ਬਿੱਲੀਆਂ

ਸਿੱਖਿਆ ਸਕੱਤਰ ਜੀ ਦੀ ਦੂਜੀ ਬੱਚੀ ਦਾ ਜਨਮ ਦਿਨ ਹੋਣ ਕਰਕੇ ,ਮੰਤਰੀ ਜੀ ਵੱਲੋਂ ਮਿਲੀਆਂ ਹਦਾਇਤਾਂ ਅਧਿਕਾਰੀਆਂ ਤੱਕ ਪਹੁੰਚਣ ਵਿਚ ਜ਼ਰਾ ਦੇਰੀ ਹੋ ਗਈ ਹੈ । ਉਡੀਕ ਕਮਰੇ ਦੇ ਸੋਫੇ ਤੇ ਵੱਖੀਆਂ ਮਾਰਦਿਆਂ ਡਾਇਰੈਕਟਰ ਸਾਬ੍ਹ ਨੇ ਕਿੰਨੀ ਬੈਚੈਨੀ ਕੱਟੀ ਹੈ । ਹੁਣੇ ਹੁਣੇ ਉਹਨਾਂ ਉਪਰੋਂ ਮਿਲੇ ਆਦੇਸ਼ਾਂ ਨਾਲ ਲੈਸ ਹੋ ਕੇ , ਜ਼ਿਲਾ ਅਧਿਕਾਰੀਆਂ ਨੂੰ ਸੰਬੋਧਤ ਹੋਣਾ ਸੀ । ਪ੍ਰਾਂਤ ਦੇ ਸਾਰੇ ਕੋਨਿਆਂ ਤੋਂ ਤੜਕਸਾਰ ਦੇ ਸਫਰ ਤੇ ਚੜ੍ਹ ਜ਼ਿਲਾ ਅਧਿਕਾਰੀ ਅਪਣੇ ਡਾਇਰੈਕਟਰ ਦੀਆਂ ਪੌੜੀਆਂ ਚੜ੍ਹਦੇ-ਉਤਰਦੇ ਕਈ ਕਈ ਵਾਰ ਚਾਹ –ਛਾਹ ਪੀ ਚੁੱਕੇ ਸਨ । ਉਹਨਾਂ ਨਾਲ ਆਇਆ ਛੋਟਾ-ਮੋਟਾ ਅਮਲਾ ਨਿੱਕੀਆਂ-ਮੋਟੀਆਂ ਕਮੀਆਂ-ਪੇਸ਼ੀਆਂ ਦੂਰ ਕਰਨ ਲਈ ਸੰਬੰਧਤ ਬਰਾਂਚਾਂ ਵਿਚਲੇ ਅਪਣੇ ‘ਸੈਲਾਂ’ ਵਿਚਕਾਰ ਸਮਾ ਗਿਆ ਹੈ ,ਪਰ ਉਹ ਵਿਚਾਰੇ ਮੀਟਿੰਗ-ਹਾਲ ਅੰਦਰ ਲਟਕਦੀਆਂ ,ਰਾਜਸੀ ਨੇਤਾਵਾਂ ਦੀਆਂ ਅਦਮਕੱਦ ਤਸਵੀਰਾਂ ਨੁੰ ਪ੍ਰਣਾਮ ਕਰਨ ਦੀ ਮੁਦਰਾ ਬਣਾਈ , ਕਿੰਨੇ ਹੀ ਚਿਰਾਂ ਤੋਂ ਸਿਰ ਸੁੱਟੀ ਬੈਠੇ ਹਨ ।

ਆਖਿਰ ਲੰਚ-ਟਾਇਮ ਤੋਂ ਪਿਛੋਂ ਡਾਇਰੈਕਟਰ ਸਾਬ੍ਹ ਦੇ ਕਮਰੇ ਦੀ ਬੈੱਲ ਵੱਜੀ ਹੈ । ਸੱਭ ਦੇ ਸੱਭ ਜ਼ਿਲਾ ਅਧਿਕਾਰੀ ਜਿਵੇਂ ਇਕੋ ਝਟਕੇ ਨਾਲ ਹਿੱਲ ਪਏ ਹੋਣ । ਤਿੰਨ-ਚਾਰ ਅਧਿਕਾਰੀ ਬੀਬੀਆਂ ਨੇ , ਪਹਿਲਾਂ ਤਾਂ ਪਰਦੇ ਪਿਛਲੇ ਸ਼ੀਸ਼ੇ ਸਾਹਮਣੇ ਤਣ ਕੇ ਖਲੋਂਦਿਆਂ , ਆਪਣੇ ਆਪਣੇ ਵਾਲ ਸੁਆਰੇ ਹਨ ,ਫਿਰ ਅਗਿਉਂ-ਪਿਛਿਉਂ ਸਾੜ੍ਹੀਆਂ ਸੂਤ ਕੀਤੀਆਂ ਹਨ , ਵਾਰੀ ਸਿਰ ਪੁਰਸ਼ ਅਧਿਕਾਰੀਆਂ ਨੇ ਵੀ ਸਰਦੀ-ਪੁੱਜਦੀ ਟਿੱਪ-ਟਾਪ ਕੀਤੀ ਹੈ ।

ਇਕਾ-ਇਕ ਡਾਇਰੈਕਟਰ ਸਾਬ੍ਹ ਦਾ ਪੀ.ਏ.ਆਪਣੀ ਸੀਟ ਤੇ ਆ ਬੈਠਾ ਹੈ। ਜ਼ਿਲ੍ਹਾ ਅਧਿਕਾਰੀਆਂ ਨੂੰ ਜਿਵੇਂ ਸੁੱਖ ਦਾ ਸਾਹ ਆਇਆ ਹੋਵੇ । ਸੱਭ ਦੇ ਸੱਭ ਸਾਵਧਾਨ ਹੋ ਕੇ ਬੈਠ ਗਏ । ਪਲ ਕੁ ਪਿਛੋਂ ਸਹਿਜ ਨਾਲ ਪਿਛਲਾ ਦਰਵਾਜ਼ਾ ਖੁਲ੍ਹਿਆ ਹੈ । ਪੂਰੀ ਮਟਕ ਨਾਲ ਡਾਇਰੈਕਟਰ ਸਾਬ੍ਹ ਪ੍ਰਧਾਨਗੀ ਸੀਟ ਵੱਲ ਆਉਂਦੇ ਹਨ । ਜਿਲ੍ਹਾ ਅਧਿਕਾਰੀ ਸਤਿਕਾਰ ਹਿੱਤ ਖੜੋ ਗਏ ਹਨ ।ਪਹਿਲਾਂ ਡਾਇਰੈਕਟਰ ਸਾਬ੍ਹ ਪਧਾਰੇ ਹਨ , ਫਿਰ ਜ਼ਿਲ੍ਹਾ ਅਧਿਕਾਰੀ । ਡਾਇਰੈਕਟਰ ਸਾਬ੍ਹ ਦੀਆਂ ਅੱਖਾਂ ਅੰਦਰ ਦੁਪਹਿਰ ਦੇ ਖਾਣੇ ਵੇਲੇ ਭਰੀ ਗਹਿਰ , ਜ਼ਿਲ੍ਹਾ ਅਧਿਕਾਰੀਆਂ ਨੂੰ ਵਾਰੀ ਵਾਰੀ ਤਾੜਦੀ ਹੈ । ਪੀ.ਏ. ਆਦੇਸ਼ਾਂ ਵਰਗੀਆਂ ਹਦਾਇਤਾਂ ਕਰਮਵਾਰ ਪੜ੍ਹਦਾ ਹੈ । ਸਾਬ੍ਹ ਉੱਚੀ ਸੁਰ ਨਾਲ ਵਿਆਖਿਆ ਕਰਦੇ ਹਨ ।

-ਐਹ ਮੱਦ ਇਕ ਵਾਰ ਫਿਰ ਕਲੀਅਰ ਕਰਨਾ । ‘ ਅੱਖੜ-ਝੱਖੜ ਕਿਸਮ ਦੇ ਇਕ ਜ਼ਿਲ੍ਹਾ ਅਧਿਕਾਰੀ ਨੇ ਚਲਦੀ ਗੱਲ-ਬਾਤ ਜ਼ਰਾ ਕੁ ਟੋਕੀ ਹੈ ।

- ਮੇਰੇ ਪਾਸ ਏਨਾਂ ਵਕਤ ਨਈਂ , ਪੀ.ਏ. ਤੋਂ ਪੁੱਛ ਲੈਣਾ । ‘ ਡਾਇਰੈਕਟਰ ਸਾਬ੍ਹ ਖਿਝ ਕੇ ਪਏ ਹਨ ।

-ਨਵੀਂ ਸਕੀਮ ਲਈ ਹਰ ਸਟੇਜ ਤੇ ਸਲੇਬਸ ਕਿਮੇਂ ਅਵਲੇਬਲ ਹੋ ਸਕਦਾ ਹੈ , ਸਰ ? ਅੰਦਰੋਂ ਬਾਹਰੋਂ ਨਿਰਮਾਣ ਦਿਸਦੇ ਇਕ ਹੋਰ ਅਧਿਕਾਰੀ ਨੇ ਕਿੰਤੂ ਪਰਗਟ ਕੀਤਾ ਹੈ ।

