ਅੰਮ੍ਰਿਤਸਰ – ਖਾਲਸਾ ਪੰਥ ਦੇ ਮਹਾਨ ਸਪੁੱਤਰ, ਸਿੱਖ ਕੋਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਅਤੇ ਸਿੱਖ ਨੌਜਵਾਨੀ ਦੇ ਘਾਣ ਨੂੰ ਠੱਲ ਪਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ ਅੱਜ ਖਾਲਸਾਈ ਜਾਹੋ-ਜਲਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਹੈ। ਉਨ੍ਹਾਂ ਸਾਰੀਆਂ ਸ਼ੰਘਰਸ਼ਸ਼ੀਲ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਸਬੋਧਨ ਕਰਦਿਆਂ ਕਿਹਾ ਕਿ ਸਮੂੰਹ ਸ਼ਹੀਦਾ ਦੇ ਸਮਾਗਮ ਇੱਕਠੇ ਹੋ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਅਖੰਡ ਕੀਤਰਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬੱਲਦੇਵ ਸਿੰਘ ਨੇ ਕਿਹਾ ਕਿ ਵਿਸ਼ਾਖੀ 1978 ਤੋਂ ਲੈ ਕਿ ਸਿੱਖ ਸੰਘਰਸ਼ ਦੌਰਾਨ ਸ਼ਹੀਦੀਆਂ ਦੀ ਕਤਾਰ ‘ਚ ਸ਼ਹੀਦ ਹੋਏ ਭਾਈ ਦਿਲਾਵਰ ਸਿੰਘ ਬੱਬਰ ਦੀ ਮਹਾਨ ਕੁਰਬਾਨੀ ਨੂੰ ਸੰਗਤਾਂ ਪ੍ਰਣਾਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਨੂੰ ਮਾਣਤਾ ਪ੍ਰਵਾਣਤਾ ਦਿੰਦਿਆਂ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੂੰ ਕੋਮੀ ਸ਼ਹੀਦ ਐਲਾਨਿਆ ਗਿਆ ਹੈ ਇਸੇ ਲੜੀ ਵਿਚ ਸ਼ਹੀਦ ਹੋਏ ਸਮੂਚੇ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ‘ਚ ਬੰਦ ਬੰਧੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ‘ਚ ਸੰਗਤਾਂ ਸਾਥ ਦੇਣ। ਇਸ ਮੌਕੇ ਉਨ੍ਹਾਂ ਘਰੋ ਬੇਘਰ ਹੋਏ ਜਲਾਵਤਨ ਸਿੰਘਾਂ ਦੀ ਘਰ ਵਾਪਸੀ ਦੀ ਅਰਦਾਸ ਕੀਤੀ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਨੇ ਸਾਰੀ ਸਿੱਖ ਕੌਮ ਵੱਲੋਂ ਕਿਹਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਈ ਜਾਵੇ। ਉਨ੍ਹਾਂ ਇਸ ਮੌਕੇ ਬਰਸੀ ਸਮਾਗਮ ‘ਚ ਸ਼ਾਮਲ ਹੋਣ ਲਈ ਜਰਮਨੀ ਤੋਂ ਉਚੇਰੇ ਤੌਰ ਤੇ ਪ੍ਰਵਾਸੀ ਸਿੱਖ ਸੰਗਤਾਂ ਦੇ ਕਾਫਲੇ ਨਾਲ ਪਹੁੰਚੇ ਭਾਈ ਭਪਿੰਦਰ ਸਿੰਘ ਭਲਵਾਨ ਦਾ ਧੰਨਵਾਦ ਕਰਦਿਆਂ ਕਨੈਡਾ, ਅਮਰੀਕਾ, ਯੂ.ਕੇ ਅਤੇ ਯੁਰੋਪ ਸਮੇਤ ਵਿਦੇਸ਼ਾਂ ਵਿਚ ਵਸਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਾਲ ਦੀ ਤਰਾ ਹਰ ਸਾਲ ਸ਼ਹੀਦੀ ਸਮਾਗਮ ਲਈ ਭਾਈ ਭੁਪਿੰਦਰ ਸਿੰਘ ਭਲਵਾਨ ਨੂੰ ਸਹਿਯੋਗ ਦਿੱਤਾ ਜਾਵੇ। ਸਮਾਗਮ ਦੀ ਸਮਾਪਤੀ ਮੋਕੇ ਸ਼ਹੀਦ ਦਿਲਾਵਰ ਸਿੰਘ ਬੱਬਰ ਦੀ ਮਾਤਾ ਬੀਬੀ ਸੁਰਜੀਤ ਕੌਰ ਅਤੇ ਭਰਾ ਭਾਈ ਚਮਕੌਰ ਸਿੰਘ ਸਮੇਤ ਸ਼ਹੀਦ ਪਰਿਵਾਰਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਬਰ ਖਾਲਸਾ ਦੇ ਮੁੱਖੀ ਭਾਈ ਵਧਾਵਾ ਸਿੰਘ ਅਤੇ ਡਿਪਟੀ ਮੁੱਖੀ ਭਾਈ ਜਗਤਾਰ ਸਿੰਘ ਹਵਾਰਾ ਭਾਈ ਜੋਗਾ ਸਿੰਘ ਯੂ.ਕੇ, ਭਾਈ ਅਵਤਾਰ ਸਿੰਘ ਯੂ.ਕੇ, ਭਾਈ ਬਲਬੀਰ ੰਿਸੰਘ ਜਥੇਦਾਰ, ਭਾਈ ਰਜਿੰਦਰ ਸਿੰਘ ਪੁਰੇਵਾਲ, ਭਾਈ ਬਲਵਿੰਦਰ ਸਿੰਘ ਨਨੂੰਆਂ ਸਮੇਤ ਵੱਖ ਵੱਖ ਆਗੁਆਂ ਦੇ ਸੁਨੇਹੇ ਵੀ ਪੜੇ ਗਏ। ਸਮਾਗਮ ਦੌਰਾਨ ਦਲ ਖਾਲਸਾ ਦੇ ਭਾਈ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੂਮਾਣ, ਪੰਚ ਪ੍ਰਧਾਨੀ ਦੇ ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਹਰਪਾਲ ਸਿੰਘ ਚੀਮਾ, ਅਕਾਲੀ ਦਲ ਅੰਮ੍ਰਿਤਸਰ ਦੇ ਜਸਕਰਨ ਸਿੰਘ ਕਾਹਣ ਸਿੰਘ ਵਾਲਾ, ਜਰਨੈਲ ਸਿੰਘ ਸਖੀਰਾ, ਭਾਈ ਕਮੀਕਰ ਸਿੰਘ, ਯੁਨਾਇਟੀਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਪ੍ਰੋ. ਮਹਿੰਦਰ ਪਾਲ ਸਿੰਘ, ਅਮਰੀਕ ਸਿੰਘ ਨੰਗਲ, ਸਿੱਖ ਸਟੂਡੈਂਟ ਫੈਡਰੇਸ਼ਨ ਭਿੰਡਰਾਵਾਲ ਦੇ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ, ਸਿੱਖ ਰਲੀਫ ਯੂ.ਕੇ ਦੇ ਭਾਈ ਗੁਰਪ੍ਰੀਤ ਸਿੰਘ ਖਾਲਸਾ, ਭਾਈ ਪਰਮਿੰਦਰ ਸਿੰਘ ਸਿੰਘ ਸਭਾ ਲਹਿਰ, ਭਾਈ ਰਾਜ ਸਿੰਘ ਸਹਿਣਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਅੰਮ੍ਰਿਤਸਰ ਦੇ ਡਾ.ਗੁਰਜਿੰਦਰ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਵੱਡੀ ਗਿਣਤੀ ਵਿਚ ਸਿੰਘ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਕੌਮੀ ਸ਼ਹੀਦ ਦਿਲਾਵਰ ਸਿੰਘ ਦਾ ਸ਼ਹੀਦੀ ਸਮਾਗਮ
This entry was posted in ਪੰਜਾਬ.