ਨਵੀਂ ਦਿੱਲੀ : ਇਜਰਾਇਲ ਦੇ ਜਲ ਸੈਨਾ ਮੁੱਖੀ ਵਾਇਸ ਐਡਮੀਰਲ ਰਾਮ ਰੁਤਬਰਗ ਨੇ ਆਪਣੀ ਭਾਰਤ ਫੇਰੀ ਦੌਰਾਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਆਪਣਾ ਅਕੀਦਾ ਭੇਂਟ ਕੀਤਾ। ਭਾਰਤ ਦੇ ਨਾਲ ਸੈਨਾ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਭਾਰਤ ਆਏ ਰੁਤਬਰਗ ਨੇ ਗੁਰਦੁਆਰਾ ਸਾਹਿਬ ਦੀ ਆਪਣੀ ਯਾਤਰਾ ਨੂੰ ਮਨ ਵਿਚ ਸ਼ਾਂਤੀ ਦਾ ਸੁਨੇਹਾ ਲਿਆਉਣ ਦਾ ਪ੍ਰਤੀਕ ਵੀ ਦਸਿਆ।
ਆਪਣੀ ਮਾਤਾ ਵੱਲੋਂ 20 ਸਾਲ ਪਹਿਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਅਤੇ ਜੰਮੂ ਕਸ਼ਮੀਰ ਦੀ ਕੀਤੀ ਗਈ ਯਾਤਰਾ ਦਾ ਹਵਾਲਾ ਦਿੰਦੇ ਹੋਏ ਰੁਤਬਰਗ ਨੇ ਆਪਣੀ ਮਾਤਾ ਦੇ ਸਿੱਖ ਧਰਮ ਤੋਂ ਕਾਫੀ ਪ੍ਰਭਾਵਿਤ ਹੋਣ ਦੀ ਵੀ ਗੱਲ ਮੰਨੀ। ਸਮੇਂ ਦੀ ਘਾਟ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਨਾ ਜਾਉਣ ਤੇ ਵੀ ਰੁਤਬਰਗ ਨੇ ਅਫਸੋਸ ਪ੍ਰਗਟਾਇਆ।
ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਖੇ ਗੁਰ ਚਰਨਾਂ ’ਚ ਸੀਸ ਨਿਵਾਉਣ ਉਪਰੰਤ ਰੁਤਬਰਗ ਨੇ ਆਪਣੀ ਧਰਮ ਸੁਪਤਨੀ ਨਾਲ ਲੰਗਰ ਹਾਲ ਵਿਖੇ ਲੰਗਰ ਪਕਾਉਣ ਦੀ ਹੱਥੀ ਸੇਵਾ ਵੀ ਕੀਤੀ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਰੁਤਬਰਗ ਦੇ ਨਾਲ ਆਏ ਉੱਚ ਅਧਿਕਾਰੀਆਂ ਨੂੰ ਸਿਰੋਪਾਉ ਦੀ ਬਖਸ਼ਿਸ ਵੀ ਕੀਤੀ। ਰੁਤਬਰਗ ਦੇ ਨਾਲ ਇਸ ਮੌਕੇ ਮਿਸ਼ੇਲ ਰੁਤਬਰਗ, ਕਰਨਲ ਤਜਵੀ ਪਰਾਗ, ਕਰਨਲ ਜੀਵ ਮਿਰਤਾਰੀ, ਲੈਫਟੀਨੈਂਟ ਕਰਨਲ ਆਸ਼ਫ ਅਤੇ ਲੈਫਟੀਨੈਂਟ ਕਰਨਲ ਊਰੀ ਮੌਜ਼ੂਦ ਸਨ।