-ਇਟਸ ਨਾਲ ਮਾਈ ਹੈਡਏਕ, ਮਿਸਟਰ …ਡੋਂਟ ਡਿਸਟਰਬ ਮੀ  । ‘ ਡਾਇਰੈਕਟਰ ਸਾਬ੍ਹ ਨੂੰ ਜਿਵੇਂ ਗੁੱਸੇ ਦਾ ਹੁੱਥੂ ਆ ਗਿਆ ਹੋਵੇ ।
ਪੰਜਾਂ –ਛੇਆਂ ਘੰਟਿਆਂ ਦੀ ਦੇਰੀ ਦਾ ਘਾਪਾ, ਡਾਇਰੈਕਟਰ ਸਾਬ੍ਹ ਜਿਵੇਂ ਪੰਜਾਂ-ਛੇਆਂ ਮਿੰਟਾਂ ਨਾਲ ਪੂਰਾ ਕਰਨ ਦੀ ਕਾਹਲ ਵਿੱਚ ਹੋਣ । ਸਿੱਖਿਆ ਅਧਿਕਾਰੀਆਂ ਦੇ ਬਾਲ-ਪੈਨਾਂ ਸਮੇਤ ਦੌੜਦੇ ਹੱਥ, ਡਾਇਰੈਕਟਰ ਸਾਬ੍ਹ ਦੀ ਉਚਾਰੀ ਬਾਣੀ ਨੂੰ ਕਲਮ-ਬੰਦ ਕਰਨ ਦਾ ਪੂਰਾ ਯਤਨ ਕਰਦੇ ਹਨ , ਪਰ ਕਿਸੇ ਨਾ ਕਿਸੇ ਲੱਗ-ਮਾਤਰ ਦੀ ਰਹਿ ਗਈ ਉਕਾਈ ਉਹਨਾਂ ਦੀ ਸਾਰੀ ਕੀਤੀ-ਕਰਾਈ ਦੇ ਸਿਰ ਵਿਚ ਠੂੰਗਾ ਮਾਰਦੀ ਜਾਪੀ ਹੈ । ਨਿੱਕੀ –ਮੋਟੀ ਕਮੀ-ਪੇਸ਼ੀ ਦੂਰ ਕਰਨ ਲਈ ਜੇ ਕਿਸੇ ਅਧਿਕਾਰੀ ਨੇ ਸਾਬ੍ਹ ਨੂੰ ਰੋਕਣ-ਟੋਕਣ ਦਾ ਯਤਨ ਵੀ ਕੀਤਾ ਹੈ ਤਾਂ ਤਲਖ ਉੱਤਰ ਦੀ ਪ੍ਰਾਪਤੀ ਤੋਂ ਸਿਵਾ ਉਸਦੇ ਹੱਥ-ਪੱਲੇ ਕੁਝ ਨਹੀਂ ਪਿਆ ।
ਥੋੜੇ ਕੁ ਪਲਾਂ ਪਿਛੋਂ ਮੁੱਖ ਚੇਅਰ ਤੋਂ ਆਉਂਦੀ ਆਵਾਜ਼ ਮੱਠੀ ਹੁੰਦੀ ਹੁੰਦੀ ਆਖਿਰ ਇਕੋ ਵਾਰਗੀ ਚੁੱਪ ਹੋ ਗਈ ਹੈ । ਸਿਰ ਸੁੱਟੀ ਨੋਟਿੰਗ ਲੈਂਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਜਿਵੇਂ ਅਚੰਬੇ ਦੀ ਝੁਣਝੁਣੀ ਆ ਗਈ ਹੋਵੇ । ਸਾਰੇ ਦੇ ਸਾਰੇ ਵੱਡੀ ਕੁਰਸੀ ਵਲ ਝਾਕਣ ਲਗਦੇ ਹਨ । …..ਹੈਂ ! ਇਹ ਕੀ ? ਸੱਭ ਦੇ ਤਣੇ ਭਰਵਟਿਆਂ ਤੇ ਇਕੋ-ਇਕ ਪ੍ਰਸ਼ਨ-ਚਿੰਨ ਲਟਕ ਜਾਂਦਾ ਹੈ । ਹੁਣੇ ਹੁਣੇ ਖਿਝੇ-ਖਪੇ ਸਾਹਬ ਦੇ ਚਿਹਰੇ ਤੇ ਖੇੜਾ ਪੱਸਰ ਗਿਆ ਹੈ । ਬੱਬਰੂ ਬਣਿਆ ਮੂੰਹ-ਮੱਥਾ ਮੁਸਕਰਾ ਪਿਆ ਹੈ । ਜ਼ਿਲਾ ਅਧਿਕਾਰੀਆਂ ਨੂੰ ਨਵਾਂ-ਸਾਬ੍ਹ ਆਪਣਾ ਬੰਦਾ ਲੱਗਾ ਹੈ । ਘੰਟਿਆਂ ਬੱਧੀ ਉਡੀਕ ਅਤੇ ਕੌੜੇ ਬੋਲਾਂ ਦੀ ਤਲਖੀ ਕਿੱਧਰੇ ਪਰ ਲਾ ਕੇ ਉੱਡ ਗਈ ਹੈ ।
-ਵਨ ਥਿੰਞ ਮੋਅ …ਰ , ਪਾਰਟਨਰਜ਼… ਇਨ ਦੀ ਨੀਅਰ ਫੀਊਚਰ  । ਸਕੱਤਰ ਸਾਬ੍ਹ ਹੋਰਨਾਂ ਅਧਿਕਾਰੀਆਂ ਸਮੇਤ ਜ਼ਿਲਾਂ ਦਫਤਰਾਂ, ਸਕੂਲਾਂ –ਕਾਲਜਾਂ ਤੇ ਹੋਰ ਸਰਕਾਰੀ ,ਅਰਧ –ਸਰਕਾਰੀ ਸੰਸਥਾਵਾਂ ਵਿੱਚ ਪੰਜਾਬੀ ਦੀ ਪੂਰਨ ਵਰਤੋਂ ਨੂੰ ਯਕੀਨੀ ਬਨਾਉਣ ਲਈ ਟੂਰ ਲਾਉਣਗੇ । ਤੁਸੀਂ ਜ਼ਰਾ ਉਹਨਾਂ ਦੀ ਰੀਸੈਪਸ਼ਨ ਲਈ ਪ੍ਰਬੰਧ-ਸਰਬੰਧ ਕਰ ਲੈਣਾ । ….ਯੂ ਨੋਅ , ਇਟਸ ਆਲ ਰੈਸੀਪਰੋਕਲ , ਯੂ ਆਰ ਟੂ ਪਲੀਜ਼ ਹਿਮ, ਇਫ਼ ਯੂ ਵਾਂਟ ਸਮਥਿੰਗ ….. ‘ ਆਖਦੇ ਡਾਇਰੈਕਟਰ ਸਾਬ੍ਹ ਢਿਲਕੀ ਪਤਲੂਣ ਉਤਾਂਹ ਖਿਚਦੇ ਮੀਟਿੰਗ ਹਾਲ ਤੋਂ ਬਾਹਰ ਨਿਕਲ ਗਏ ਹਨ ।

ਜ਼ਿਲਾ ਅਧਿਕਾਰੀਆਂ ਦੇ ਚਿਹਰਿਆਂ ਤੇ ਲਟਕਿਆ ਪ੍ਰਸ਼ਨ-ਚਿੰਨ੍ਹ ਇਕ ਵਾਰ ਤਾਂ ਸਿੱਧਾ ਉਹਨਾਂ ਸਭਨਾਂ ਦੇ ਮੱਥਿਆਂ ਵਿੱਚ ਵਜਦਾ ਹੈ , ਪਰ ਬਹੁਗਿਣਤੀ ਪਲ-ਛਿੰਨ ਅੰਦਰ ਹੀ ਸੰਭਲ ਜਾਂਦੀ ਹੈ । ਨੋਟਿੰਗ ਲਏ ਕਾਗਜ਼ਾਂ ਦਾ ਗੁੱਛਾ-ਮੁੱਛਾ ਉਹਨਾਂ ਬਰੀਫ਼-ਕੇਸਾਂ ਹੈਂਡ –ਬੈਗਾਂ ਅੰਦਰ ਤੁੰਨ ਲਿਆ ਹੈ । ਡਾਇਰੈਕਟੋਰੈਟ ਦੀਆਂ ਪੌੜੀਆਂ ਹੌਲੀ-ਹੌਲੀ ਉਤਰਦੇ , ਉਹ ਉਚ –ਅਧਿਕਾਰੀਆਂ ਨੂੰ ਰੀਸੀਵ ਕਰਨ ਦੀਆਂ ਯੋਜਨਾਵਾਂ ਦੀ ਡਾਰਾਫਟਿੰਗ ਕਰਦੇ , ਹੇਠਾਂ ਖੜੀਆਂ ਸਰਕਾਰੀ ਗੱਡੀਆਂ ਅੰਦਰ ਜਾ ਬਿਰਾਜਦੇ ਹਨ ।

ਬੀਤੇ ਐਤਵਾਰ ਦੀਆਂ ਕਈ ਸਾਰੀਆਂ ਐਨਗੈਜਮੈਂਟਸ ਭੁਗਤਾਉਂਦਿਆਂ ਜ਼ਿਲਾ ਅਧਿਕਾਰੀ ਜੀ ਨੂੰ ਹੱਦ ਦਰਜੇ ਦੀ ਥਕਾਵਟ ਹੋਈ ਪਈ ਹੈ । ਬਸੰਤੀ ਰੰਗੀ ਠੰਡ ਦੀ ਬੁੱਕਲ ਛੱਡ ਕੇ , ਕਾਨਾ ਭਰ ਦਿਨ ਚੜੇ ਉਹ ਕੋਠੀ ਨਾਲ ਜੁੜਵੀਂ ਸੰਖੇਪ ਜਿਹੀ ਲਾਅਨ ਅੰਦਰ ਆ ਬੈਠੇ ਹਨ ।ਘਰੇਲੂ ਨੌਕਰ ਨੂੰ ਹੁਕਮ ਦੇ ਕੇ , ਉਹਨਾਂ ਰਿਹਾਇਸ਼ੀ ਫੋਨ , ਚੇਅਰ-ਕਮ-ਬੈੱਡ ਦੇ ਐਨ ਲਾਗੇ ਰਖਵਾ ਲਿਆ ਹੈ । ਬੈੱਡ-ਟੀ ਤੋਂ ਪਿਛੋਂ ਸਟਰਾਂਗ ਕਾਫੀ ਲਈ ਹੈ , ਪਰ ਇਹ ਵੀ ਉਹਨਾਂ ਨੂੰ ਅਜੇ ਤੱਕ ਹਾਜਤ-ਪਾਣੀ ਲਈ ਉਠਾਲ ਨਹੀਂ ਸਕੀ। ਟਾਇਲੈਟ ਕਲੀਅਰ  ਹੋਣ ਪਿਛੋਂ , ਉਹਨਾਂ ਗੁਸਲ ਕਰਨ  ਹੈ , ਕਿਉਂ ਜੋ  ਭਾਰਤ ਵਰਗੇ ਗਰਮ ਦੇਸ਼ ਅੰਦਰ ਇਸ਼ਨਾਨ ਕੀਤੇ ਬਿਨਾਂ ਸਕਦਾ ਈ ਨਈ ! ਪੰਜ-ਇਸ਼ਨਾਨੇ ਦੀ ਸੁੱਚਤਾ ਨਾਲ ਪਾਠ-ਭਗਤੀ ਕਰਨ ਦਾ ਵੀ ਕੋਈ ਹੱਜ ਏ ! ਸੁਰਤੀ ਈ ਨਈਂ ਜੁੜਦੀ । ਫਿਰ ਪ੍ਰਭੂ-ਭਗਤੀ ਤਾਂ ਹੁੰਦੀ ਈ ਸਿੱਧੀ ਸੁਰਤੀ ਨਾਲ ਸੰਬੰਧਤ ਏ । ਇਸ ਲਈ ਸਰਕਾਰੀ  ਨੌਕਰੀ ਦੇ ਮੁੱਢਲੇ ਦਿਨਾਂ ਤੋਂ ਈ ਉਹਨਾਂ ਤੜਕਸਾਰ ਉੱਠ ਕੇ , ਇਸ਼ਨਾਨ ਕਰਦੇ ਪ੍ਰਭੂ ਚਰਨਾਂ ਸੰਗ ਘੰਟਾ-ਅੱਧ ਘੰਟਾ ਬਿਰਤੀ ਜੋੜੀ ਰੱਖਣ ਦਾ ਅਕੀਦਾ ਹਰ ਹੀਲੇ ਕਾਇਮ ਰੱਖਣ ਦਾ ਯਤਨ ਜਾਰੀ ਰੱਖਿਆ ਹੈ । ਪਰੰਤੂ , ਜਿਲ੍ਹਾ –ਇੰਨਚਾਰਜੀ ਦੀ ਸੀਟ ਤੱਕ ਪਹੁੰਚਦਿਆਂ , ਉਹਨਾਂ ਦੇ ਕਈ ਸਾਰੇ ਨਿਯਮਾਂ ਦਾ ਨਿਰੋਲ ਸ਼ਹਿਰੀ ਕਰਨ ਹੋ ਗਿਆ ਹੈ । ਸਿਰਤੋੜ ਯਤਨ ਕਰਨ ਤੇ ਵੀ ਉਹਨਾਂ ਤੋਂ ਕਈ ਕਈ ਦਿਨ ਲਗਾਤਾਰ ਸੰਧਿਆਂ ਦੀ ਪੂਜਾ ਕਰਨ ਸਮੇਂ ਤੱਕ ਕੋਠੀ ਈ ਨਹੀਂ ਪਹੁੰਚਿਆ ਜਾਂਦਾ । ਵਿਸ਼ੇਸ਼ ਕਰਕੇ ਸ਼ਨੀਵਾਰ ਤੇ ਐਤਵਾਰ ਨੂੰ ਤਾਂ ਉਹਨਾਂ ਨੂੰ ਅੱਧੀ-ਅੱਧੀ ਰਾਤ ਤੱਕ ਲਾਇਨਜ਼, ਰੋਟਰੀ ਜਾਂ ਜੈਮ੍ਹ-ਖਾਨਾ ਕਲੱਬ ਵਿਚੋਂ ਕਿਸੇ ਨਾ ਕਿਸੇ ਅੰਦਰ ਚਲਦੀਆਂ ਕਾਕਟੇਲਾਂ, ਰੱਮੀਆਂ , ਫਲੈਸ਼ਾਂ ਜਾਂ ਰੰਗ-ਬਰੰਗੀਆਂ ਸਭਿਆਚਾਰਕ ਰੰਗ-ਰਲ੍ਹੀਆਂ ਵਿੱਚ ਲਿਵਲੀਨ ਰਹਿਣਾ ਪੈਂਦਾ ਹੈ , ਫਿਰ ਅਗਲੇ ਦਿਨ ਪ੍ਰਭਾਤ ਦੀ ਪਾਠ-ਪੂਜਾ ਦਾ ਸ਼ੁਭ ਅਵਸਰ ਵੀ ਸਰੀਰਕ ਟੁੱਟ-ਭੱਜ ਕਰਨ ਹੱਥੋਂ ਨਿਕਲ ਜਾਂਦਾ ਹੈ ।

