ਇਸਲਾਮਾਬਾਦ- ਪਾਕਿਸਤਾਨ ਦੇ ਰੱਖਿਆ ਮੰਤਰੀ ਮੁਹੰਮਦ ਆਸਿਫ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਭਾਰਤ ਨੇ ਪਾਕਿਸਤਾਨ ਤੇ ਯੁੱਧ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਿਸ ਨੂੰ ਉਹ ਕਈ ਦਹਾਕਿਆਂ ਤੱਕ ਯਾਦ ਰੱਖੇਗਾ।
ਰੱਖਿਆ ਮੰਤਰੀਆਸਿਫ ਨੇ ਕਿਹਾ, ‘ ਪਾਕਿਸਤਾਨ ਦੀ ਸੈਨਾ ਕਿਸੇ ਵੀ ਕੀਮਤ ਤੇ ਆਪਣੀ ਸਰਜ਼ਮੀਨ ਦੇ ਇੱਕ-ਇੱਕ ਇੰਚ ਦੀ ਰੱਖਿਆ ਕਰੇਗੀ।’ ਇਹ ਸ਼ਬਦ ਉਹਨਾਂ ਨੇ ਸਿਆਲਕੋਟ ਵਿੱਚ ਇੰਟਰਨੈਸ਼ਨਲ ਸਰਹੱਦ ਨਾਲ ਲਗਦੇ ਪਿੰਡ ਕੁੰਦਨਪੁਰ ਦੇ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਕਹੇ ਸਨ।
ਉਨ੍ਹਾਂ ਨੇ ਇਹ ਵੀ ਕਿਹਾ, ‘ ਭਾਰਤ ਦਾ ਅਸਲੀ ਚਿਹਰਾ ਸਾਮਣੇ ਆ ਗਿਆ ਹੈ, ਕਿਉਂਕਿ ਉਹ ਪਾਕਿਸਤਾਨ ਵਿੱਚ ਅੱਤਵਾਦ ਦੀ ਮੱਦਦ ਕਰਦਾ ਹੈ ਅਤੇ ਸਰਹੱਦ ਤੇ ਐਲਓਸੀ ਦੇ ਨਜ਼ਦੀਕ ਉਕਸਾਉਣ ਦੀ ਗੋਲੀਬਾਰੀ ਕਰਕੇ ਤਣਾਅ ਪੈਦਾ ਕਰਦਾ ਹੈ।’ ਉਨ੍ਹਾਂ ਦਾ ਇਹ ਬਿਆਨ ਸਰਹੱਦ ਅਤੇ ਐਲਓਸੀ ਤੇ ਵੱਧ ਰਹੇ ਤਣਾਅ ਦੇ ਬਾਅਦ ਆਇਆ ਹੈ।
ਆਸਿਫ ਅਨੁਸਾਰ ਭਾਰਤ ਆਪਣੀਆਂ ਅੰਦਰੂਨੀ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਬਾਰਡਰ ਤੇ ਅਜਿਹੀਆਂ ਤਣਾਅ ਪੈਦਾ ਕਰਨ ਵਾਲੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਭਾਰਤ ਵੱਲੋਂ ਪਾਕਿਸਤਾਨ ਵਿੱਚ ਦਖਲਅੰਦਾਜ਼ੀ ਕਰਨ ਦੇ ਸਬੂਤ ਹਨ, ਜੋ ਕਿ ਯੂਐਨ ਅਤੇ ਅਮਰੀਕਾ ਦੇ ਸਾਹਮਣੇ ਪੇਸ਼ ਕੀਤੇ ਜਾਣਗੇ।