ਫਤਿਹਗੜ੍ਹ ਸਾਹਿਬ, (ਅਰੁਣ ਆਹੂਜਾ) – ‘‘ਪਾਰਟੀ ਵੱਲੋਂ ਕੁਝ ਸਮਾਂ ਪਹਿਲੇ ਫਰੀਦਕੋਟ ਜ਼ਿਲ੍ਹੇ ਦੀਆਂ ਸਰਗਰਮੀਆਂ ਨੂੰ ਵਧਾਉਣ ਹਿੱਤ ਸ. ਸੁਰਜੀਤ ਸਿੰਘ ਅਰਾਈਆਂਵਾਲਾ ਨੂੰ ਫਰੀਦਕੋਟ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦ (ਅ) ਦੀ ਜਥੇਬੰਦੀ ਬਤੌਰ ਐਕਟਿੰਗ ਪ੍ਰੇਜੀਡੈਂਟ ਦੀ ਸੇਵਾ ਇਸ ਲਈ ਦਿੱਤੀ ਗਈ ਸੀ ਕਿਉਂ ਕਿ ਸ. ਕਰਮਜੀਤ ਸਿੰਘ ਸਿੱਖਾਂਵਾਲਾ ਜੋ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸਨ, ਉਹਨਾਂ ਦੀ ਆਪਣੀ ਸਿਹਤ ਅਤੇ ਘਰੇਲੂ ਮੁਸ਼ਕਿਲ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਕੁਝ ਸਮੇਂ ਲਈ ਪਾਰਟੀ ਨੂੰ ਸੇਵਾ ਨਹੀਂ ਸਨ ਦੇ ਸਕਦੇ। ਪਰ ਬੀਤੇ ਕੁਝ ਸਮੇਂ ਤੋਂ ਅਤੇ ਬੀਤੇ ਦਿਨੀਂ ਭਾਈ ਸਤਵਿੰਦਰ ਸਿੰਘ ਭੋਲੇ ਦੀ ਭੋਗ ਰਸਮ ਸਮੇਂ ਪਾਰਟੀ ਵਿਰੋਧੀ ਕਾਰਵਾਈਆਂ ਅਤੇ ਅਨੁਸ਼ਾਸਨ ਭੰਗ ਕਰਨ ਬਦੌਲਤ, ਬਤੌਰ ਚੇਅਰਮੈਨ ਅਨੁਸ਼ਾਸਨ ਕਮੇਟੀ ਅਕਾਲੀ ਦਲ (ਅ) ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਾਰਟੀ ਹਿੱਤ ਨੂੰ ਮੁੱਖ ਰੱਖਦੇ ਹੋਏ, ਸ. ਸੁਰਜੀਤ ਸਿੰਘ ਅਰਾਈਆਂਵਾਲਾ ਨੂੰ ਪਾਰਟੀ ਦੇ ਫਰੀਦਕੋਟ ਜ਼ਿਲ੍ਹੇ ਦੇ ਐਕਟਿੰਗ ਪ੍ਰੇਜੀਡੈਂਟ ਦੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ। ਇਸ ਸੰਬੰਧੀ ਫਰੀਦਕੋਟ ਜ਼ਿਲ੍ਹੇ ਦੇ ਆਹੁਦੇਦਾਰ ਅਤੇ ਵਰਕਰ ਅਤੇ ਪਾਰਟੀ ਦੇ ਐਗਜੈਕੇਟਿਵ ਮੈਂਬਰਾਨ ਸ. ਸੁਰਜੀਤ ਸਿੰਘ ਅਰਾਈਆਂਵਾਲਾ ਨਾਲ ਕਿਸੇ ਤਰ੍ਹਾਂ ਦਾ ਵੀ ਸਿਆਸੀ ਸੰਬੰਧ ਨਾ ਰੱਖਣ। ਇਸ ਉਪਰੋਕਤ ਮੁਅੱਤਲੀ ਦੇ ਕੀਤੇ ਗਏ ਹੁਕਮਾਂ ਵਾਲੇ ਪਾਰਟੀ ਨੀਤੀ ਬਿਆਨ ਉਤੇ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ/ ਚੇਅਰਮੈਨ ਅਨੁਸ਼ਾਸਨ ਕਮੇਟੀ ਅਕਾਲੀ ਦਲ (ਅ) ਦੇ ਦਸਤਖਤਾਂ ਵਾਲਾ ਪ੍ਰੈਸ ਬਿਆਨ ਜਾਰੀ ਕੀਤਾ ਗਿਆ। ਉਹਨਾਂ ਕਿਹਾ ਕਿ ਕਿਸੇ ਵੀ ਆਹੁਦੇਦਾਰ, ਕਾਰਜਕਾਰਨੀ ਮੈਂਬਰ ਜਾਂ ਜ਼ਿਲ੍ਹਾ ਪ੍ਰਧਾਨ ਵੱਲੋਂ ਜਾਣਬੁੱਝ ਕੇ ਪਾਰਟੀ ਅਨੁਸ਼ਾਸਨ ਭੰਗ ਕਰਦੇ ਹੋਏ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਨੂੰ ਜਥੇਬੰਦੀ ਕਤਈ ਬਰਦਾਸ਼ਤ ਨਹੀਂ ਕਰੇਗੀ। ਕਿਉਕਿ ਕਿਸੇ ਵੀ ਸੰਗਠਨ, ਜਥੇਬੰਦੀ, ਟੀਮ ਦੀ ਜਿੱਤ ਅਤੇ ਨਿਸ਼ਾਨੇ ਦੀ ਪ੍ਰਾਪਤੀ ਉਦੋਂ ਤੱਕ ਨਹੀਂ ਹੋ ਸਕਦੀ, ਜਦੋਂ ਤੱਕ ਸਮੁੱਚੀ ਟੀਮ ਅਨੁਸ਼ਾਸਿਤਬੱਧ ਹੋ ਕੇ , ਸੀਨੀਅਰ ਅਤੇ ਜੂਨੀਅਰ ਦੀ ਇੱਜਤ ਮਾਣ ਦਾ ਖਿਆਲ ਰੱਖਦੇ ਹੋਏ ਅਤੇ ਪਾਰਟੀ ਸੋਚ ਅਤੇ ਨੀਤੀਆਂ ਉਤੇ ਹਰ ਅਹੁਦੇਦਾਰ ਇਮਾਨਦਾਰੀ ਨਾਲ ਪਹਿਰਾ ਨਹੀਂ ਦਿੰਦਾ। ਉਹਨਾਂ ਕਿਹਾ ਕਿ ਜਦੋਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਮੁਤਾਬਿਕ ਸਮੁੱਚੀ ਜਥੇਬੰਦੀ ਦੂਸਰੀਆਂ ਪੰਥਕ ਅਤੇ ਹੋਰ ਜਥੇਬੰਦੀਆਂ ਨਾਲ ਸਦਭਾਵਨਾ ਭਰੇ ਸੰਬੰਧ ਰੱਖਦੇ ਹੋਏ ਆਉਣ ਵਾਲੀਆਂ 2017 ਦੀਆਂ ਅਸੈਂਬਲੀ ਚੋਣਾਂ ਲਈ ਕਾਂਗਰਸ, ਬੀਜੇਪੀ ਅਤੇ ਬਾਦਲ ਦਲ ਦੇ ਵਿਰੁੱਧ ਇਕ ਦੇ ਮੁਕਾਬਲੇ ਇਕ ਸਾਂਝਾ ਪੰਥਕ ਉਮੀਦਵਾਰ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੋ ਚੁੱਕੇ ਹਨ ਅਤੇ 2017 ਦੀ ਪੰਜਾਬ ਦੀ ਹਕੂਮਤ ਪੰਥਕ ਵਿਚਾਰਧਾਰਾ ਵਾਲਿਆਂ ਦੀ ਬਣਾਉਣ ਲਈ ਸੰਜੀਦਾ ਹਨ, ਤਾਂ ਉਸ ਸਮੇਂ ਸ. ਸੁਰਜੀਤ ਸਿੰਘ ਅਰਾਈਆਂਵਾਲਾ ਵੱਲੋਂ ਪੰਥਕ ਏਕਤਾ ਅਤੇ ਅਕਾਲੀ ਦਲ (ਅ) ਦੇ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੀਤੀ ਗਈ ਕੋਸ਼ਿਸ਼ ਪੰਥਕ ਮਿਸ਼ਨ ਦੀ ਪ੍ਰਾਪਤੀ ਵਿੱਚ ਵਿਘਨ ਪਾਉਣ ਵਾਲੀ ਹੈ। ਇਸ ਲਈ ਸ. ਅਰਾਈਆਂਵਾਲਾ ਵਿਰੁੱਧ ਫੌਰੀ ਕਾਰਵਾਈ ਕਰਦੇ ਹੋਏ ਜਿਥੇ ਉਸਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ, ਉਥੇ ਸਮੁੱਚੇ ਆਹੁਦੇਦਾਰਾਂ ਅਤੇ ਪਾਰਟੀ ਮੈਂਬਰਾਂ ਨੂੰ ਪੂਰੀ ਸੁਹਿਰਦਤਾ ਨਾਲ ‘‘ਪੰਥਕ ਏਕਤਾੂ ਦੇ ਮਿਸ਼ਨ ਅਤੇ 2017 ਵਿੱਚ ਹਮ ਖਿਆਲੀ ਵਿਧਾਨਕਾਰਾਂ ਨੂੰ ਜਿਤਾ ਕੇ ਸਰਕਾਰ ਬਣਾਉਣ ਦੀਆਂ ਜਿੰਮੇਵਾਰੀਆਂ ਨਿਭਾਉਣ ਦਾ ਵੀ ਸੰਦੇਸ਼ ਦਿੱਤਾ ਜਾਂਦਾ ਹੈ ਅਤੇ ਪੰਜਾਬ ਦੇ ਬਸਿੰਦਿਆਂ ਦੇ ਨਾਲ ਹੋ ਰਹੀਆਂ ਬੇਇਨਸਾਫੀਆਂ ਵਿਚ ਪਾਰਟੀ ਆਹੁਦੇਦਾਰਾਂ ਨੂੰ ਆਪਣੀ ਭੂਮਿਕਾ ਨਿਭਾਉਂਦੇ ਹੋਏ ਸੱਚ ਹੱਕ ਉਤੇ ਪਹਿਰਾ ਦੇਣ ਅਤੇ ਹਲੀਮੀ ਰਾਜ ਵਾਲਾ ਨਿਜਾਮ ਕਾਇਮ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।