ਸੋ, ਜਿਲ੍ਹਾ ਅਧਿਕਾਰੀ ਬਣਨ ਪਿਛੋਂ ਉਹਨਾਂ ਨੂੰ ਪਲ-ਪਲ ਘਟਦੇ ਆਪਣੇ ਹਜ਼ਾਰਾਂ ਸੁਆਸਾਂ ਦਾ ਦਸਵੰਧ ਪ੍ਰਭੂ ਲੇਖੇ ਨਾ ਲਾ ਸਕਣ ਦਾ ਬੇ-ਹੱਦ ਅਫ਼ਸੋਸ ਹੋਣ ਲੱਗਾ ਹੈ । ਆਖਿਰ ਇੱਕ ਦਿਨ ਉਹਨਾਂ , ਡਰਾਇੰਗ ਰੂਮ ਦੀ ਪਿੱਠ ਵਲ੍ਹ ਖੁਲ੍ਹਦੇ ਸਮਾਧੀ-ਕਮਰੇ ਦੇ ਨਿੱਕੇ ਜਿਹੇ ਥੜੇ ਤੇ ਟਿਕਾਈ ਸ਼ਿਵਾਂ ਦੀ ਹਾਫ਼-ਸਾਇਜ਼ ਮੂਰਤੀ ਅੱਗੇ ਡੱਡਿਆਂ ਕੇ ਬੇਨਤੀ ਹੀ ਕਰ ਛੱਡੀ –ਹੇ ਤੀਨ ਤ੍ਰਿਲੋਕੀ ਕੇ ਮਾਲਕ , ਸ਼ਿਵ ਭੋਲੇ ਭੰਡਾਰੀ ਜੀਓ ਯਦੀ ਤੂੰ ਨੇ ਮੁੱਝ ਜਹੇ ਕੀਟਨ-ਕੀਟ, ਖਾਕੁਨ –ਖਾਕ ਸ਼ਿਸ਼ ਪਰ ਦਯਾ ਕਰਕੇ , ਇਸ ਨਾਚੀਜ਼ ਕੋ ਜਿਲ੍ਹਾ-ਮੁੱਖੀ ਹੋਨੇ ਕਾ ਅਵਸਰ ਪ੍ਰਦਾਨ ਕੀਆ ਹੈ , ਤੋ ਮੇਰੀ ਆਪ ਸੇ ਕੋਟਨ-ਕੋਟ ਬਿਨੈ ਹੈ ਕਿ ਇਸ ਗੁਨਾਹਗਾਰ ਪਰ ਕ੍ਰਿਪਾ ਕੇ ਹਾਥ ਕੀ ਥੋੜੀ ਸੀ ਔਰ ਛਾਇਆ ਕਰਕੇ , ਇਸੇ ਸੰਧਿਆਓਂ ਕੀ ਪੂਜਾ ਸੇ ਦੋ ਦਿਨ ….ਹੇ ਪ੍ਰਭੂ ਸਿਰਫ਼ ਦੋ ਹੀ ਦਿਨ ਕੀ ਛੋਟ ਪ੍ਰਦਾਨ ਕਰ ਕੀ ਜਾਏ …. “

ਤੇ ਬੱਸ ਉਹਨਾਂ ਦੋ ਦਿਨਾਂ ਦੀ ਛੋਟ ਵਿਚਲਾ ਇਕ ਦਿਨ ਹੀ ਹੁਣ ਜ਼ਿਲਾ-ਮੁੱਖੀ ਜੀ ਨੂੰ ਅੱਧ ਦੁਪਹਿਰ ਤੱਕ ਕੋਠੀ ਦੀ ਲਾਅਨ ਅੰਦਰ ਘੇਰੀ ਬੈਠਾ ਹੈ । ਉਹਨਾਂ ਇਕ ਵਾਰ ਫਿਰ ਸਟਰਾਂਗ ਕਾਫੀ ਲਈ ਹੈ । ਫਿਰ ਗੁਸਲ ਕੀਤਾ ਹੈ ,ਫਿਰ ਨਾਸ਼ਤਾ ।।।ਨਹੀਂ ਨਾਸ਼ਤਾ ਕਰਨ ਤੋਂ ਪਹਿਲਾਂ ਹਲਕੀ ਜਿਹੀ ਡੋਜ਼ ਲੈਣੀ ਪਈ ਹੈ , ਕਿਉਂਕਿ ਜ਼ਿਲਾ ਮੀਟਿੰਗ ਲੈਣੀ ਹੈ ਨਾ ! ਫਿਰ ਸਾਰਾ ਮਹੀਨਾ ਤਾਂ ਸੁੱਖ –ਚੈਨ ਦਾ ਹੀ ਲੰਘਣਾ ਹੈ ।

…ਜ਼ਿਲੇ ਭਰ ਦੇ ਮੁੱਖ ਅਧਿਆਪਕ-ਪ੍ਰਿੰਸੀਪਲ ਗਿਆਰਾਂ ਵੱਜਣ ਤੋਂ ਪਹਿਲਾਂ ਦੇ ਹੀ ਜ਼ਿਲਾ ਦਫ਼ਤਰ ਪਹੁੰਚ ਚੁੱਕੇ ਹਨ,ਪਰ ਜ਼ਿਲ੍ਹਾ ਮੁਖੀ ਜੀ ਦਾ ਦਫ਼ਤਰ ਭੂਤ-ਬੰਗਲੇ ਵਾਂਗ ਖਾਲੀ ਪਿਆ ਹੈ । ਹਾਂ , ਕਿਧਰੇ ਕਿਧਰੇ ਫੋਨ ਦੀ ਘੰਟੀ ਵੱਜਦੀ ਹੈ ਜਿਵੇਂ ਡਾਰ ਤੋਂ ਵਿਛੜੀ ਕੂੰਜ ਕਲਪਦੀ ਹੋਵੇ । ਨਾਲ ਜੁੜਵੇਂ ਕਮਰਿਓਂ ਵਾਰ ਵਾਰ ਉੱਠ ਕੇ ਆਉਂਦਾ ਸਟੈਨੋ ਇਕੋ-ਇਕ ਰਟਿਆ –ਰਟਾਇਆ ਉੱਤਰ ਦਿੰਦਾ ਹੈ –ਸਾਬ੍ਹ ਟੂਰ ਤੇ ਹਨ । ਇਹ ਸ਼ਾਇਦ ਫੋਨ ਤੇ ਪੁੱਛੇ ਪਹਿਲੇ ਪ੍ਰਸ਼ਨ ਦਾ ਉੱਤਰ ਹੁੰਦਾ ਹੈ । …..ਜੀਈ ਪਤਾ ਨਈਂ । ਇਹ ਸ਼ਾਇਦ ਪ੍ਰਸ਼ਨ-ਕਰਤਾ ਦੇ ਅਗਲੇ ਪ੍ਰਸ਼ਨ ਕਦੋਂ ਮੁੜਨਗੇ ? ਦਾ ਉੱਤਰ ਹੈ । ਪਰ ਇਸ ਵਾਰ ਤਾਂ ਸਟੈਨੋ ਨੂੰ ਫੋਨ-ਕਰਤਾ ਦੀ ਕਾਫੀ ਤਲ਼ਖ ਝਿੜਕ ਸਹਿਣੀ ਪਈ ਹੈ । ਇਹ ਫੋਨ ਡੀ.ਸੀ. ਸਾਹਬ ਦੇ ਪੀ.ਏ. ਦਾ ਹੈ ਜਾਂ ਇਲਾਕਾ ਵਿਧਾਇਕ ਦੇ ਪੁੱਤਰ ਦਾ ! ਹਾਰੇ-ਝੰਭੇ ਸਟੇਨੋ ਨੂੰ ਜ਼ਿਲਾ –ਦਫ਼ਤਰ ਦੇ ਜ਼ਿਲਾ-ਮੁੱਖੀ ਨਾਲ ਸੰਪਰਕ ਜੋੜਨਾ ਪੈਂਦਾ ਹੈ ।

ਘਰ ਦੇ ਲਾਅਨ ਅੰਦਰ ਗੱਡੀ ਸਤਰੰਗੀ ਛੱਤਰੀ ਹੇਠ ਬਾਰਾਂ ਕੁ ਵਜੇ ਬਰੇਕ-ਫਾਸਟ ਲੈਂਦੇ ਜ਼ਿਲਾ ਅਧਿਕਾਰੀ ਜੀ ਦੇ ਫੋਨ ਦੀ ਘੰਟੀ ਖੜਦੀ ਹੈ । ਹੱਥਲੀ ਬੁਰਕੀ ਥਾਏਂ ਸੁੱਟ ਕੇ ਉਹਨਾਂ, ਫਟਾ-ਫਟ ਜੀਪ ਭੇਜਣ ਦਾ ਹੁਕਮ ਦਿੱਤਾ ਹੈ । ਮਿੰਟਾਂ-ਸਕਿੰਟਾਂ ਅੰਦਰ ਜੀਪ ਕੋਠੀ ਪਹੁੰਚ ਗਈ ਹੈ । ਮਿੰਟਾਂ-ਸਕਿੰਟਾਂ ਅੰਦਰ ਜ਼ਿਲਾ ਅਧਿਕਾਰੀ ਜ਼ਿਲਾ ਦਫ਼ਤਰ ਪਹੁੰਚ ਗਏ ਹਨ । ਸਿੱਧੇ ਆਪਣੇ ਆਫਿਸ ਗਏ ਹਨ । ਕਾਲ-ਬੈੱਲ ਹੋਈ ਹੈ । ਸਟੈਨੋ ਹਾਜ਼ਰ ਹੁੰਦਾ ਹੈ । ਡੀ।ਸੀ। ਸਾਹਬ ਦੇ ਦਫ਼ਤਰ ਨਾਲ ਰਾਬਤਾ ਜੋੜਦਾ ਹੈ । ਹੁਣੇ ਬੁਲਾਇਆ ਗਿਆ ਹੈ । ਇਲਾਕਾ ਵਿਧਾਇਕ ਵੀ ਓਥੇ ਹੀ ਹਨ । ਮਿੰਟਾਂ-ਸਕਿੰਟਾਂ ਅੰਦਰ ਸਿੱਖਿਆ ਅਧਿਕਾਰੀ ਜੀ ਫਿਰ ਜ਼ਿਲਾ ਸਿੱਖਿਆ ਦਫ਼ਤਰੋਂ ਗੈਰ-ਹਾਜ਼ਿਰ ਹਨ ।

…ਲੰਚ-ਬਰੇਕ ਮੁੱਕੀ ਨੂੰ ਭਾਵੇਂ ਕਾਫੀ ਸਮਾਂ ਬੀਤ ਚੁੱਕਾ ਹੈ, ਪਰ ਜ਼ਿਲਾ ਦਫਤਰ ਦਾ ਸਾਰਾ ਖੇਤਰਫ਼ਲ ਹਾਲੀਂ ਵੀ ਉਦਾਸ-ਉਦਾਸ ਦਿਸਦਾ ਹੈ । ਫਾਇਲਾਂ ਨਾਲ ਭਰੇ ਮੇਜ਼, ਖਾਲੀ ਕੁਰਸੀਆਂ ਵਲ ਘੂਰੀਆਂ ਵੱਟ ਰਹੇ ਹਨ , ਪਰੰਤੂ ਮਧਦੇ ਹੀਟਰ ਤੇ ਜਗਦੀਆਂ ਟੀਊਬਾਂ ਉਹਨਾਂ ਨੂੰ ਉਵੇਂ ਹੀ ਹੌਸਲਾ ਰੱਖਣ ਲਈ ਆਖ ਰਹੀਆਂ ਹਨ ਜਿਵੇਂ ‘ਨ੍ਹੇਰ-ਘੁੱਪ ਬਣਿਆ ਜ਼ਿਲਾ-ਮੁੱਖੀ ਜੀ ਦਾ ਕਮਰਾ ਸਕੂਲ ਮੁਖੀਆਂ ਨੂੰ ਤਸੱਲੀ ਰੱਖਣ ਲਈ ਆਖ ਰਿਹਾ ਹੈ । ਅੰਦਰ ਬਾਹਰ ਘੁੰਮਦੇ ਸਕੂਲ ਮੁਖੀਆਂ ਨੂੰ ਲੱਤਾਂ ਪੈਰ ਜਿਵੇਂ ਹੰਭ ਗਏ ਹੋਣ । ਕਈ ਇੱਟਾਂ-ਰੋੜ੍ਹਿਆਂ ਦੇ ਠੁਮਣਿਆਂ ਉੱਪਰ ਬੈਠ ਗਏ ਹਨ । ਕਈ ਨਾਲ ਲਗਦੇ ਖੋਖਿਆਂ ਤੇ ਕਈ ਵਾਰ ਚਾਹ ਦੀਆਂ ਚੁਸਕੀਆਂ ਮਾਰ ਚੁੱਕੇ ਹਨ। ਸੰਘਣੀ ਜਾਣ-ਪਛਾਣ ਵਾਲਿਆਂ , ਸੰਬੰਧਤ ਬਰਾਂਚਾਂ ਦੀਆਂ ਖਾਲੀ ਕੁਰਸੀਆਂ ਤੇ ਪੱਸਰ ਕੇ ਟਾਇਮ ਕਿੱਲ ਕੀਤਾ ਹੈ ।  ਦਸਾਂ-ਵੀਹਾਂ ਦੇ ਨੋਟਾਂ ਦਾ ਆਦਾਨ –ਪ੍ਰਦਾਨ ਕਰਕੇ ਨਿੱਕੇ-ਮੋਟੇ ਪੱਤਰਾਂ ਦੀ ਕਲੀਰੈਨਸ ਲਈ ਹੈ । ਪਰ , ਬਹੁ –ਗਿਣਤੀ ਐਧਰ ਉਧਰ ਘੁੰਮਦੀ ਗੁਆਚੀਆਂ ਗਊਆ ਵਾਂਗ ਫਿਰਦੀ ਜ਼ਿਲਾ ਦਫ਼ਤਰੋਂ ਬਾਹਰਲੇ ਲਾਅਨ ਦੀ ਭੀੜ ਹੀ ਬਣੀ ਦਿਸਦੀ ਹੈ ।

