ਨਵੀਂ ਦਿੱਲੀ : ਹਿੰਦੀ ਫਿਲਮ ਸਿੰਘ ਇਜ ਬਲਿੰਗ ਦੇ ਪੋਸਟਰ ਅਤੇ ਟ੍ਰੇਲਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਤਰਾਜ ਚੁੱਕਣ ਉਪਰੰਤ ਫਿਲਮ ਦੇ ਮੁੱਖ ਕਲਾਕਾਰ ਅਕਸ਼ੈ ਕੁਮਾਰ ਨੇ ਸਾਰੇ ਐਤਰਾਜਾਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਹੈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੀ ਅਗੁਵਾਈ ’ਚ ਮੰੁਬਈ ਗਏ ਇੱਕ ਵੱਫਦ ਨੇ ਫਿਲਮ ਦੇ ਸੰਬਧ ਵਿੱਚ ਅਕਸ਼ੈ ਨਾਲ ਵਿਸਤਾਰ ਨਾਲ ਚਰਚਾ ਕੀਤੀ। ਕੜ੍ਹੇ ਦੇ ਉਪਰ ਬਾਣੀ ਲਿਖਣ ਅਤੇ ਕੜ੍ਹੇ ਦੇ ਅੰਦਰ ਘੱਟ ਕਪੜਿਆਂ ’ਚ ਆਪਣੇ ਜਿਸ਼ਮ ਦੀ ਨੁਮਾਇਸ਼ ਕਰ ਰਹੀ ਕਲਾਕਾਰ ਦੀ ਫੋਟੋ ਫਿਲਮ ਦੇ ਪੋਸਟਰ ਤੇ ਛਾਪਣ ਨੂੰ ਸਿੱਖ ਸਿਧਾਂਤਾ ਦੀ ਬੇਅਦਬੀ ਅਤੇ ਬਾਣੀ ਦੀ ਦੁਰਵਰਤੋ ਕਰਾਰ ਦਿੰਦੇ ਹੋਏ ਰਾਣਾ ਨੇ ਅਕਸ਼ੈ ਨੂੰ ਇਸ ਸੰਬੰਧੀ ਸਿੱਖਾਂ ਦੀ ਭਾਵਨਾਂਵਾ ਨਾਲ ਜਾਣੂ ਕਰਵਾਇਆ।
ਇਸ ਦੇ ਨਾਲ ਹੀ ਫਿਲਮ ਦੇ ਯੂ-ਟਿਯੂਬ ਤੇ ਅਪਲੋਡ ਕੀਤੇ ਗਏ ਟ੍ਰੇਲਰ ’ਚ 1ਤੋਂ 5 ਨੰਬਰ ਦੀ ਉਲਟੀ ਗਿਣਤੀ ਨਾਲ ਸ੍ਰੀ ਦਰਬਾਰ ਸਾਹਿਬ, ਕੁਸ਼ਤੀ ਅਤੇ ਸ਼ਰਾਬ ਦੀਆਂ ਬੋਤਲਾਂ ਦੀਆਂ ਤਸ਼ਵੀਰਾਂ ਨੂੰ ਸਿੱਖ ਸਭਿਆਚਾਰ ਦਾ ਹਿੱਸਾ ਬਣਾਉਣ ਤੇ ਵੀ ਰਾਣਾ ਨੇ ਨਰਾਜ਼ਗੀ ਜਤਾਈ। ਰਾਣਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਨਾਲ ਕੁਸ਼ਤੀ ਜਾਂ ਸ਼ਰਾਬ ਦੀਆਂ ਬੋਤਲਾਂ ਨੂੰ ਦਿਖਾਉਣਾ ਸਿੱਖ ਸਭਿਆਚਾਰ ਨੂੰ ਬਦਨਾਮ ਕਰਨਾ ਹੈ। ਇਸ ਵੱਫਦ ’ਚ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ, ਸੈਂਸਰ ਬੋਰਡ ਦੀ ਸਲਾਹਕਾਰ ਕਮੇਟੀ ’ਚ ਸਿੱਖ ਮੈਂਬਰ ਬੀਬੀ ਗੁਰਪ੍ਰੀਤ ਕੌਰ ਚੱਢਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੰਬਈ ਤੋਂ ਨਾਮਜਦ ਮੈਂਬਰ ਗੁਰਿੰਦਰ ਸਿੰਘ ਬਾਵਾ ਮੌਜ਼ੂਦ ਸਨ।
ਵੱਫਦ ਦੀ ਗੱਲਾਂ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਅਕਸ਼ੈ ਵੱਲੋਂ ਵਿਵਾਦ ਦਾ ਕਾਰਨ ਬਣੇ ਪੋਸਟਰ ਨੂੰ ਵਾਪਿਸ ਲੈਣ ਦੇ ਨਾਲ ਹੀ ਫਿਲਮ ਦੇ ਅਧਿਕਾਰਿਕ ਟ੍ਰੇਲਰ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਸ਼ਰਾਬ ਦੀਆਂ ਤਸਵੀਰਾਂ ਨੂੰ ਹਟਾਉਂਦੇ ਹੋਏ ਯੂ-ਟਿਯੂਬ ਤੇ ਨਵਾਂ ਟ੍ਰੇਲਰ ਅਪਲੋਡ ਕਰਨ ਦਾ ਵੀ ਐਲਾਨ ਕੀਤਾ ਗਿਆ। ਅਕਸ਼ੈ ਵੱਲੋਂ ਇਸ ਮੌਕੇ ਫਿਲਮ ਵੀ ਵੱਫਦ ਨੂੰ ਦਿਖਾਈ ਗਈ। ਰਾਣਾ ਨੇ ਅਕਸ਼ੈ ਦੀ ਗਲਬਾਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਟੈਲੀਫੋਨ ਰਾਹੀਂ ਕਰਵਾਈ ।ਜਿਸ ਵਿੱਚ ਅਕਸ਼ੈ ਵੱਲੋਂ ਆਪਣੇ ਆਪ ਨੂੰ ਗੁਰੂ ਘਰ ਪ੍ਰਤੀ ਸਮਰਪਿਤ ਹੋਣ ਦਾ ਦਾਅਵਾ ਕਰਦੇ ਹੋਏ ਫਿਲਮ ਦੇ ਪ੍ਰਦਰਸ਼ਨ ਤੋਂ ਪਹਿਲੇ ਜਥੇਦਾਰ ਸਾਹਿਬ ਨੂੰ ਫਿਲਮ ਦਿਖਾਉਣ ਦੀ ਵੀ ਗਲ ਕਹੀ। ਅਕਸ਼ੈ ਨੇ ਦਿੱਲੀ ਕਮੇਟੀ ਵੱਲੋਂ ਗਲਤੀ ਵੱਲ ਧਿਆਨ ਦਿਵਾਉਣ ਤੇ ਧੰਨਵਾਦ ਵੀ ਜਤਾਇਆ। ਇੱਥੇ ਇਹ ਜਿਕਰਯੋਗ ਹੈ ਕਿ ਦਿੱਲੀ ਕਮੇਟੀ ਵੱਲੋਂ ਪਹਿਲ ਕਰਦੇ ਹੋਏ ਇਸ ਮਸਲੇ ਤੇ ਜਥੇਦਾਰ ਸੀ੍ਰ ਅਕਾਲ ਤਖ਼ਤ ਸਾਹਿਬ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੂੰ ਸ਼ਿਕਾਇਤ ਕੀਤੀ ਗਈ ਸੀ।