ਫਤਿਹਗੜ੍ਹ ਸਾਹਿਬ – “ਅਸੀਂ ਕੌਮਾਂਤਰੀ ਪੱਧਰ ‘ਤੇ ਆਪਸੀ ਮੁਲਕੀ ਅਤੇ ਕੌਮੀ ਮਸਲਿਆਂ ਨੂੰ ਹੱਲ ਕਰਨ ਲਈ ਟੇਬਲ ਟਾਕ ਦੀ ਵਿਧੀ ਨੂੰ ਪ੍ਰਵਾਨ ਵੀ ਕਰਦੇ ਹਾਂ ਅਤੇ ਇਸ ਦੇ ਮੁੱਦਈ ਵੀ ਹਾਂ। ਪਰ ਜਦੋਂ ਵੀ ਅਜਿਹੇ ਕੌਮਾਂਤਰੀ ਮਸਲਿਆਂ ਸੰਬੰਧੀ ਦੋ, ਤਿੰਨ ਜਾਂ ਚਾਰ ਵੱਧ ਮੁਲਕਾਂ ਦੀ ਮੀਟਿੰਗ ਹੋਵੇ ਅਤੇ ਉਸ ਮੀਟਿੰਗ ਵਿਚ ਸੰਬੰਧਤ ਕੌਮਾਂ ਜਿਹਨਾਂ ਨਾਲ ਇਹ ਕੌਮਾਂਤਰੀ ਝਗੜੇ ਹਨ, ਉਹਨਾਂ ਨੂੰ ਇਹਨਾਂ ਮੀਟਿੰਗਾਂ ਵਿਚ ਭਾਗੀਦਾਰ ਨਾ ਬਣਾਇਆ ਜਾਵੇ ਜਾਂ ਊਹਨਾਂ ਦੀ ਰਾਇ ਨੂੰ ਸੰਜੀਦਾ ਤੌਰ ‘ਤੇ ਮਹੱਤਵ ਨਾ ਦਿੱਤਾ ਜਾਵੇ ਤਾਂ ਅਜਿਹੀਆਂ ਮੁਲਕੀ ਮੀਟਿੰਗਾਂ ਕਦੀ ਵੀ ਸਫ਼ਲ ਨਹੀਂ ਹੋ ਸਕਦੀਆਂ। ਜੋ ਰੂਸ ਦੇ ਉਫਾ ਵਿਖੇ ਬੀਤੇ ਕੁਝ ਦਿਨ ਪਹਿਲੇ ਹਿੰਦ ਅਤੇ ਪਾਕਿ ਦੇ ਵਜੀਰੇ ਆਜਮਾਂ ਦੀ ਇਕੱਤਰਤਾ ਹੋਈ ਸੀ, ਉਸ ਵਿਚ ਕੇਵਲ ਦੋਵਾਂ ਮੁਲਕਾਂ ਨੇ ਆਪੋ ਆਪਣੇ ਦੋਸ਼ੀਆਂ ਦੀ ਹੀ ਗੱਲ ਕੀਤੀ ਸੀ ਨਾ ਕਿ ਏਸ਼ੀਆ ਖਿੱਤੇ ਵਿੱਚੋਂ ਸਰਕਾਰੀ ਅਤੇ ਜਨਤਕ ਅੱਤਵਾਦ ਨੂੰ ਖਤਮ ਕਰਨ ਅਤੇ ਏਸ਼ੀਆ ਖਿੱਤੇ ਵਿਚ ਵੱਸਣ ਵਾਲੀਆਂ ਦੋ ਮੁੱਖ ਕੌਮਾਂ ਕਸ਼ਮੀਰੀ ਮੁਸਲਿਮ ਅਤੇ ਸਿੱਖ ਖਾਲਿਸਤਾਨੀਆਂ ਦੀ ਭਾਵਨਾ ਅਤੇ ਰਾਇ ਨੂੰ ਜਾਨਣ ਜਾਂ ਉਹਨਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਦੋਵਾਂ ਮੁਲਕਾਂ ਨੇ ਵਿਚਾਰ ਲੈਣ ਦੀ ਕੋਈ ਗੱਲ ਨਹੀਂ ਕੀਤੀ। ਜਿਸ ਕਾਰਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਫਾ ਵਾਲੀ ਮੀਟਿੰਗ ਤੋਂ ਬਾਅਦ ਹੀ ਕਹਿ ਦਿੱਤਾ ਸੀ ਕਿ ਇਹ ਮੀਟਿੰਗ ਜਾਂ ਤਾਂ ਹੋ ਹੀ ਨਹੀਂ ਸਕੇਗੀ ਜਾਂ ਫੇਲ੍ਹ ਹੋਵੇਗੀ। ਇਸ ਲਈ ਜੋ 23 ਅਗਸਤ ਨੂੰ ਦਿੱਲੀ ਵਿਖੇ ਦੋਵਾਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਹੋਣੀ ਸੀ, ਉਹ ਰੱਦ ਹੋਣ ‘ਤੇ ਕੋਈ ਵੀ ਅਚੰਭੇ ਵਾਲੀ ਗੱਲ ਨਹੀਂ ਹੋਈ। ਕਿਉਂਕਿ ਕਸ਼ਮੀਰੀਆਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਕੋਈ ਵੀ ਹੁਕਮਰਾਨ ਜਾਂ ਮੁਲਕ ਏਸ਼ੀਆ ਖਿੱਤੇ ਵਿਚ ਅਮਨ-ਚੈਨ ਨੂੰ ਕਾਇਮ ਨਹੀਂ ਰੱਖ ਸਕਦੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 23 ਅਗਸਤ ਦੀ ਰੱਦ ਹੋਈ ਮੀਟਿੰਗ ਸੰਬੰਧੀ ਆਪਣੇ ਖਿਆਲਾਤ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਕੇਵਲ ਏਸ਼ੀਆ ਖਿੱਤੇ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਕਰਨ ਦਾ ਜੋਰਦਾਰ ਹਾਮੀਂ ਹੈ। ਲੇਕਿਨ ਇਹ ਅਮਨ –ਚੈਨ ਅਤੇ ਜਮਹੂਰੀਅਤ ਵੱਖ ਵੱਖ ਮੁਲਕਾਂ ਵਿਚ ਵੱਸਣ ਵਾਲੀ ਆਂ ਘੱਟ ਗਿਣਤੀ ਕੌਮਾਂ ਜਾਂ ਫਿਰਕਿਆਂ ਦੇ ਮਨੁੱਖੀ ਅਤੇ ਇਨਸਾਨੀ ਹੱਕਾਂ ਨੂੰ ਕੁਚਲ ਕੇ ਕਾਇਮ ਨਹੀਂ ਕੀਤੀ ਜਾ ਸਕਦੀ। ਜੋ ਭਾਰਤ, ਪਾਕਿ ਅਤੇ ਚੀਨ ਤਿੰਨੇ ਏਸ਼ੀਆ ਖਿੱਤੇ ਦੇ ਪ੍ਰਮਾਣੂੰ ਤਾਕਤ ਰੱਖਣ ਵਾਲੇ ਮੁਲਕ ਹਨ। ਇਹਨਾਂ ਦੀ ਪੁਰਾਤਨ ਦੁਸ਼ਮਣੀ ਦੀ ਬਦੌਲਤ ਅਤੇ ਹਿੰਦ ਵਿਚ ਘੱਟ ਗਿਣਤੀ ਕੌਮਾਂ ਦੇ ਵਿਧਾਨਕ ਅਤੇ ਸਮਾਜਿਕ ਹੱਕਾਂ ਨੂੰ ਹਕੂਮਤੀ ਪੱਧਰ ‘ਤੇ ਕੁਚਲਣ ਦੀ ਬਦੌਲਤ ਸਰਕਾਰੀ ਦਹਿਸ਼ਤ ਰਾਹੀਂ ਏਸ਼ੀਆ ਖਿੱਤੇ ਦਾ ਅਮਨ ਚੈਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ। ਪਾਕਿਸਤਾਨ ਤਾਂ ਹਿੰਦ ਅਤੇ ਪਾਕਿ ਦੀ ਗੱਲਬਾਤ ਦੌਰਾਨ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਮਹੱਤਵ ਦੇ ਰਿਹਾ ਹੈ ਅਤੇ ਉਹਨਾਂ ਨਾਲ ਸਮੇਂ ਸਮੇਂ ‘ਤੇ ਮੀਟਿੰਗਾਂ ਕਰਕੇ ਸੰਤੁਸ਼ਟ ਕਰਨ ਦਾ ਚਾਹਵਾਨ ਹੈ, ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਮੁਤੱਸਵੀ ਹਿੰਦੂ ਹੁਕਮਰਾਨ ਜਿਹਨਾਂ ਨੇ ਬੀਤੇ ਸਮੇਂ ਵਿਚ ਬਲਿਊ ਸਟਾਰ ਦੇ ਫੌਜੀ ਹਮਲੇ ਸਮੇਂ ਰੂਸ ਅਤੇ ਬਰਤਾਨੀਆਂ ਦੀਆਂ ਹਕੂਮਤਾਂ ਤੋਂ ਫੌਜੀ ਸਹਾਇਤਾ ਲੈ ਕੇ ਹਿੰਦ ਵਿਚ ਵੱਸਣ ਵਾਲੀ ਸਿੱਖ ਕੌਮ ਦਾ ਕਤਲੇਆਮ ਅਤੇ ਨਸਲਕੁਸ਼ੀ ਕੀਤੀ। ਉਹ ਇਕ ਪਾਸੇ ਤਾਂ ਦੁਨੀਆਂ ਵਿਚ ਇਹ ਪ੍ਰਚਾਰ ਰਿਹਾ ਹੈ ਕਿ ਊਹ ਆਪਣੀ ਪ੍ਰਭੂਸੱਤਾ ਵਿਚ ਕਿਸੇ ਵੀ ਦੂਸਰੀ ਧਿਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ। ਦੂਸਰੇ ਪਾਸੇ ਆਪਣੇ ਹੀ ਮੁਲਕ ਹਿੰਦ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਸਿੱਖ ਨਾਗਰਿਕਾਂ ਦਾ ਕਤਲੇਆਮ ਕਰਨ ਲਈ ਖੁਦ ਰੂਸ ਅਤੇ ਬਰਤਾਨੀਆ ਦੀ ਦਖ਼ਲ ਅੰਦਾਜ਼ੀ ਮੰਗਦਾ ਹੈ। ਜਦੋਂ ਪ੍ਰਭੂਸੱਤਾ ਉਤੇ ਹਿੰਦੂ ਹੁਕਮਰਾਨ ਕਿਸੇ ਦੀ ਦਖ਼ਲਅੰਦਾਜ਼ੀ ਨਹੀਂ ਚਾਹੁੰਦੇ , ਫਿਰ ਊਹਨਾਂ ਨੇ ਸਿੱਖ ਕੌਮ ਦੀ ਨਸਲਕੁਸ਼ੀ ਅਤੇ ਕਤਲੇਆਮ ਲਈ ਹਿੰਦ ਦੀ ਪ੍ਰਭੂਸਤਾ ਨੂੰ ਰੂਸ ਅਤੇ ਬਰਤਾਨੀਆਂ ਦੇ ਗਹਿਣੇ ਕਿਉਂ ਪਾਇਆ?