ਆਖਿਰ ਉਹਨਾਂ ਦੀ ਉਡੀਕ ਰੰਗ ਲਿਆਈ ਹੈ । ਸਹਿਜੇ-ਸਹਿਜੇ ਰੁਮਕਦੀ ਜੀਪ ਬਾਹਰਲਾ ਵੱਡਾ ਗੇਟ ਅੰਦਰ ਲੰਘ ਆਉਦੀ ਹੈ । ਸਹਿਜੇ-ਸਹਿਜੇ ਜ਼ਿਲਾ ਮੁੱਖੀ ਜੀਪ ‘ਚੋਂ ਉੱਤਰਦੇ ਹਨ । ਬਿਨਾਂ ਐਧਰ-ਓਧਰ ਦੇਖਿਆਂ ਆਪਣੇ ਆਫਿਸ ਵਲ ਵਧਦੇ ਹਨ । ਚਪੜਾਸੀ ਦੋੜ ਕੇ ਚਿੱਕ ਚੁੱਕਦਾ ਹੈ । ਸਾਬ੍ਹ ਅੰਦਰ ਪਧਾਰੇ ਹਨ । ਫਿਰ ਕਾਲ-ਬੈੱਲ …!

ਚਪੜਾਸੀ…ਸਟੈਨੋ…ਐਡਮਨ……ਸੁਪਰਡੈਂਟ….ਅਸਿਸਟੈਂਟ…., ਵਾਰੀ ਵਾਰੀ ਸੱਭ ਦੀ ਅੰਦਰ ਬੁਲਾਏ ਜਾਣ ਦੀ ਵਾਰੀ ਆਈ ਹੈ । ਏਜੰਡਾ ਤਿਆਰ ਹੈ । ਸਕੂਲ ਮੁੱਖੀਆਂ ਨੂੰ ‘ਵਾਜ ਪਈ ਹੈ । ਜਿਵੇਂ ਸਾਰੇ ਇਕੋ ਮੁਕੱਦਮੇ ਦੇ ਦੋਸ਼ੀ ਹੋਣ ।

ਕਮਰਾ ਛੋਟਾ ਹੈ , ਮੁੱਖੀ ਬਹੁਤੇ ਹਨ । ਅਗਲਾ ਆਦੇਸ਼ ਸੱਭ ਖੜੇ-ਖੜੋਤੇ ਸਰਵਣ ਕਰਦੇ ਹਨ । ਕਾਫੀ ਲੰਮਾ ਵਿਖਿਆਨ ਹੈ । ਕਈ ਅੱਕ-ਥੱਕ ਗਏ ਹਨ । ਕਈਆਂ ਦਾ ਪੈਂਡਾ ਦੂਰ ਹੈ । ਉਹ ਵਾਰ ਵਾਰ ਘੜੀਆਂ ਦੇਖਦੇ ਹਨ । ਬੱਸਾਂ ਨਾ ਮਿਲਣ ਦਾ ਤੌਖਲਾ ਹੈ , ਪਰ ਖਿਸਕਣਾ ਮੁਸ਼ਕਿਲ ਹੈ । ਮੀਟਿੰਗ ਦੀ ਪਾਬੰਦੀ ਹੈ , ਫਰਜ਼ ਦਾ ਤਕਾਜ਼ਾ ਹੈ ।

ਬਹੁਤ ਕੁਝ ਭਾਵੇਂ ਸੁਣ ਲਿਆ ਗਿਆ ਹੈ , ਬਾਕੀ ਦਾ ਚਿੱਠੀਆਂ –ਸਰਕੂਲਰਾਂ ਰਾਹੀਂ ਸਕੂਲੀਂ ਪਹੁੰਚ ਜਾਣਾ ਹੈ । ਪਰ ਇਕ ਵਿਸ਼ੇਸ਼ ਸੂਚਨਾ ਜਿਸ ਵਲ ਜ਼ਿਲਾ-ਮੁਖੀ ਜੀ ਦੋ-ਇਕ ਵਾਰ ਸੰਕੇਤ ਵੀ ਕਰ ਚੁੱਕੇ ਹਨ , ਉਸ ਦਾ ਪੂਰਾ ਉਲੇਖ ਹੋਣਾ ਅਜੇ ਬਾਕੀ ਹੈ । ਉਸ ਸਰਵਜਨਕ ਸੁਭਾ ਵਾਲਾ ਲੋਕ-ਹਿਤੂ ਕਾਰਜ ਹੈ –ਪੰਜਾਬੀ ਦੀ ਪੂਰਨ ਵਰਤੋਂ ਨੂੰ ਯਕੀਨੀ ਬਨਾਉਣ ਲਈ ਸਕੱਤਤਰੇਤ ਪੱਧਰ ਦੇ ਅਫਸਰਾਂ ਦੀ ਛਾਪੇ ਮਾਰ ਮੁਹਿੰਮ ਸਮੇਂ , ਫ਼ਲਾਇੰਗ-ਸੁਕੈਅਡਾਂ ਦੀ ਰੀਸੈਪਸ਼ਨ ਦਾ ਵਿਸ਼ੇਸ਼ ਪ੍ਰਬੰਧ ਕਰਨ ਲਈ ਸਾਧਨ ਜਟਲਾਉਣਾ । ..ਥਰੁ ਨਾਲ-ਆਡਿਟਏਬਲ ਫੰਡਜ਼…ਐਜ਼ ਮੱਚ ਐਜ਼ ਕੈਨ ਬੀ ….. ਬੀ ਸੀਰੀਅਲ ਪਲੀਜ਼….. ‘ ਆਖ ਕੇ ਜ਼ਿਲਾ ਮੁਖੀ ਜੀ ਤਾਂ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਕੇ ਰਵਾਂ –ਰਵੀਂ ਜੀਪ ਅੰਦਰ ਜਾ ਸਵਾਰ ਹੋਏ ਹਨ , ਪਰ ਦੂਰੋਂ ਆਏ ਬਹੁਤੇ ਮੁੱਖੀ ਛੋਹਲੇ ਕਦਮੀਂ ਬੱਸ-ਅੱਡੇ ਵਲ ਨੂੰ ਦੋੜਨ ਵਾਂਗ ਤੁਰ ਪਏ ਹਨ ।

ਸਕੂਲ ਉਸਾਰੀ ਫੰਡਾਂ ਦੀ ਸਹਾਇਤਾ ਨਾਲ ਖਰੀਦੇ ਸਕੂਟਰ ਤੇ ਸਵਾਰ ਹੋਏ ਮੁੱਖੀ ਜੀ ਨੇ ਬੜੀ ਤਿੱਖੀ-ਚਾਲੇ ਸਕੂਲ ਅੰਦਰ ਪ੍ਰਵੇਸ਼ ਕੀਤਾ ਹੈ । ਰੋਜ਼ ਵਾਂਗ ਅੱਜ ਵੀ ਉਹਨਾਂ , ਬਰਾਂਡਿਓਂ ਬਾਹਰ –ਬਾਹਰ ਖੜੋਤਿਆਂ ਕੌੜੀ ਅੱਖੇ ਪਹਿਲਾਂ ਸਾਰੇ ਸਕੂਲ ਤੇ ਪੰਛੀ –ਝਾਤ ਸੁੱਟੀ ਹੈ । ਹੱਥ –ਜੋੜੀ ਥੋੜੀ ਦੂਰ ਹਟਵੇਂ ਖੜੇ ਚਪੜਾਸੀ ਨੂੰ ਬੂਟ ਸਾਫ ਕਰਨ ਲਈ ਮੂਕ-ਇਸ਼ਾਰਾ ਕੀਤਾ ਹੈ । ਫਿਰ ਖੌਦੇ ਜਿਹੇ ਕਲਰਕ ਦੇ ਫਾਇਲਨ ਹੋਣ ਦੀ ਵਾਰੀ ਆਈ ਹੈ  ।ਹਾਜ਼ਰੀ ਰਜਿਸਟਰ ਚੈੱਕ ਹੋਇਆ ਹੈ । ਲੇਟ ਆਏ ਅਧਿਆਪਕਾਂ ਦੀ ਸੀਕਰਟ ਰੀਪੋਰਟ ਲਈ ਹੈ । ਬਕਾਇਆ ਵਸੂਲੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ । ਪਰੰਤੂ ਫਿਰ ਵੀ ਉਹਨਾਂ ਦੀ ਆਭਾ ਨਹੀਂ ਬਦਲੀ । ਪੂਰੇ ਪ੍ਰਸੰਨ-ਚਿੱਤ ਨਹੀਂ ਹੋਏ । ਇਸ ਲਈ ਉਹਨਾਂ ਦੇ ਪੈਰਾਂ ਨੁੰ ਜਿਵੇਂ ਪਹੀਏ ਲੱਗ ਗਏ ਹੋਣ । ਪਲ-ਛਿੰਨ ਅੰਦਰ ਹੀ ਉਹ, ਹੱਲਾ-ਗੁੱਲਾ ਕਰਦੀ ਇਕ ਖਾਲੀ ਜਮਾਤ ਅੰਦਰ ਜਾ ਧਮਕੇ ਹਨ ।

ਦਰਾਂ ਵਿਚਕਾਰ ਖੜੋ ਕੇ , ਉਹਨਾਂ ਸਾਰੇ ਕਮਰੇ ਦਾ ਸਰਸਰੀ ਜ਼ਾਇਜ਼ਾ ਲਿਆ ਹੈ । ਕਿੰਨੇ ਸਾਰੇ ਸ਼ਿਕਾਰ ਉਹਨਾਂ ਦੇ ਹੱਥ ਲਗਦੇ ਹਨ –ਕਮਰੇ ਦੇ ਇਕ ਕੋਨੇ ਫਟਿਆ-ਪੁਰਾਣਾ ਕਾਗਜ਼ ਦਾ ਟੁਕੜਾ ਪਿਆ ਹੈ । ਭੀੜੀਆਂ ਕਤਾਰਾਂ ਅੰਦਰ ਬੈਠੇ ਕੁਝ ਬਾਲਾਂ ਦੀਆਂ ਲਾਇਨਾਂ ਜ਼ਰਾ-ਮਾਸਾ ਟਡੀਆਂ ਹਨ । ਅੱਧ-ਪਚੱਦੇ ਬੱਚੇ ਬਿਨਾਂ ਵਰਦੀਓਂ ਸਕੂਲ ਆਏ ਹਨ । ਉਹਨਾਂ ਦੀ ਬਗਲ ਹੇਠ ਨੱਪੇ ਬੈਂਤ ਨੂੰ ਜਿਵੇਂ ਪਾਉਣ ਆ ਚੜ੍ਹੀ ਹੋਵੇ – ਪਹਿਲਾਂ ਮਨੀਟਰ ਦੀ ਸ਼ਾਮਤ ਆਈ ਹੈ । ਫਿਰ ਸਾਰੀ ਜਮਾਤ ਦੀਆਂ ਇਕ ਵੱਡਿਓਂ ਵੱਖੀਆਂ ਸਿਕੀਆਂ ਹਨ । ਡਸਿਪਲਨ ਕਾਇਮ ਕਰਦਿਆਂ ਸਕੂਲ ਮੁੱਖੀ ਜੀ ਹੌਕਣੀ ਚੜ੍ਹ ਗਈ ਹੈ ।

ਠੁਰ-ਠੁਰ ਕਰਦੀ ਜਮਾਤ ਨੂੰ ਸੁੱਸਰੀ ਵਾਂਗ ਸੁਆ ਕੇ ਉਹਨਾਂ ਦੀ ਹਉਂ ਨੇ ਸਗੋਂ ਉਬਾਲਾ ਖਾਧਾ ਹੈ –ਉਹ ਤਾਂ ਵੱਡੇ-ਵੱਡਿਆਂ ਦੇ ਸਿਰ ਫੇਂਹ ਸਕਦਾ ਹੈ …ਕਿਸੇ ਦੀ ਕੀ ਮਜਾਲ ਕਿ ਉਸ ਤੋਂ ਡਰ ਕੇ ਸਾਵਧਾਨ ਨਾ ਹੋਵੇ । ਕਰਮਚਾਰੀ-ਵਿਦਿਆਰਥੀ ਤਾਂ ਕੀ ਉਹ ਤਾਂ ਸਾਰੀ ਸਕੂਲ-ਕਾਇਨਾਤ ਨੂੰ ਨੱਥ ਪਾ ਕੇ ਬੰਨ੍ਹ ਸਕਦਾ ਹੈ …ਆਖਿਰ ਕਲਾਸ-2 ਅਫ਼ਸਰ ਹੈ ਉਹ ….!

