ਸ਼ਿਕਾਗੋ/ਯੂ ਐਸ ਏ/:-ਅੱਜ ਇਲਨੋਇ ਸਟੇਟ ਦੇ ਮੋਲੀਨ ਸ਼ਹਿਰ ਵਿੱਚ ਬਾਪੂ ਸੂਰਤ ਸਿੰਘ ਦੇ ਜਵਾਈ, ਭਾਈ ਸਤਵਿੰਦਰ ਸਿੰਘ ਭੋਲਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਭਿੱਜੇ ਨੈਣਾਂ ਨਾਲ ਸੈਂਕੜੇ ਸੰਗਤਾਂ ਨੇ ਭੋਲਾ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਮਹੌਲ ਬੜਾ ਹੀ ਭਾਵਨਾਤਮਿਕ ਸੀ ਅਤੇ ਦੂਰੋਂ ਦੂਰੋਂ ਸੰਗਤ ਨੇ ਪਹੁੰਚ ਕੇ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਥੇ ਸ਼ਮੂਲੀਅਤ ਕਰਨ ਤੇ ਅੱਜ ਮਹਿਸੂਸ ਹੋ ਰਿਹਾ ਸੀ ਕਿ ਕਿਸੇ ਪ੍ਰਾਣੀ ਦੀਆਂ ਅੰਤਿਮ ਕ੍ਰਿਆਵਾਂ ਵਿੱਚ ਸ਼ਮੂਲੀਅਤ ਕਰਨੀ ਕਿੰਨੀ ਦੁੱਖਦਾਈ ਹੁੰਦੀ ਹੈ। ਫਿਊਨਰਲ ਦੌਰਾਨ ਹਰ ਪ੍ਰਾਣੀ ਦੇ ਨੈਣਾਂ ਚੋਂ ਵਹਿੰਦਾ ਨੀਰ ਸਮੁੰਦਰ ਦੀਆਂ ਛੱਲਾਂ ਦਾ ਰੂਪ ਧਾਰਨ ਕਰ ਰਿਹਾ ਸੀ।
ਫਿਊਨਰਲ ਦੌਰਾਨ ਕੋਈ ਰੋਣਾ ਧੋਣਾ ਨਹੀਂ ਸੀ ਸਗੋਂ ਗੁਰੂ ਸਾਹਿਬ ਦੇ ਸਿਧਾਂਤ ਦਾ ਪੱਲਾ ਫੜਦਿਆਂ ਪ੍ਰੀਵਾਰ ਨੇ ਖੁਦ ਸ਼ਬਦ ਕੀਰਤਨ ਕੀਤਾ। ਭਾਈ ਸਤਵਿੰਦਰ ਸਿੰਘ ਭੋਲਾ ਦੀਆਂ ਦੋ ਬੱਚੀਆਂ ਨੇ ਸ਼ਬਦ ਗਾਇਣ ਕੀਤੇ ਅਤੇ ਨੌਜੁਆਨ ਸਪੁੱਤਰ ਨੇ ਤਬਲੇ ਦੀ ਸੇਵਾ ਕੀਤੀ। ਉਸ ਵੇਲੇ ਮਹੌਲ ਹੋਰ ਵੀ ਗਮਗੀਨ ਹੋ ਗਿਆ ਸੀ, ਜਦੋਂ ਇੱਕ ਬੱਚੀ ਨੇ “ਮਿੱਤਰ ਪਿਆਰੇ ਨੂੰ” ਸ਼ਬਦ ਗਾਇਣ ਕੀਤਾ।
ਜੈਕਾਰਿਆਂ ਦੀ ਗੂੰਜ ਵਿੱਚ ਭਾਈ ਸਤਵਿੰਦਰ ਸਿੰਘ ਭੋਲਾ ਨੂੰ ਸਪੁਰਦ-ਏ-ਆਤਿਸ਼ ਕੀਤਾ ਗਿਆ।
ਇਸ ਤੋਂ ਬਾਅਦ ਸਿੰਘ ਸਭਾ ਗੁਰਦੁਆਰਾ ਸਾਹਿਬ ਸਿਲਵਿਸ ਇਲਨੋਇ ਵਿੱਚ ਕੀਰਤਨ ਦਰਬਾਰ ਸਜਾਏ ਗਏ। ਇਥੇ ਕੀਰਤਨ ਦਰਬਾਰ ਤੋਂ ਬਾਅਦ ਵੱਖ ਵੱਖ ਇਲਾਕਿਆਂ ਚੋਂ ਆਏ ਕੌਮ ਦੇ ਪਤਵੰਤੇ ਸੱਜਣਾ ਨੇ ਸਤਵਿੰਦਰ ਸਿੰਘ ਭੋਲਾ ਨੂੰ ਸ਼ਰਧਾਂਜ਼ਲੀ ਦਿੱਤੀ। ਇਥੇ ਹੋਰਨਾਂ ਤੋਂ ਇਲਾਵਾ ਡਾ. ਅਮਰਜੀਤ ਸਿੰਘ ਖਾਲਿਸਤਾਨ ਅਫੇਅਰਜ਼ ਸੈਂਟਰ ਵਾਸਿ਼ੰਗਟਨ, ਸਰਬਜੀਤ ਸਿੰਘ ਅਕਾਲੀ ਦਲ ਅੰਮ੍ਰਿਤਸਰ ਨਿਊਯਾਰਕ, ਨਰਿੰਦਰ ਸਿੰਘ ਅਤੇ ਸੁਖਮਿੰਦਰ ਸਿੰਘ ਹੰਸਰਾ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਨੇ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਸ ਕਤਲ ਦੀ ਸੂਹ ਦੇਣ ਵਾਲੇ ਨੂੰ $25000 ਇਨਾਮ ਵਜੋਂ ਦੇਵੇਗੀ। ਬਸ਼ਰਤੇ ਮੁਹਈਆ ਜਾਣਕਾਰੀ ਆਧਾਰਿਤ ਅਮਰੀਕੀ ਪੁਲੀਸ ਕਥਿਤ ਕਾਤਲ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਸਕੇ।
ਹੰਸਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਮੈਂਬਰ ਅਤੇ ਇਸਦੇ ਕੌਮੀ ਪਾਰਟੀ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਇਹ ਮੰਨਦੇ ਹਨ ਕਿ ਭਾਈ ਸਤਵਿੰਦਰ ਸਿੰਘ ਭੋਲਾ ਦਾ ਕਤਲ, ਆਮ ਘਟਨਾ ਨਹੀਂ ਹੈ। ਇਸ ਪਿੱਛੇ ਡੂੰਘੀ ਸਾਜਿਸ਼ ਹੈ। ਨਿਰਸੰਦੇਹ ਇਹ ਸਾਜਿਸ਼ ਭਾਰਤ ਦੀਆਂ ਖੁਫੀਆਂ ਏਜੰਸੀਆਂ ਵਲੋਂ ਘੜੀ ਹੋ ਸਕਦੀ ਹੈ। ਕਤਲ ਦੀ ਜਾਂਚ ਕਰਨ ਵੇਲੇ ਇਹ ਜਾਨਣਾ ਜਰੂਰੀ ਹੁੰਦਾ ਹੈ ਕਿ ਇਸ ਕਤਲ ਦਾ ਸਿਆਸੀ ਲਾਹਾ ਕਿਸ ਨੂੰ ਹੋਵੇਗਾ, ਸਭ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਵਾਲੇ ਵੱਲ ਧਿਆਨ ਕੇਂਦਰਤ ਕੀਤਾ ਜਾਂਦਾ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਵਲੋਂ ਵਿੱਢੇ ਸੰਘਰਸ਼ ਨੇ ਭਾਰਤ ਸਰਕਾਰ ਅਤੇ ਬਾਦਲ ਸਰਕਾਰ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਇਹ ਕਤਲ ਸਰਕਾਰਾਂ ਦੀ ਬੌਖਲਾਹਟ ਦਾ ਨਤੀਜਾ ਹੋ ਸਕਦਾ ਹੈ।
ਕੈਲੀਫੋਰਨੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਗਜੈਕਟਿਵ ਮੈਂਬਰ ਰਮਿੰਦਰਜੀਤ ਸਿੰਘ (ਮਿੰਟੂ) ਸੰਧੂ ਨੇ ਕਿਹਾ ਕਿ ਪਾਰਟੀ ਵਲੋਂ ਅਜਿਹਾ ਐਲਾਨ ਕਰਨਾ, ਕੌਮੀ ਫਰਜ਼ਾਂ ਤੇ ਪਹਿਰਾ ਦੇਣ ਬਰਾਬਰ ਹੈ। ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ, ਜੋ ਮਾਂਟਰੀਅਲ ਕੈਨੇਡਾ ਤੋਂ ਇਥੇ ਸ਼ਮੂਲੀਅਤ ਕਰਨ ਪੁੱਜੇ ਸਨ, ਨੇ ਕਿਹਾ ਕਿ ਭਾਈ ਸਤਵਿੰਦਰ ਸਿੰਘ ਭੋਲਾ ਦੀਆਂ ਸੇਵਾਵਾਂ ਨੂੰ ਸਜਦਾ ਕਰਦਿਆਂ ਪਾਰਟੀ ਉਨ੍ਹਾਂ ਦੇ ਕਤਲ ਦੀ ਤਹਿ ਤੱਕ ਜਾਣ ਲਈ ਹਰ ਉਪਰਾਲੇ ਕਰੇਗੀ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਨੇ ਕਿਹਾ ਕਿ ਸਾਡੀ ਪਾਰਟੀ ਦੇ ਕਾਰਕੁੰਨ ਵੱਡੀ ਗਿਣਤੀ ਵਿੱਚ ਇਥੇ ਪੁੱਜੇ ਹਨ ਜਿਸ ਤੋਂ ਇਹੀ ਭਾਵ ਮਿਲਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੌਮ ਦੇ ਹਰ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ ਅਤੇ ਕੌਮੀ ਜਜ਼ਬਿਆਂ ਦੀ ਕਦਰ ਕਰਦਾ ਹੈ। ਹੋਰਨਾਂ ਤੋਂ ਇਲਾਵਾ ਗੁਰਸ਼ਰਨ ਸਿੰਘ ਮਾਂਟਰੀਅਲ, ਮਨਵੀਰ ਸਿੰਘ ਮਾਂਟਰੀਅਲ ਅਤੇ ਸਿ਼ਕਾਗੋ ਤੋਂ ਮੱਖਣ ਸਿੰਘ ਅਤੇ ਹੋਰ ਬਹੁਤ ਪਾਰਟੀ ਮੈਂਬਰ ਮੌਜੂਦ ਸਨ। ਸਟੇਜ ਦੀ ਸੇਵਾ ਗੁਰਚਰਨ ਸਿੰਘ ਸਿਆਟਲ ਨੇ ਬਾਖੂਬੀ ਨਾਲ ਨਿਭਾਈ।
ਸਤਵਿੰਦਰ ਸਿੰਘ ਭੋਲਾ ਨੂੰ ਸੇਜ਼ਲ ਅੱਖਾਂ ਨਾਲ ਸੈਂਕੜੇ ਸੰਗਤਾਂ ਨੇ ਵਿਦਾਇਗੀ ਦਿੱਤੀ
This entry was posted in ਅੰਤਰਰਾਸ਼ਟਰੀ.