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਿੱਖ ਕੌਮ ਭਾਰਤ ਵਿਚ ਵੱਸਦੀ ਹੈ ਜਿਸ ਦੇ ਦੂਸਰਿਆਂ ਦੀ ਤਰ੍ਹਾਂ ਸਭ ਵਿਧਾਨਕ ਅਤੇ ਸਮਾਜਿਕ ਹੱਕ ਹਕੂਕ ਹਨ, ਫਿਰ ਉਹਨਾਂ ਦੇ ਹੱਕ ਹਕੂਕਾਂ ਨੂੰ ਜਬਰੀ ਕੁਚਲਣ ਵਾਲੇ ਹਿਦੂਤਵ ਹੁਕਮਰਾਨ ਸਰਕਾਰੀ ਦਹਿਸ਼ਤ ਫੈਲਾ ਕੇ ਜਨਤਾ ਵਿਚ ਉੱਠੇ ਰੋਹ ਨੂੰ ਸ਼ਾਂਤ ਕਰਨ ਅਤੇ ਉਹਨਾਂ ਦੇ ਹੱਕ ਹਕੂਕ ਦੇਣ ਲਈ ਕੀ ਕਰ ਰਹੇ ਹਨ? ਹੁਣ ਜਦੋਂ ਸਿੱਖ ਕੌਮ ਨਾ ਤਾਂ ਇਹਨਾਂ ਦੇ ਵਿਧਾਨ ਨੂੰ ਪ੍ਰਵਾਨ ਕਰਦੀ ਹੈ ਅਤੇ ਨਾ ਹੀ ਇਹਨਾਂ ਦੀ ਗੁਲਾਮੀਅਤ ਨੂੰ ਮੰਨਣ ਲਈ ਤਿਆਰ ਹੈ, ਫਿਰ ਗੋਲੀ, ਬੰਦੂਕ ਅਤੇ ਤਾਕਤ ਆਦਿ ਦੇ ਜੋਰ ਨਾਲ ਹਿੰਦੂਤਵ ਹਕੂਮਤ ਸਿੱਖ ਕੌਮ ਨੂੰ ਕਿੰਨਾ ਕੁ ਸਮਾਂ ਜਬਰੀ ਆਪਣੇ ਨਾਲ ਰੱਖ ਸਕੇਗੀ? ਜੋ ਬੀਤੇ ਦਿਨੀਂ 23 ਅਗਸਤ ਨੂੰ ਦੋਵਾਂ ਮੁਲਕਾਂ ਦੀ ਗੱਲਬਾਤ ਹੋਣ ਜਾ ਰਹੀ ਸੀ, ਉਸ ਵਿਚ ਸਿੱਖ ਕੌਮ ਦੀ ਹੋਈ ਨਸਲਕੁਸ਼ੀ , ਕਤਲੇਆਮ ਅਤੇ ਨਿਰੰਤਰ ਹੁੰਦੀਆਂ ਆ ਰਹੀਆਂ ਬੇਇਨਸਾਫੀਆਂ ਅਤੇ ਸਰਕਾਰੀ ਦਹਿਸ਼ਤਗਰਦੀ ਬਾਰੇ ਕੋਈ ਵਿਚਾਰ ਨਾ ਕਰਨਾ ਅਤੇ ਸਿੱਖ ਕੌਮ ਦੇ ਨੁਮਾਇੰਦਿਆਂ ਨੂੰ ਇਸ ਹੋਣ ਵਾਲੀ ਮੀਟਿੰਗ ਵਿਚ ਸ਼ਾਮਿਲ ਨਾ ਕਰਨਾ ਜਾਂ ਉਹਨਾਂ ਦੀ ਰਾਇ ਨਾ ਲੈਣੀ, ਇਹ ਕਾਰਵਾਈਆਂ ਤਾਂ ਅਮਨ ਚੈਨ ਅਤੇ ਜਮਹੂਰੀਅਤ ਨੂੰ ਭੰਗ ਕਰਨ ਵਾਲੀਆਂ ਹਨ। ਆਉਣ ਵਾਲੇ ਸਮੇਂ ਵਿਚ ਵੀ ਜੇਕਰ ਇਹ ਹੁਕਮਰਾਨ ਜਾਂ ਮੁਲਕ ਕਸ਼ਮੀਰੀਆਂ ਅਤੇ ਸਿੱਖਾਂ ਨੂੰ ਪਾਸੇ ਰੱਖ ਕੇ ਜਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਗੱਲ ਕਰਨਗੇ ਤਾਂ ਅਜਿਹੀ ਹੋਣ ਵਾਲੀ ਗੱਲਬਾਤ ਦਾ ਹਸ਼ਰ 23 ਅਗਸਤ ਵਾਲੀ ਮੀਟਿੰਗ ਦੀ ਤਰ੍ਹਾਂ ਹੀ ਹੋਵੇਗਾ। ਜੇਕਰ ਦੋਵੇਂ ਮੁਲਕਾਂ ਦੇ ਹੁਕਮਰਾਨ ਸੰਜੀਦਗੀਨਾਲ ਹਿੰਦ ਅਤੇ ਪਾਕਿ ਵਿਚ ਅਮਨ ਚੈਨ ਨੂੰ ਸਥਾਈ ਤੌਰ ‘ਤੇ ਕਾਇਮ ਕਰਨਾ ਚਾਹੁੰਦੇ ਹਨ ਤਾਂ ਬੀਤੇ ਸਮੇਂ ਵਿਚ ਹਿੰਦ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਕਸ਼ਮੀਰ ਵਿਚ ਵੱਸਣ ਵਾਲੀ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਇਹਨਾਂ ਨੂੰ ਸੁਣਨਾ ਵੀ ਪਵੇਗਾ ਅਤੇ ਉਹਨਾਂ ਦੀ ਰਾਇ ਦੇ ਅਨੁਸਾਰ ਹੀ ਅਜਿਹੀਆਂ ਮੀਟਿੰਗਾਂ ਵਿਚ ਸ਼ਮੂਲੀਅਤ ਕਰਵਾ ਕੇ ਸੰਤੁਸ਼ਟੀ ਕਰਨੀ ਪਵੇਗੀ। ਉਹਨਾਂ ਕਿਹਾ ਕਿ ਜੇਕਰ ਹਿੰਦੂਤਵ ਹੁਕਮਰਾਨ ਨਾਗਾਲੈਂਡ ਦੇ ਬਾਗੀ ਅਤੇ ਜੇਹਾਦੀ ਗਰੁੱਪਾਂ ਦੇ ਆਗੂਆਂ ਨਾਲ ਟੇਬਲ ਟਾਕ ਰਾਹੀਂ ਗੱਲਬਾਤ ਕਰਕੇ ਉਹਨਾਂ ਨਾਲ ਸਮਝੌਤਾ ਕਰ ਸਕਦੇ ਹਨ ਤਾਂ ਸਿੱਖ ਕੌਮ ਅਤੇ ਕਸ਼ਮੀਰੀ ਆਗੂਆਂ ਜੋ ਅਸਲੀਅਤ ਵਿਚ ਸਰਕਾਰੀ ਦਹਿਸ਼ਤਗਰਦੀ ਅਤੇ ਜਬਰ ਜੁਲਮ ਤੋਂ ਪ੍ਰਭਾਵਿਤ ਹਨ , ਉਹਨਾਂ ਨਾਲ ਗੱਲਬਾਤ ਕਰਨ ਤੋਂ ਆਨਾਕਾਨੀ ਕਿਉਂ ਕੀਤੀ ਜਾ ਰਹੀ ਹੈ। ਸਿੱਖ ਕੌਮ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਕੌਮਾਂਤਰੀ ਕਾਨੂੰਨਾਂ ਅਧੀਨ ਤਿੰਨੇ ਹਿੰਦ , ਪਾਕਿ ਅਤੇ ਚੀਨ ਦੀ ਤਿਕੋਨ ਦੇ ਵਿਚਕਾਰ ਬਤੌਰ ਬਫ਼ਰ ਸਟੇਟ ਕਾਇਮ ਕਰਨ ਦੀ ਚਾਹਵਾਨ ਹੈ। ਹਿੰਦ, ਪਾਕਿ ਅਤੇ ਚੀਨ ਇਸ ਬਫ਼ਰ ਸਟੇਟ ਨੂੰ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾਅ ਕੇ ਹੀ ਆਪਣੀ ਤਿੰਨੋਂ ਮੁਲਕਾਂ ਅਤੇ ਏਸ਼ੀਆ ਖਿਤੇ ਦੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖ ਸਕਣਗੇ, ਵਰਨਾ ਅਜਿਹੀਆਂ ਮੀਟਿੰਗਾਂ ਜਾਂ ਹੋਰ ਕਾਰਵਾਈਆਂ ਕੋਈ ਨਤੀਜਾ ਨਹੀਂ ਕੱਢ ਸਕਣਗੀਆਂ।