ਕਮਰਿਉਂ ਬਾਹਰ ਆ ਕੇ ਉਹਨਾਂ ਸਕੂਲ-ਬਾਉਂਡਰੀ ਦੁਆਲੇ ਲਗਾਏ ਸਫੈਦਿਆਂ ਨੂੰ ਗਹਿਰਾਈ ਅੱਖੇ ਨਿਹਾਰਿਆ ਹੈ –ਹਲਕੀ ਹਲਕੀ ਰੁਮਕਦੀ ਪੱਛੋਂ, ਨਿੱਕੇ-ਨਿੱਕੇ ਸਫ਼ਦਿਆ ਦੀਆਂ ਨਰਮ-ਨਾਜ਼ਕ ਟਾਹਣੀਆਂ ਨੂੰ ਹੇਠਾਂ ਵਲ ਝੁਕਾਦੀ , ਉਸ ਦੀ ਪ੍ਰਭੂਸੱਤਾ ਨੂੰ ਪ੍ਰਣਾਮ ਕਰਦੀ ਜਾਪੀ ਹੈ ।

ਸਕੂਲ –ਮੁੱਖੀ ਦਾ ਤਣਿਆ ਸਰੀਰ ਹੋਰ ਆਕੜ ਜਾਂਦਾ ਹੈ –ਇਹ ਸੱਭ ਉਸ ਦੀ ਈ ਕਰਾਮਾਤ ਐ । ਉਸ ਦੇ ਆਉਣ ਤੋਂ ਪਹਿਲਾਂ ਸਕੂਲ , ਸਕੂਲ ਨਈਂ ਭੰਗੜ-ਖਾਨਾ ਲਗਦਾ ਸੀ । ਪਰ ਹੁਣ ਸੱਭ ਠੀਕ ਐ-ਗੇਟ ਐ ਬਾਉਂਡਰੀ-ਵਾਲ ਐ , ਪੰਜ-ਚਾਰ ਕਮਰੇ ਅਨ , ਕੀ ਹੋਇਆ ਜੇ ਛੱਤਾਂ..! ਏਨਾਂ ਕੁਝ ਏਨੀ ਛੇਤੀ ਕਿਮੇਂ ਹੋ ਸਕਦਾ ਆ ? ਆਖਿਰ ਸਾਮਾਨ ਚਾਹੀਦਾ ਆ । ਫ਼ੰਡਜ਼ ਚਾਹੀਦੇ ਅਨ । ਲੋਕਾਂ ਕੇ ਕੰਨੀ ਤਾਂ ਜੂੰ ਤੱਕ ਨਈਂ ਸਰਕਦੀ । ਉਹ ਕਈ ਵਾਰ ਉਹਨਾਂ ਨੂੰ ਸੱਦ ਚੁੱਕਾ ਐ, ਇਕੱਤਰਤਾਵਾਂ ਕਰ ਚੁੱਕਾ ਐ ! ਵੱਡੇ ਘਰਾਂ ਤੇ ਉਸ ਨੂੰ ਖਾਸ ਗਿਲ੍ਹਾ ਐ – ਧਿਆਨ ਈ ਨਈਂ ਦਿੰਦੇ ! ਛੋਟੇ ਘਰਾਂ ਤੇ ਉਸਨੂੰ ਬੇਹੱਦ ਗੁੱਸਾ ਐ – ਰਤੀ ਭਰ ਭਾਰ ਨਈਂ ਸਹਿੰਦੇ ! …ਤੇ ਉਸਦੇ ‘ਮੁਤੈਤ ’ ਟੀਚਰ ! ਇਨ੍ਹਾਂ ਨੂੰ ਤਾਂ ਉਹ ਦਿਨਾਂ ਅੰਦਰ ਈ ਬੰਦੇ ਦੇ ਪੁੱਤ ਬਣਾ ਦੇਵੇਗਾ । ਸੂਈ ਦੇ ਨੱਕੇ ‘ਚੋਂ ਦੀ ਲੰਘਾ ਦੇਵੇਗਾ । ਐਨ ਸਮੇਂ ਸਿਰ ਆਉਣਗੇ , ਸਿਰ ਜਾਣਗੇ । ਕਿਸੇ ਨੂੰ ਕੋਈ ਫ਼ਰਲੋ ਨਈਂ , ਕਿਸੇ ਕਿਸਮ ਦੀ ਛੋਟ ਨਈਂ । ਚਾਹ ਤੱਕ ਨਈਂ ਪੀਣਗੇ ਸਕੂਲ ਟੈਮ ਅੰਦਰ । ਰੀਪੋਟਾਂ ਲਿਖਾਂਗਾ ਤੇ ਏ.ਸੀ.ਆਰਾਂ ਫੇਰ ਹੱਥ ਲਾ ਲਾ ਦੇਖਣਗੇ । ਸਾਰੀ ਉਮਰ ਯਾਦ ਕਰਨਗੇ , ਕਿ ਕਿਸੇ ਆਫੀਸਰ ਨਾਲ ਵਾਸਤਾ ਪਿਆ ਸੀ । ..ਆਖਿਰ ਉਹ ਵੀ ਇੱਕ ਹਸਤੀ ਏ ਹਸਤੀ , ਐਮੇਂ ਤਾਂ ਨਈਂ ਪੰਜੀ ਸਾਲੀਂ ਹੈਡਸ਼ਿਪ ਮਿਲ ਗਈ  । ਤੇ ਇਹ ਹਰਾਮੀਂ ਵੀਹ-ਵੀਹ ਸਾਲਾਂ ਤੋਂ ਰਗੜੇ ਖਾਈ ਤੁਰੇ ਆਉਂਦੇ ਆ …ਇਨ੍ਹਾਂ ਦੀ ਕੀ ਮਜ਼ਾਲ ਕਿ ਮੇਰੀਆਂ ਸਕੀਮਾਂ ਉਲਟ-ਪੁਲਟ ਕਰ ਦੇਣ –ਮੇਰੀਆਂ ਨਈਂ ਸਰਕਾਰ ਦੀਆਂ ! ਆਖਿਰ ਇਹ ਸਰਕਾਰੀ ਕੰਮ ਏ , ਮੇਰਾ ਕੋਈ ਘਰ ਦਾ ਐ …! ਸੋਚਦੇ –ਸੋਚਦੇ ਸਕੂਲ ਮੁਖੀ ਜੀ ਤਲਮਲਾ ਉਠਦੇ ਹਨ । ਐਧਰ-ਓਧਰ ਭੁੜਕਦੇ ਹਨ । ਕਿਆਰੀ ਗੁੱਡਦੇ ਮਾਲੀਨੂੰ ਝਈ ਲੈ ਕੇ ਪੈਂਦੇ ਹਨ – ਕਲਮਾਂ ਨਈਂ ਲਾਈਆਂ ?

ਕਾਅਦ੍ਹੀਆਂ ਸਾਬ੍ਹ ਜੀ ? ‘ ਗੁਲਦਾਓਦੀਆਂ ਸਾਂਭਦਾ ਮਾਲੀ ਅਚੰਭਤ ਹੋਇਆ ਹੈ ।

ਗੁੱਟੇ ਦੀਆਂ , ਹੋਰ ਕਾਅਦੀਆਂ ! ‘ ਮਾਲੀ ਨੂੰ ਜਿਵੇਂ ਉਹ ਅੱਡੀਆਂ ਚੁੱਕ ਕੇ ਪੈ ਗਏ ਹੋਣ ।

ਭੈ-ਭੀਤ ਹੋਏ ਮਾਲੀ ਨੇ, ਸਤਬਰਗਾਂ ਦੇ ਪੱਸਰੇ ਬੂਟਿਆਂ ਅੰਦਰ ਮੂੰਹ ਲਕੋ ਕੇ , ਆਪ ਮੁਹਾਰੇ ਆਏ ਹਾਸੇ ਨੂੰ ਬੜੀ ਮੁਸ਼ਕਲ ਨਾਲ ਡੱਕਿਆ ਹੈ ।

ਉਸ ਦੀ ਇਸ ਹਰਕਤ ਨੂੰ ਚੋਰ –ਅੱਖੀਂ ਦੇਖ ਕੇ , ਮੁੱਖੀ ਜੀ ਅੰਦਰ ਛਲਕਦਾ ਸਾਰਾ ਗੁੱਸਾ ਉਹਨਾਂ ਦੀਆਂ ਰੁੱਖੀਆਂ ਅੱਖਾਂ ਅੰਦਰ ਫੈਲ ਗਿਆ ਹੈ । ਪਰ , ਕਲਾਸ-ਫੋਰ ਨਾਲ ਆਡ੍ਹਾ ਲਾਉਣਾ , ਉਹਨਾਂ ਆਪਣੇ ਰੁਤਬੇ ਦੀ ਹੇਠੀ ਸਮਝੀ ਹੈ । ਤਰਲੋ-ਮੱਛੀ ਹੋਏ ਉਹ ਢਿਲਕੀਆਂ ਐਨਕਾਂ ਸੂਤ ਕਰਦੇ , ਅਗਲੇ ਕਮਰੇ ਦੇ ਪਿਛਲੇ ਦਰਵਾਜ਼ੇ ਰਾਹੀਂ ਕੰਮ ਲੱਗੀ ਜਮਾਤ ਅੰਦਰ ਜਾ ਦਾਖ਼ਲ ਹੁੰਦੇ ਹਨ । ਆਪਣੇ ਵਿਸ਼ੇ ਨਾਲ ਇਕ-ਮਿਕ ਹੋਏ ਅਧਿਆਪਕ ਸਮੇਤ ਸਾਰੇ ਪਾਠਕਾਂ ਦੀ ਪਾਠ ਲੜੀ ਟੁੱਟ ਜਾਂਦੀ ਹੈ । ਬਿਰਤੀ ਉੱਖੜ ਜਾਂਦੀ ਹੈ । ਪਰ , ਸਾਵਧਾਨ ਹੋਈ ਜਮਾਤ ਨੂੰ ਬੈਠ ਜਾਣ ਦਾ ਇਸ਼ਾਰਾ ਕਰਨ ਦੀ ਬਜਾਏ , ਉਹ ਬੇਚੈਨ ਹੋਏ ਟੀਚਰ ਵੱਲ ਓਨਾਂ ਚਿਰ ਨਿਹਾਰਦੇ ਰਹਿੰਦੇ ਹਨ , ਜਿੰਨਾਂ ਚਿਰ ਉਸ ਵੱਲੋਂ ਹੱਥ-ਜੋੜਵੀਂ ਬੰਧਨਾ ਪ੍ਰਾਪਤ ਨਹੀਂ ਹੁੰਦੀ ।

ਸਰਸਰੀ ਹੂੰ-ਹਾਂ ਕਰਕੇ , ਉਹਨਾਂ ਅਗਲਾ ਕਮਰਾ ਚੈੱਕ ਕੀਤਾ ਹੈ, ਫਿਰ ਉਸ ਤੋਂ ਅਗਲਾ । ਪਰ, ਤਿੱਤਰ-ਖੰਭੀ ਬੱਦਲ-ਵਾਦੀ ਹੇਠ ਬਾਹਰ ਬੈਠੀਆਂ ਕਈਆਂ ਸਾਰੀ ਠਰਦੀਆਂ ਜਮਾਤਾਂ ਵਲ ਜਾਣਾ , ਉਹਨਾਂ ਮਨਾਸਿਬ ਨਹੀਂ ਸਮਝਿਆ , ਦਸਤਾਨੇ ਚੜ੍ਹੇ ਹੱਥਾਂ ਦੀ ਗੰਭਲੀ ਵਿਚਕਾਰ ਸਾਂਭਿਆ ਬੈਂਤ ਪਿੱਠ ਪਿੱਛੇ ਲਮਕਾਈ ,ਉਹ ਪ੍ਰਬੰਧਕੀ ਤੌਰ ਤੁਰਦੇ , ਆਖਿਰ ਆਪਣੇ ਦਫ਼ਤਰ ਅੰਦਰ ਜਾ ਪਧਾਰੇ ਹਨ ।

ਸਕੂਲ ਲੱਗਣ ਤੋਂ ਡੇਢ ਦੋ ਘੰਟੇ ਪਛੱੜ ਕੇ ਆਏ ਸਰਕਾਰੀ ਹਾਈ ਸਕੂਲ ਦੇ ਮੁਖੀ ਸ੍ਰੀ ਬੂਟੀ ਰਾਮ ਗਿੱਲ ਦਾ ਇਹ ਪਹਿਲਾ ਚੈਕਿੰਗ ਰਾਊਂਡ ਹੈ ।

ਬੂਟੀ ਰਾਮ ਗਿੱਲ ।

ਦਫ਼ਤਰੋਂ ਬਾਹਰ ਚਿੱਪਕੀ ਚਿੱਟੀ ਨੇਮ ਪਲੇਟ ਉੱਤੇ ਪੰਜਾਬੀ ਦੇ ਕਾਲੇ ਅੱਖਰਾਂ ਵਿੱਚ ਲਿਖਿਆ ਪੂਰਾ ਨਾਂ – ਹੈਡ ਮਾਸਟਰ ਬੂਟੀ ਰਾਮ ਗਿੱਲ !!

