ਨਵੀਂ ਦਿੱਲੀ : ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਿਸ਼ੇਸ਼ ਸਦੇ ਤੇ ਬੀਤੇ ਦਿਨੀਂ ਲੁਧਿਆਣਾ ਸਥਿਤ ਜਵਦੀ ਟਕਸਾਲ ਵਿਖੇ ਪੁਜੇ, ਜਿਥੇ ਟਕਸਾਲ ਦੇ ਮੁੱਖੀਆਂ ਬਾਬਾ ਅਮੀਰ ਸਿੰਘ ਅਤੇ ਹੋਰਾਂ ਵਲੋਂ ਉਨ੍ਹਾਂ ਨੂੰ ਹਾਰਦਿਕ ਜੀ ਆਇਆਂ ਕਿਹਾ ਗਿਆ ਅਤੇ ਸਿਰੋਪਾਉ ਦੀ ਬਖਸ਼ਸ਼ ਕਰ ਸਨਮਾਨਤ ਕੀਤਾ ਗਿਆ। ਸ. ਰਾਣਾ ਨੇ ਇਸ ਮੌਕੇ ਜਵਦੀ ਟਕਸਾਲ ਦੇ ਮੁਖੀਆਂ ਵਲੋਂ ਕੀਤੇ ਗਏ ਆਪਣੇ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਟਕਸਾਲ ਦੇ ਮੁੱਖੀ ਰਹੇ ਬਾਬਾ ਸੁੱਚਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਬਾਬਾ ਸੁਚਾ ਸਿੰਘ ਜੀ ਦੀ ਅਗਵਾਈ ਵਿੱਚ ਜਵਦੀ ਟਕਸਾਲ ਵਲੋਂ ਗੁਰਬਾਣੀ ਪ੍ਰਚਾਰ ਦੇ ਖੇਤ੍ਰ ਵਿੱਚ ਮਹਤਵਪੂਰਣ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਵਦੀ ਟਕਸਾਲ ਨੇ ਕਿ ਤੰਤੀ ਸਾਜ਼ਾਂ ਰਾਹੀਂ ਗੁਰਬਾਣੀ ਕੀਰਤਨ ਕਰਨ ਦੀ, ਇੱਕ ਤਰ੍ਹਾਂ ਭੁਲਾਈ ਜਾ ਚੁਕੀ ਪੁਰਾਤਨ ਪਰੰਪਰਾ ਨੂੰ ਮੁੜ ਸੁਰਜੀਤ ਹੀ ਨਹੀਂ ਕੀਤਾ, ਸਗੋਂ ਇਸਨੂੰ ਵਿਦੇਸ਼ਾਂ ਵਿੱਚ ਵੀ ਪ੍ਰਚਲਤ ਕਰ ਗੁਰਬਾਣੀ ਪ੍ਰਚਾਰ ਵਿੱਚ ਪ੍ਰਸ਼ੰਸਾਯੋਗ ਭੂਮਿਕਾ ਨਿਭਾਈ ਗਈ ਹੈ। ਇਸ ਮੌਕੇ ਟਕਸਾਲ ਦੇ ਮੁੱਖੀਆਂ ਬਾਬਾ ਅਮੀਰ ਸਿੰਘ ਆਦਿ ਨੇ ਰਾਣਾ ਪਰਮਜੀਤ ਸਿੰਘ ਵਲੋਂ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਵਜੋਂ ਸਿੱਖੀ ਦੇ ਪ੍ਰਚਾਰ ਦੇ ਖੇਤ੍ਰ ਵਿੱਚ ਕੀਤੀ ਜਾ ਰਹੀ ਸੇਵਾ ਅਤੇ ਪਾਏ ਜਾ ਰਹੇ ਯੋਗਦਾਨ ਨੂੰ ਇਤਿਹਾਸਕ ਕਰਾਰ ਦਿੱਤਾ।