਾ, ‘ਭਾਰਤ ਨੇ ਆਪਣੇ ਕਟੜਪੰਥੀ ਰਵਈਏ ਕਾਰਣ ਹੀ ਨਵੀਂ ਦਿੱਲੀ ਵਿੱਚ ਪ੍ਰਸਤਾਵਿਤ ਪਾਕਿ-ਭਾਰਤ ਗੱਲਬਾਤ ਨੂੰ ਸਮਾਪਤ ਕਰ ਦਿੱਤਾ।’ ਆਸਿਫ ਨੇ ਦਾਅਵੇ ਨਾਲ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਵਾਰਤਾ ਨੂੰ ਲੈ ਕੇ ਗੰਭੀਰ ਸੀ ਅਤੇ ਦੋਵਾਂ ਦੇਸ਼ਾਂ ਦੇ ਮੁੱਦਿਆਂ ਨੂੰ ਸਮਝਾਉਣ ਦਾ ਇਹ ਸੱਭ ਤੋਂ ਉਤਮ ਤਰੀਕਾ ਹੈ।
ਰੱਖਿਆ ਮੰਤਰੀ ਆਸਿਫ ਨੇ ਇਹ ਵੀ ਆਰੋਪ ਲਗਾਇਆ ਕਿ ਭਾਰਤ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਕਮਜੋਰ ਕਰਨ ਦਾ ਯਤਨ ਕਰ ਰਿਹਾ ਹੈ। ਇਸ ਲਈ ਹੀ ਭਾਰਤੀ ਸੁਰੱਖਿਆ ਦਸਤੇ ਪਾਕਿਸਤਾਨੀ ਸੈਨਾ ਬਲਾਂ ਨੂੰ ਬਿਜ਼ੀ ਰੱਖਣ ਲਈ ਹੀ ਕੰਟਰੋਲ ਰੇਖਾ ਤੇ ਨਿਯਮਾਂ ਦਾ ਉਲੰਘਣ ਕਰ ਰਿਹਾ ਹੈ।