ਦਫ਼ਤਰ ਦੇ ਖੁਲ੍ਹੇ ਦਰਵਾਜ਼ੇ ਤੇ ਲੱਗੀ ਚਿੱਕ , ਫਰਸ਼ ਤੇ ਵਿਛਿਆ ਗੱਦੇ –ਦਾਰ ਕਾਲੀਨ ਡਿਸਟੈਂਮਪਰ ਕੀਤੀਆਂ ਕਮਰੇ ਦੀਆਂ ਕੰਧਾਂ ਨਾਲ ਤਿੰਨ ਪਾਸੇ ਚਿਣੀਆਂ ਗਾਡਰੇਜ਼ ਦੀਆਂ ਆਰਾਮ ਕੁਰਸੀਆਂ , ਚੌਥੀ ਬਾਹੀ ਸਜੀ ਰੀਵਾਲਵਿੰਗ-ਚੇਅਰ ਸਾਹਮਣੇ ਕਿੰਨੇ ਸਾਰੇ ਦਰਾਜਾਂ ਵਾਲੀ ਸਟੀਲ ਦੀ ਮੇਜ਼ । ਮੇਜ਼ ਉੱਤੇ ਵਿਛਿਆ ਗਰਮ ਨੀਲਾ –ਕੰਬਲ , ਕੰਬਲ ਉੱਪਰ ਧਰੇ ਫੁੱਲ-ਸਾਇਜ਼ ਸ਼ੀਸ਼ੇ ਤੇ ਪਈ ਤਿੰਨ-ਕੋਨੀ ਨੇਮ-ਪਲੇਟ ,ਪਲੇਟ ਦੇ ਇਕ ਪਾਸੇ ਹਿੰਦੀ ਵਿੱਚ ਉਕਰਿਆ ਬ।ਰ।ਗਿੱਲ ਅਤੇ ਦੂਜੇ ਪਾਸੇ ਅੰਗਰੇਜ਼ੀ ਵਿੱਚ ਛਪਿਆ ਬੀ।ਆਰ।ਗਿੱਲ ਵੀ ਹੈਡਮਾਸਟਰ ਸਾਬ੍ਹ ਦਾ ਹੀ ਨਾਂ ਹੈ , ਜਿਹਨਾਂ ਨੂੰ ਮਿਲਣ ਲਈ ਦਫ਼ਤਰ ਨਾਲ ਲਗਦੇ ਬਰਾਂਡੇ ਅੰਦਰ ਪਏ ਲਕੜ ਦੇ ਦੋ ਬੈਂਚਾਂ ਉੱਤੇ ਕਿੰਨੇ ਸਾਰੇ ਲੋਕ ਬੈਠੇ ਹਨ ।

ਟਰੀਂ..ਈਂ…ਈਂ., ਟਰੀਂ..ਈਂ..ਈ, ਬਰਾਂਡੇ ਦੀ ਛੱਤ ਲਾਗੇ ਲੱਗੀ ਘੰਟੀ ਦੀ ਆਵਾਜ਼ ਸੁਣਦਿਆਂ ਸਾਰ ਇਕਲਵੰਜੇ ਪਏ ਸਟੂਲ ਤੇ ਬੈਠਾ ਚਪੜਾਸੀ ਅਬੜਵਾਹੇ ਉੱਠਦਾ ਹੈ , ਜਿਵੇਂ ਨੀਂਦ ਦੀ ਵਾਦੀ ਵਲ ਤੁਰਿਆ ਤਿਲਕ ਪਿਆ ਹੋਵੇ । ਡਿਗਦਾ ਡੋਲਦਾ ਚਿੱਕ ਹਟਾ ਕੇ ਉਹ ਰਵਾਂ-ਰਵੀਂ ਕਮਰੇ ਅੰਦਰ ਚਲਾ ਜਾਂਦਾ ਹੈ ।

-ਕਿੱਥੇ ਮਰ ਜਾਂਦੇ ਓ ਤੁਸੀਂ ਲੋਕ …? ਅੱਜ ਦੀ ਦੂਜੀ ਝਿੜਕ ਉਸਵੱਲ ਉਭਾਸਰ ਕੇ ਪੈਂਦੀ ਹੈ । ਪਹਿਲੀ ਝਿੜਕ ਰਣੀਏਂ ਨੂੰ ਸਵੇਰੇ –ਸਵੇਰੇ ਮੁਖੀ ਜੀ ਦੇ ਘਰ ਦੇਰ ਨਾਲ ਪੁੱਜਣ ਕਾਰਨ ਵਸੂਲ ਹੋਈ ਸੀ , ਕਿਉਂ ਜੋ ਸਾਬ੍ਹ ਦਾ ਟੀਟੂ ਤਾਂ ਸਮੇਂ ਸਿਰ ਮਾਡਲ ਸਕੁਲ ਪਹੁੰਚਣ ਲਈ ਕਈਆਂ ਚਿਰਾਂ ਤੋਂ ਤਿਆਰ ਹੋਇਆ ਬੈਠਾ ਸੀ ।

ਹਫਿਆ-ਖ਼ਫਿਆ ਰਣੀਆਂ ਮੂੰਹ-ਥਾਣੀਂ ਸਾਹ ਲੈਂਦਾ ਕੁੱਬਿਆਂ ਵਾਂਗ ਅੱਧਾ ਝੁਕਿਆ ਅਗਲੇ ਹੁਕਮ ਦੀ ਉਡੀਕ ਵਿੱਚ ਖੜਾ ਕੰਬਦਾ ਰਹਿੰਦਾ ਹੈ –ਪਤਾ ਨਈਂ ਗੁੱਸੇ ਨਾਲ ! ਪਤਾ ਨਈਂ ਤਾਪ ਦੀ ਮਾਰ ਨਾਲ ਆਈ ਕਮਜ਼ੋਰੀ ਕਾਰਨ !!

-ਹਾਅ ਕੌਣ ਆ ਬੈਠੇ ਆ ..ਤੜਕੇ ਤੜਕੇ ..?

-ਜੀਈ..ਈ, ਪਤਾ ਨਈਂ ..ਪੁਛਦਾ …ਆਂ ..!’

-ਪਤਾ ਕਿਉਂ ਨਈਂ ..! ਪਹਿਲੋਂ ਕਿਉਂ ਨਈਂ ਪੁੱਛਿਆ ..? ਐਮੇਂ ਲੱਲੂ-ਪੰਜੂ ਨੂੰ ਬਹਾ ਰਖਦੇ ਆ ,ਮੇਰੇ ਦਫ਼ਤਰ ਮੂਹਰੇ …ਚੱਲ ਦਫਾ ਹੋ ਜਾ …ਜੇ ਮੇਰੇ ਨਾਲ ਕਿਸੇ ਨੇ ਗੱਲ ਕਰਨੀ ਹੋਈ ਤਾਂ ਆਖ ਦਈਂ , ਸਕੂਲ-ਟੈਮ ਤੋਂ ਬਾਅਦ ਆਉਣ , ਹੁਣ ਨਈਂ ਵੇਹਲ … ।
ਰਣੀਏਂ ਨੂੰ ਪਈ ਇਹ ਤੀਜੀ ਝਿੜਕ ਹੈ , ਜਿਹਨਾਂ ਦੀ ਗਿਣਤੀ ਉਹ ਪਹਿਲੋਂ –ਪਹਿਲ ਕਰਿਆ ਕਰਦਾ ਸੀ , ਪਰ ਹੁਣ ਜਿਵੇਂ ਆਦੀ ਹੋ ਗਿਆ ਹੋਵੇ । ਤਾਂ ਵੀ ਕਦੀ ਕਦਾਈਂ ਸਾਬ੍ਹ ਦੇ ਕੌੜ ਦੀਆਂ ਸ਼ਕਾਇਤਾਂ ਵਰਗੀਆਂ ਗੱਲਾਂ , ਆਨੇ –ਬਹਾਨੇ ਉਹ ਕਈ ਸਾਰੇ ਅਧਿਆਪਕਾਂ ਨੂੰ ਦੱਸਦਾ ਰਹਿੰਦਾ ਹੈ , ਪਰੰਤੂ ਪਰਾਈ ਬਲਾ ਆਪਣੇ ਗਲ੍ਹ ਪਾਉਣ ਤੋਂ ਖਿਸਕਦੇ ਬਹੁਤੇ ਉਹਨਾਂ ‘ਚੋਂ ਸਗੋਂ ਉਸ ਨੂੰ ਹੀ ਟੌਣੇ ਮਾਰਦੇ ਹਨ । ਕੋਈ ਆਖਦਾ ਹੈ –ਸੋਰ੍ਹਿਆ ਸਵੇਰੇ ਆਲਾ ਜੋਤਾ ਨਾ ਲਾਇਆ ਕਰ , ਐਈਥੇ ਆ ਕੇ ਕਬੂਤਰ ਆਂਗੂ ਅੱਖਾਂ ਮੀਚਦਾ ਰਹਿਨੈਂ । ਕੋਈ ਕਹਿੰਦਾ –ਏਦਾਂ ਦੋ-ਦੋ ਤਿੰਨ-ਤਿੰਨ ਕੰਮ ਹੁੰਦੇ ਆ , ਇਕ ਮੰਡੀ ਦੀ ਸਫਾਈ ਦੂਜੀ ਸਕੂਲ ਦੀ ਨੌਕਰੀ , ਤੇਰੀ ਤਾਂ ਚੌਅਰੀ ਡੁਬਈ ਲੱਗੀ ਆ ਡੁਬਈ ਐਥੇ ਈ । ਕੀ ਹੋਇਆ ਜੇ ਚਾਰ ਝਿੜਕਾਂ ਪੈ ਭੀ ਗਈਆਂ ਤਾਂ ।

