ਨਵੀਂ ਦਿੱਲੀ – ਦੇਸ਼ ਦੀ ਕੁਲ ਆਬਾਦੀ ਵਿੱਚ ਹਿੰਦੂਆਂ, ਸਿੱਖਾਂ ਅਤੇ ਬੋਧੀਆਂ ਦੀ ਆਬਾਦੀ ਦਾ ਅਨੁਪਾਤ ਘੱਟ ਹੋਇਆ ਹੈ।ਸਿਰਫ਼ ਮੁਸਲਮਾਨਾਂ ਦੀ ਆਬਾਦੀ ਦਾ ਅਨੁਪਾਤ ਵੱਧਿਆ ਹੈ।
ਜਨਗਣਨਾ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2011 ਦੀ ਜਨਗਣਨਾ ਦੇ ਧਰਮ ਦੇ ਆਧਾਰ ਤੇ ਆਬਾਦੀ ਦੇ ਅੰਕੜੇ ਦਰਸਾਏ ਗਏ ਹਨ। ਜਿਸ ਤੋਂ ਪਤਾ ਚੱਲਦਾ ਹੈ ਕਿ ਦੇਸ਼ ਦੀ ਕੁਲ ਆਬਾਦੀ ਵਿੱਚ ਹਿੰਦੂਆਂ ਦੇ ਅਨੁਪਾਤ ਵਿੱਚ 0.7 ਫੀਸਦੀ ਦੀ ਕਮੀ ਆਈ ਹੈ, ਜਦੋਂ ਕਿ ਮੁਸਲਮਾਨਾਂ ਦੀ ਆਬਾਦੀ ਦਾ ਅਨੁਪਾਤ 0.8 ਫੀਸਦੀ ਵੱਧਿਆ ਹੈ।
ਹਿੰਦੂਆਂ ਦੀ ਆਬਾਦੀ ਦੇਸ਼ ਦੀ ਕੁਲ ਜਨਸੰਖਿਆ ਦਾ 79.8 ਫੀਸਦੀ ਮਤਲੱਬ 96.63 ਕਰੋੜ ਹੈ ਅਤੇ ਮੁਸਲਮਾਨਾਂ ਦੀ ਆਬਾਦੀ 14.2 ਫੀਸਦੀ, ਮਤਲੱਬ 17.22 ਕਰੋੜ ਹੈ।
ਗ੍ਰਹਿ ਵਿਭਾਗ ਦੁਆਰਾ ਜਾਰੀ ਰਿਪੋਰਟ ਅਨੁਸਾਰ ਸਿੱਖਾਂ ਦੇ ਅਨੁਪਾਤ ਵਿੱਚ 0.2 ਫੀਸਦੀ ਅਤੇ ਬੋਧੀਆਂ ਦੇ ਅਨੁਪਾਤ ਵਿੱਚ 0.1 ਫੀਸਦੀ ਦੀ ਕਮੀ ਆਈ ਹੈ। ਜੈਨ ਅਤੇ ਈਸਾਈਆਂ ਦੇ ਅਨੁਪਾਤ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ।
ਭਾਰਤ ਦੀ ਕੁਲ ਆਬਾਦੀ ਵਿੱਚ ਸਿੱਖਾਂ ਦੀ ਆਬਾਦੀ 1.7 ਫੀਸਦੀ, ਮਤਲੱਬ 2.08 ਕਰੋੜ ਅਤੇ ਈਸਾਈਆਂ ਦੀ ਆਬਾਦੀ 2.3 ਫੀਸਦੀ, ਮਤਲੱਬ 2.78 ਕਰੋੜ ਹੈ। ਬੋਧੀ 0.7 ਫੀਸਦੀ, ਮਤਲੱਬ 0.84 ਕਰੋੜ, ਜੈਨ 0.4 ਫੀਸਦੀ, ਮਤਲੱਬ 0.45 ਕਰੋੜ ਹੈ। ਇਸ ਤੋਂ ਇਲਾਵਾ ਹੋਰ ਧਰਮਾਂ ਦੇ ਲੋਕ 0.79 ਕਰੋੜ ਹਨ। ਇਸ ਜਨਗਣਨਾ ਵਿੱਚ 0.2 ਕਰੋੜ ਲੋਕ ਕਿਸੇ ਵੀ ਧਰਮ ਵਿੱਚ ਸ਼ਾਮਿਲ ਨਹੀਂ ਹਨ।
ਦੇਸ਼ ਵਿੱਚ 2001-2011 ਦੇ ਦੌਰਾਨ ਕੁਲ ਆਬਾਦੀ ਦੀ ਵਾਧੇ ਦੀ ਦਰ 17.7 ਫੀਸਦੀ ਰਹੀ। ਜਿਸ ਅਨੁਸਾਰ ਹਿੰਦੂ ਆਬਾਦੀ ਦੀ ਵਾਧੇ ਦੀ ਦਰ 16.8 ਫੀਸਦੀ ਰਹੀ, ਜਦੋਂ ਕਿ ਮੁਸਲਮਾਨਾਂ ਦੀ ਆਬਾਦੀ 24.6 ਫੀਸਦੀ ਦੀ ਦਰ ਨਾਲ ਵੱਧੀ। ਸਿੱਖਾਂ ਦੀ ਆਬਾਦੀ ਦੀ ਵਾਧੇ ਦੀ ਦਰ 8.4 ਫੀਸਦੀ, ਈਸਾਈਆਂ ਦੀ 15.5 ਫੀਸਦੀ, ਬੋਧੀਆਂ ਦੀ 6.1 ਫੀਸਦੀ ਅਤੇ ਜੈਨੀਆਂ ਦੀ 5.4 ਫੀਸਦੀ ਰਹੀ।