…ਤੀਜੀ ਝਿੜਕ ਦੀ ਜਲਣ ਪਲੋਸਦਾ ਰਣੀਆਂ , ਦਫ਼ਤਰੋਂ ਬਾਹਰ ਆ ਕੇ ਲੱਕੜ ਦੇ ਬੈਂਚਾਂ ਤੇ ਕੀੜੀਆਂ ਦਾ ਭੌਣ ਬਣੇ , ਕਲਾਸਾਂ ਕਮਰਿਆਂ ਅੰਦਰ ਦੜੇ ਬਾਲਕਾਂ ਦੇ ਵਾਰਸਾਂ ਤੋਂ ਸਕੂਲ ਆਉਣ ਦਾ ਜਾਣਿਆਂ-ਪਛਾਣਿਆਂ ਕਾਰਨ ਪੁੱਛਦਾ ਹੈ। ਕਈ ਦਿਨਾਂ ਤੋਂ ਮੁੜ-ਮੁੜ ਦੁਹਰਾਏ ਜਾਂਦੇ , ਹਰੀਜਨ-ਵਜ਼ੀਫੇ ਦੀ ਚੌਥੇ ਹਿੱਸੇ ਦੀ ਹੋਈ ਕਾਟ ਦਾ ਵਾਕ ਵੱਖ-ਵੱਖ ਰੰਗ ਢੰਗ ਦੀ ਬਣਤਰ ਵਾਲੇ ਚਿਹਰਿਆਂ ਤੇ ਇਕੋ ਜਿਹਾ ਪ੍ਰਸ਼ਨ ਬਣ ਕੇ ਛਾ ਜਾਂਦਾ ਹੈ  । ਝਕਦਾ-ਝਕਦਾ ਰਣੀਆਂ , ਲਕੜ ਦੇ ਬੈਂਚਾਂ ਦੀ ਸ਼ਿਕਾਇਤ ਇਕ ਵਾਰ ਫਿਰ ਸਕੂਲ-ਮੁਖੀ ਦੀ ਮੇਜ਼ ਤੱਕ ਲੈ ਜਾਂਦ ਹੈ। ਮੁੱਖੀ ਜੀ ਸੁਣਦਿਆਂ ਸਾਰ ਅੱਗ ਭਬੂਕਾ ਹੋ ਗਏ ਹਨ। ਫੇਫੜਿਆਂ ਅੰਦਰ ਲੰਘੀ ਸਾਰੀ ਦੀ ਸਾਰੀ ਹਵਾ ਨੂੰ ‘ਬਦਤਮੀਜ਼ ’ ਸ਼ਬਦ ਦਾ ਉਚਾਰਨ ਕਰਨ ਲਈ ਵਰਤ ਲੈਂਦੇ ਹਨ । ਉਂਝ ਖਫਾ ਹੋਏ ਸਾਬ੍ਹ ਨੂੰ ਇਹ ਆਪ ਨੂੰ ਵੀ ਪਤਾ ਨਹੀਂ ਰਹਿੰਦਾ ਕਿ ਉਹਨਾਂ ਦਾ ਇਹ ਵਿਸ਼ੇਸ਼ਣ ਰਣੀਏਂ ਨੂੰ ਸੰਬੋਧਤ ਹੈ ਜਾਂ ਬਾਹਰ ਬੈਠੇ ਉਸ ਦੇ ਭਾਈਚਾਰੇ ਨੂੰ ।
ਇਕਾ-ਇਕ ਸਾਰਾ ‘ਬਰਾਂਡਾ ’ ਚਿੱਕ ਤੋੜ-ਮਰੋੜ ਕੇ ਅੰਦਰ ਲੰਘ ਆਉਂਦਾ ਹੈ ।

-ਕੌਣ ਬਦਤਮੀਜ਼ ਉਏ ..?’ ਭੀੜ ਦਾ ਮੁੱਖੀ ਤਲਖੀ ਨਾਲ ਸਕੂਲ-ਮੁੱਖੀ ਵਲ੍ਹ ਨੂੰ ਆਹੁਲਦਾ ਹੈ।

-ਨਾਲੇ ਚੋਰ ਨਾਲੇ ਚਤੁਰ …! ਤੂੰ ਸਮਝਿਆ ਕੀ ਆ ਆਪਣੇ ਆਪ ਨੂੰ ..?’ ਅੰਦਰ ਪੈਰ ਧਰਦਾ ਇਕ ਹੋਰ ਬੋਲ ਉੱਚੀ ਦੇਣੀ ਕੂਕਿਆ ਹੈ ।

-ਅਹੀਂ ਤੇਰੇ ਪਿਓ ਦੇ ਬੱਧੇ ਆਂ , ਰੋਜ਼ ਰੋਜ਼ ਦਿਹਾੜੀਆਂ ਭੰਨ ਕੇ ਤੇਰੀ ਅਰਦਲ ‘ਚ ਆ ਬੈਠੀਏ ਸਵੇਰੇ ਈ , ਤੇ ਤੂੰ ਲਾਟ ਸਾਬ੍ਹ ਦਾ ਭਾਣਜਾ ਦੁਪੈਰੇ ਆ ਕੇ ਗਾਲ੍ਹਾਂ ਕੱਢੇਂ ਸਾਨੂੰ …!’ ਉਪਰੋਂ-ਥਲੀਂ ਆਈ ਇਹ ਤੀਜੀ ਧਮਕੀ ਵੀ ਗਿੱਲ ਸਾਬ੍ਹ ਦੀ ਕੁਰਸੀ ਦੁਆਲੇ ਵਗਲੀ ਗਈ ਹੈ ।

ਚੈਸਟਰ ਦੀ ਬੈਲਟ ਅੰਦਰ ਘੁੱਟ ਹੋਏ ਗਿੱਲ ਜੀ ਨੂੰ ਜਿਵੇਂ ਕਹਿਰਾਂ ਦੀ ਕੰਬਣੀ ਛਿੜ ਪਈ ਹੈ । ਹੁਣੇ-ਹੁਣੇ ਉਲਟ-ਬਾਜ਼ੀਆਂ ਮਾਰਦੀ ਉਹਨਾਂ ਦੀ ਆਵਾਜ਼ ਜਿਵੇਂ ਤਾਲੂ ਤੋਂ ਵੀ ਕਿਧਰੇ ਹੇਠਾਂ ਉੱਤਰ ਗਈ ਹੈ ।  ਪਲ-ਭਰ ਪਹਿਲਾਂ ਵਾਲਾ ਉਹਨਾਂ ਦੇ ਚਿਹਰੇ ਦਾ ਰੋਹ ਜਿਵੇਂ ਕਿਧਰੇ ਪਰ ਲਾ ਕੇ ਉੱਡ ਗਿਆ ਹੈ ।

ਆਪਣੇ ਮੁੱਖੀ ਦੇ ਅੰਗਾਂ ਪੈਰਾਂ ਤੇ ਛਾਈ ਮੁਰਦੇਹਾਣੀ ਦੇਖ ਕੇ ਰਣੀਏਂ ਨੂੰ ਭਾਵੇਂ ਜੀ ਭਰ ਕੇ ਖੁਸ਼ੀ ਹੋਈ ਹੇ , ਪਰ ਚੌਕੀਦਾਰੀ ਦੇ ਫਰਜ਼ਾਂ ਦਾ ਭੁਗਤਾਨ ਕਰਦੇ ਚਪੜਾਸੀ ਨੇ ਵਿੱਤ-ਮੁਤਾਬਿਕ ‘ਬਾਹਰਲੇ ’ ਬੰਦਿਆਂ ਨੂੰ ਕੱਸਵਾਂ ਦਬਾਕਾ ਮਾਰਿਆ ਹੈ – ਚਲੋ ਬਾਅਰ ਸਾਰੇ ਈ , ਐਹ ਕੋਈ ਢੰਗ ਆ ਗੱਲ ਕਰਨ ਦਾ …!’

-ਹੋਰ ਕੇੜ੍ਹਾ ਢੰਗ ਹੁੰਦਾ ਭਾਅ, ਐਹੋ ਜਿਹੇ ਬੇਹੂਦਾ ਅਫ਼ਸਰ ਨਾਲ ਗੱਲ ਕਰਨ ਦਾ …. ‘ ਦੋ-ਚਾਰ ਜਮਾਤਾਂ ਪੜ੍ਹਿਆ ਦਿਸਦਾ , ਇਕ ਨੌਜਵਾਨ ਰਣੀਏਂ ਵਲ ਨੂੰ ਹਿਰਾਖਿਆ ਹੈ ।

-ਹੈਥੇ ਬੈਠ ਜਾਓ ਸਾਰੇ …ਦਰੀ ਤੇ , ਇਕ ਜਣਾ ਤੁਆਡੇ ‘ਚੋਂ ਕਰੇ ਉੱਠ ਕੇ ਗੱਲ, ਫੇਰ ਤਾਂ ਅਗਲਾ ਕੁਝ ਸੁਣੇ ਬੀ …ਹੈਦਾਂ ਲਲਾ-ਲਲਾ ਕੀਤਿਆਂ ਕੁਸ ਨੀ ਬਨਣਾ –ਰਣੀਏਂ ਨੇ ਵਿਚੋਲਗਿਰੀ ਕਰਨ ਵਰਗਾ ਪੈਂਤੜਾ ਮਾਰਿਆ ਹੈ । ਪਲਾਂ ਅੰਦਰ ਹੀ ਸਾਰੀ ਭੀੜ ਫਰਸ਼ ਤੇ ਬੈਠ ਗਈ ਹੈ । ਦੋ ਚਾਰ-ਜਮਾਤਾਂ ਪੜ੍ਹਿਆ ਲਗਦਾ ਨੌਜਵਾਨ , ਰਣੀਏਂ ਦੇ ਲਾਗੇ ਹੋ ਕੇ ਅਗਲੀ ਗੱਲ ਕਰਨ ਲਈ ਤਿਆਰ ਖੜਾ ਹੈ ।

ਸਕੂਲ-ਮੁੱਖੀ ਜੀ ਦੀ ਜਿਵੇਂ ਜਾਨ ਵਿਚ ਜਾਨ ਆ ਗਈ ਹੋਵੇ । ਬੜੀ ਨਰਮਾਈ ਨਾਲ ਉਹਨਾਂ ਰਣੀਏਂ ਨੂੰ ਕਿਹਾ ਹੈ ਕਿ ਗਿਆਨੀ ਜੀ ਜਿੱਥੇ ਕਿਤੇ ਵੀ ਹੋਣ ਛੇਤੀ ਤੋਂ ਛੇਤੀ ਬੁਲਾ ਲਿਆਂਦਾ ਜਾਵੇ ।

ਪਿਓ-ਦਾਦੇ ਦੀ ਅੱਛੀ ਖਾਸੀ ਜਾਗੀਰ ਦੇ ਇਕਲੌਤੇ ਮਾਲਕ ਹੋਣ ਕਰਕੇ ਗਿਆਨੀ ਜੀ ਨੂੰ ਸਕੂਲ ਦੇ ਕੰਮ-ਕਾਰ ਨਾਲੋਂ ਖੇਤਾਂ ਅੰਦਰਲੇ ਕਾਰ-ਵਿਹਾਰ ਦਾ ਬਹੁਤਾ ਧਿਆਨ ਰੱਖਣਾ ਪੈਂਦਾ ਹੈ । ਇਸੇ ‘ਮਜਬੂਰੀ ’ ਖਾਤਰ ਉਹ ਪਿਛਲੇ ਪੰਦਰਾਂ-ਸੋਲਾਂ ਵਰ੍ਹਿਆਂ ਤੋਂ ਇਕੋ ਸਕੂਲ ਵਿੱਚ ਬੜੀ ਸਫ਼ਲਤਾ ਨਾਲ ਟਿਕੇ ਹੋਏ ਹਨ। ਉਂਝ ਵੀ ਉਹਨਾਂ ਦੇ ਮਾਨਯੋਗ ਦਾਰ ਜੀ ਦੀ ਹੀ ਪਹਿਲ-ਕਦਮੀਂ ਨਾਲ ਪੱਛੜੇ ਇਲਾਕੇ ਦੇ ਗਰੀਬ-ਗੁਰਬਿਆਂ ਦੀ ਭਲਾਈ ਖਾਤਰ ਇਸ ਨਿੱਕੇ ਜਿਹੇ ਪਿੰਡ ਨੂੰ ਵੱਡਾ ਸਕੂਲ ਪ੍ਰਾਪਤ ਹੋ ਗਿਆ ਸੀ , ਭਾਵੇਂ ਉਹਨਾਂ ਦੇ ਸਰਦਾਰ –ਘਰਾਂ ਦੇ ਬੱਚੇ ਤਾਂ ਦੂਰ –ਪਾਰ ਉੱਚੇ ਦਰਜੇ ਦੇ ਪਬਲਿਕ ਸਕੂਲਾਂ ਤੋਂ ਵਿਦਿਆ ਪ੍ਰਾਪਤ ਕਰਦੇ ਆਏ ਹਨ ।

ਰਣੀਏਂ ਨੂੰ ਦੁਪਹਿਰ ਕੁ ਵੇਲੇ ਦੇ ਗਿਆਨੀ ਜੀ ਦੇ ਬੰਬੀ ਵਾਲੇ ਟਿਕਾਣੇ ਦਾ ਭਲੀ-ਭਾਂਤ ਗਿਆਨ ਹੈ । ਤੀਰ ਹੋਇਆ ਉਹ ਘੜੀਆਂ ਪਲਾਂ ਅੰਦਰ , ਉਹਨਾਂ ਨੂੰ ਨਾਲ ਲਈ ਮੁੜ ਸਕੂਲ ਦਫ਼ਤਰ ਪਹੁੰਚ ਗਿਆ ਹੈ ।

ਮੁੱਖ-ਅਧਿਆਪਕ ਨਾਲ ਸਲਾਹ –ਮਸ਼ਵਰਾ ਕਰਨ ਤੋਂ ਪਹਿਂਲਾਂ ਹੀ ਗਿਆਨੀ ਜੀ ਨੇ ਲਾਗਲੇ ਪਿੰਡਾਂ ਦੇ ਜਾਣੇ-ਪਛਾਣੇ ਦਿਹਾੜੀਦਾਰਾਂ-ਕੰਮੀਆਂ ਦੀ, ਘਰ-ਖੇਤਾਂ ਵਾਂਗ ਕੁੱਤੇ-ਖਾਣੀ ਕਰਨ ਦੀ ਸੋਚੀ ਹੈ , ਪਰ ਕਮਰੇ ਅੰਦਰ ਖਿੱਲਰੀ ਤਲਖੀ ਦੇਖ ਕੇ ਜ਼ਰਾ ਸੰਭਲ ਜਾਂਦੇ ਹਨ ।

-ਕੀ ਮਾਮਲਾ ਐ ਬਈ ਪੰਚੋ , ਕਿਮੇਂ ਧਰਨਾ ਮਾਰਿਐ  ? ਗਿਆਨੀ ਜੀ ਨੇ ਸਿਰਫ਼ ਗੱਲ ਤੋਰਨ ਲਈ ਗੱਲ ਕੀਤੀ ਹੈ ।

-‘ਸਰਦਾਰ ਜੀ , ਥੁਆਨੂੰ ਕੇੜ੍ਹਾ ਪਤਾ ਨੀਂ , ਆਏ ਦਿਨ ਕੋਈ ਨਾ ਕੋਈ ਨਮੀਓਂ ਉਗਰਾਹੀ ਲੱਗੀ ਰਹਿੰਦੀ ਆ । ..ਉਪਰੋਂ ਜੇ ਸਰਕਾਰ ਹਾਨੂੰ ਚਾਰ ਪੈਸੇ ਵੱਖਰੇ ਦਿੰਦੀ ਆ ਤਾਂ ਉਦ੍ਹੇ ‘ਚੋਂ ਵੀ ਤੁਹੀਂ ਆਪਣਾ ਹਿੱਸਾ ਮਾਰ ਲੈਨੇ ਓ ..ਹੈ ਕਿ ਨਹੀਂ ਸਰਾ-ਸਰ ਧੱਕਾ ਇਹ ਮਾਤੜ੍ਹਾਂ ਨਾ- ਖੂੰਟੀ ਵਾਲੇ ਬਿਰਧ ਦਿਸਦੇ ਅੱਧਖੜ ਬਿਰਜੂ ਨੇ ਇਕੋ ਸਾਹੇ ਗਿਲਾ ਛਾਂਟ ਮਾਰਿਆ ਹੈ । ਅਜੇ ਪਿੱਛਲੇ ਕਲ੍ਹ ਤੂੜੀ ਦੀ ਮਗਰੀ ਮੰਗ ਕੇ ਲਿਆਏ ਬਿਰਜੂ ਵਲੋਂ ਆਇਆ ਸਿੱਧਾ-ਸਪਾਟ ਇਲਜ਼ਾਮ ਸੁਣ ਕੇ ਗਿਆਨੀ ਜੀ ਅੰਦਰਲੇ ਸਰਦਾਰ ਨੂੰ ਜਿਵੇਂ ਸਤੀਂ ਕੱਪੜੀਂ ਅੱਗ ਲੱਗ ਗਈ ਹੋਵੇ – ਮੂੰਹ ਸੰਭਾਲ ਕੇ ਬੋਲ ।।ਅਸੀਂ ਕੋਈ ਭੁੱਖ-ਨੰਗ ਨਈਂ ਤੇਰੇ ਅਰਗੇ ।।ਤੇਰੇ ਅਰਗੇ ਪੰਦਰਾਂ-ਵੀਹਾਂ ਨੂੰ ਰੋਜ਼ ਟੁੱਕਰ ਭੁੰਜੇ ਸੁੱਟ ਕੇ ਖੁਆਈਦਾ ..ਆ…. ‘

-ਅਹੀਂ ਥੁਆਨੂੰ ਤਾਂ ਕੁਸ਼ ਨੀ ਆਂਹਦੇ ਸਰਦਾਰ ਬਆਦਰ । ਸਾਡਾ ਤਾਂ ਗਿਲਾ ਹਰੀਜਨ-ਵਜ਼ੀਫੇ ਦੀ ਅੱਧੋ-ਸੁੱਧ ਕਟੌਤੀ ਦੇ ਖਿਲਾਫ਼ ਐ । ‘ ਦੋ-ਚਾਰ ਜਮਾਤਾਂ ਪੜ੍ਹੇ ਦਿਸਦੇ ਨੌਜਵਾਨ ਨੇ ਗਿਆਨੀ ਜੀ ਦਾ ਗੁੱਸਾ ਸ਼ਾਂਤ ਕਰਨ ਲਈ , ਗੱਲਬਾਤ ਦਾ ਰੁੱਖ ਨਰਮਾਈ ਵਲ ਮੋੜਿਆ ਹੈ ।

-ਹੇਦਾਂ ਫੁੱਟੋ ਤਾਂ ਮੂੰਹੋਂ ਬੰਦਿਆਂ ਆਂਗੂ , ਤੁਸੀਂ ਤਾਂ ਹੋਰ ਈ ਘਾਣੀਆਂ ਪਾਈ ਜਾਨੇਂ ਓ …-ਸਹਿਜੇ-ਸਹਿਜੇ ਗਿਆਨੀ ਜੀ ਦਾ ਤਾਪਮਾਨ ਦਫ਼ਤਰ ਅੰਦਰਲੀ ਤਲਖੀ ਦੇ ਬਰਾਬਰ ਆ ਟਿਕਦਾ ਹੈ ।

ਮੁੱਖ-ਚੇਅਰ ਦੀ ਗੱਦੋ-ਦਾਰ ਸੀਟ ਅੰਦਰ ਡੁੱਬੇ ਸਕੂਲ-ਮੁੱਖੀ ਜੀ ਨੂੰ ਗਿਆਨੀ ਜੀ ਦੀ ਆਮਦ ਨਾਲ ਮਿਲਣ ਵਾਲਾ ਠੁੱਮਣਾ , ਡੋਲਦਾ ਜਾਪਿਆ ਹੈ । ਕੰਬਦੇ ਹੱਥਾਂ ਨਾਲ ਹਲਕੀ ਜਿਹੀ ਹਿਲ-ਜੁਲ ਕਰਕੇ ਉਹਨਾਂ ਕਾਲ-ਬੈਂਲ ਰਾਹੀਂ ਖੋਦੇ ਜਿਹੇ ਕਲਰਕ ਨੂੰ ਨਾਲ ਦੇ ਕਮਰਿਉਂ ਬੁਲਾ ਲਿਆ ਹੈ ।

ਕਿੰਨੇ ਸਾਰੇ ਕਾਗਜ਼-ਪੱਤਰ ਵੱਖੀ ਹੇਠ ਦੱਬੀ , ਖੋਦਾ ਜਿਹਾ ਕਲਰਕ , ਕੁੱਬਾ-ਕੁੱਬਾ ਆ ਕੇ ਸਹਿਜ ਨਾਲ ਕੁਰਸੀ ਤੇ ਬੈਠ ਗਿਆ ਹੈ । ਸਕੂਲ ਮੁੱਖੀ ਨੇ ਡੋਲਦੇ ਹੱਥਾਂ ਦੇ ਇਸ਼ਾਰੇ ਨਾਲ ਸੁਰ ਮਿਲਾ ਕੇ , ਉਸ ਨੂੰ ਕੁਝ ਚਾਰਾ ਕਰਨ ਲਈ ਕਿਹਾ ਹੈ ।

ਕਾਗਜ਼ਾਂ ਦੀ ਫਰੋਲਾ-ਫ਼ਰਾਲੀ ਕਰਕੇ ਖੋਦੇ-ਜਿਹੇ ਕਲਰਕ ਨੇ  , ਅੰਗਰੇਜ਼। ਦਾ ਟਾਈਪ ਹੋਇਆ ਇਕ ਗਸ਼ਤੀ –ਪੱਤਰ ਭੀੜ ਵਲ ਵਧਾਉਂਦਿਆਂ ਹੂੰਗਾ ਜਿਹਾ ਮਾਰਿਆ ਹੈ –ਦੋਖੋ ਭਰਾਓ ..ਅਸੀਂ ਕਿਹੜਾ ਸੁੱਖ ਨੂੰ ..!’ ਪੂਰੀ ਗੱਲ ਸਮਝਾਉਣੀ ਉਸ ਨੂੰ ਪਹਾੜ ਜਿੱਡੀ ਸਮੱਸਿਆ ਬਣੀ ਪਈ ਹੈ ।

-ਆਪਣਾ ਸੁੱਖ-ਦੁੱਖ ਤੁਹੀਂ ਆਪੇ ਈ ਨਜਿੱਠੋ ਜੀਈ …ਅਹੀਂ ਨਹੀਂ ਜੇ ਕੱਟਣ ਦੇਣਾ ਬਜ਼ੀਫਿਆਂ ‘ਚੋ ਧੇਲਾ ਬੀ , ਤੇ ਨਾ ਈ ਕਰਨ ਦੇਣੀ ਆ ਕੋਈ ਫਾਲਤੂ ਗਰਾਈ ….‘ਭੀੜ ਦੇ ਮੁੱਖੀ ਨੇ ਆਪਣੀ ਵਲੋਂ ਸਾਰਿਆਂ ਦਾ ਫੈਸਲਾ ਸਾਂਝੇ ਥਾਂ ਆਖ ਟੁੱਕਿਆ ਹੈ ।

ਖੋਦੇ-ਜਿਹੇ ਕਲਰਕ ਹੱਥ ਫੜਿਆ ਗਸ਼ਤੀ –ਪੱਤਰ ਮੁੜ ਦੂਜੇ ਕਾਗਜ਼ਾਂ ਅੰਦਰ ਜਾ ਲੁਕਿਆ ਹੈ । ਸਾਹਮਣਲੀ ਕੰਧ ਨਾਲ ਕੁਰਸੀ ਦੀ ਢੋਅ ਲਾਈ ਅਲਸਾਏ ਬੈਠੇ ਗਿਆਨੀ ਜੀ ਵੀ ਵੱਡੇ ਛੱਤ-ਪੱਖੇ ਵਲ ਨੂੰ ਆਕਾਰਨ ਦੇਖੀ ਜਾ ਰਹੇ ਹਨ , ਜਿਸ ਦੇ ਨਵੇਂ –ਨਕੋਰ ਘੁੱਗੀ –ਰੰਗੇ ਪਰਾਂ ਤੇ ਆ ਬੈਠੀਆਂ ਤਿੰਨ-ਚਾਰ ਚਿੜੀਆਂ ਨੇ ਜਿਵੇਂ ਉਸ ਦੀ ਅਡੋਲ ਸਮਾਧੀ ਭੰਗ ਕਰ ਦਿੱਤੀ ਹੋਵੇ  ਅਤੇ ਰੰਗ –ਬਰੰਗੀ ਤਲ਼ਖੀ ਦੇ ਹੁੰਮਸ ਨਾਲ ਅਸ਼ਾਂਤ ਹੋਏ ਕਮਰੇ ਅੰਦਰ ਘਿਰੇ ਸਕੁਲ –ਮੁੱਖੀ ਸ੍ਰੀ  ਬੱਬਾ ਰਾਰਾ ਗਿੱਲ ਜੀ ਨੂੰ ਇਉਂ ਪ੍ਰਤੀਤ ਹੋਣ ਲੱਗ ਪਿਆ ਹੈ ਜਿਵੇਂ ਉਹਨਾਂ ਦਾ ਜ਼ਿਲਾ ਪੰਜਾਬੀ ਦੀ ਪੂਰਨ ਵਰਤੋਂ ਲਈ ਆਰੰਭ ਕੀਤੀ ਮੁਹਿੰਮ ਵਿੱਚ ਬਾਕੀ ਜ਼ਿਲਿਆਂ ਨਾਲੋਂ ਪਿਛਾਂਹ ਰਹਿ ਚਲਿਆ ਹੋਵੇ ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>