ਆਪਣੀ ਜ਼ਿੰਦਗੀ ਵਿਚ ਨਾਮਵਰ ਚਿੱਤਰਕਾਰ ਪਦਮ ਸ੍ਰੀ ਸੋਭਾ ਸਿੰਘ ਨੇ ਗੁਰੂ ਸਾਹਿਬਾਨ ਤੇ
ਸਿੱਖ ਇਤਿਹਾਸ ਸਬੰਧੀ ਬਹੁਤੇ ਚਿਤਰ ਬਣਾਏ ਹਨ। ਉਨ੍ਹਾਂ ਨੂੰ ਇਸ ਬਾਰੇ ਪ੍ਰੇਰਨਾ ਪ੍ਰਸਿੱਧ
ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਨੇ ਦਿਤੀ ਸੀ। ਇਕ ਘਟਨਾ, ਜਿਸ
ਨੂ ਚਿੱਤਰਕਾਰ ਅਕਸਰ ਸੁਣਾਇਆ ਕਰਦੇ ਸਨ, ਨੇ ਉਨ੍ਹਾਂ ਦੇ ਮਨ ਤੇ ਵਧੇਰੇ ਅਸਰ ਕੀਤਾ ਸੀ।
ਭਾਈ ਕਾਹਨ ਸਿੰਘ ਨਾਭਾ ਦੇ ਪਿਤਾ ਭਾਈ ਨਾਰਾਇਣ ਸਿੰਘ ਵੀ ਬਹੁਤ ਵੱਡੇ ਵਿਦਵਾਨ ਸਨ।
ਉਹ ਵੀ ਰਿਆਸਤ ਨਾਭਾ ਵਿਚ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿਚ ਸੇਵਾ ਕਰਦੇ ਸਨ।ਇਕ ਵਾਰੀ
ਮਹਾਰਾਜਾ ਨੇ ਸਹਿਜ ਸੁਭਾਅ ਹੀ ਭਾਈ ਸਾਹਿਬ ਨੂੰ ਪੁਛਿਆ, “ਕੀ ਕੋਈ ਪਾਠੀ ਇਕੋ ਬੈਠਕ ਵਿਚ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰ ਸਕਦਾ ਹੈ?”
“ਜੀ ਹਾਂ, ਜੇ ਕੋਈ ਸ਼ਰਧਾਲੂ ਸਰਵਣ ਕਰਨ ਵਾਲਾ ਹੋਵੇ ਤਾਂ”, ਭਾਈ ਸਾਹਿਬ ਨੇ ਜਵਾਬ ਦਿਤਾ।
“ਮੈਂ ਅਖੰਡ ਪਾਠ ਸਰਵਣ ਕਰਾਂਗਾ”, ਮਜਾਰਾਜਾ ਨੇ ਪੂਰੀ ਸ਼ਰਧਾ ਨਾਲ ਕਿਹਾ।
“ਤੇ ਦਾਸ ਇਹ ਅਖੰਡ ਪਾਠ ਕਰੇਗਾ,” ਭਾਈ ਸਾਹਿਬ ਨੇ ਮੋੜਵਾਂ ਜਵਾਬ ਦਿਤਾ।
ਅਤੇ ਫਿਰ ਕਈ ਦਿਨ ਅਭਿਆਸ ਕਰਕੇ ਭਾਈ ਨਾਰਾਇਣ ਸਿੰਘ ਜੀ ਨੇ ਇਕੋ ਬੈਠਕ ਵਿਚ ਸ੍ਰੀ ਗਰੂ
ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰ ਦਿਤਾ ਜਦੋਂ ਕਿ ਮਹਾਰਾਜਾ ਹੀਰਾ ਸਿੰਘ ਨੇ ਸਾਰਾ ਪਾਠ
ਇਕ ਸ਼ਰਧਾਵਾਨ ਸਿੱਖ ਵਾਂਗ ਬੈਠ ਕੇ ਸਰਵਣ ਕੀਤਾ। ਮਹਾਰਾਜਾ ਬਹੁਤ ਖੁਸ਼ ਹੋੲੈ ਤੇ ਭਾਈ
ਸਾਹਿਬ ਨੂੰ ਮੂੰਹ ਮੰਗਿਆ ਇਨਾਮ ਦੇਣ ਦੀ ਪੇਸ਼ਕਸ਼ ਕੀਤੀ, ਪਰ ਭਾਈ ਸਾਹਿਬ ਨੇ ਗੁਰਬਾਣੀ
ਦਾ ਕੋਈ ਮੁੱਲ ਜਾਂ ਇਨਾਮ ਲੈਣ ਤੋਂ ਸਾਫ਼ ਇਨਕਾਰ ਕਰ ਦਿਤਾ। ਮਹਾਰਾਜਾ ਨੇ ਭਾਈ ਸਾਹਿਬ
ਨੂੰ ਉਨ੍ਹਾਂ ਦੇ ਘਰ ਭੇਜਣ ਲਈ ਆਪਣੀ ਸ਼ਾਹੀ ਪਾਲਕੀ ਮੰਗਵਾਈ।
ਭਾਈ ਸਾਹਿਬ ਪਾਲਕੀ ਵਿਚ ਬੈਠ ਕੇ ਜਦੋਂ ਆਪਣੇ ਘਰ ਨੂੰ ਜਾ ਰਹੇ ਸਨ, ਤਾ ਉਨ੍ਹਾਂ ਦੇਖਿਆ
ਕਿ ਬਾਜ਼ਾਰ ਤੇ ਰਸਤੇ ਵਿਚ ਸਾਰੇ ਲੋਕ ਖੜੇ ਹੋ ਕੇ ਤੇ ਦੋੇਵੇਂ ਹੱਥ ਜੋੜ ਕੇ ਨਿਮ੍ਰਤਾ ਸਹਿਤ
ਪਰਣਾਮ ਕਰ ਰਹੇ ਸਨ। ਉਨ੍ਹਾਂ ਸਮਝਿਆ ਕਿ ਸ਼ਾਹੀ ਪਾਲਕੀ ਕਾਰਨ ਉਨ੍ਹਾਂ ਨੂੰ ਪਰਣਾਮ ਕਰ ਰਹੇ
ਹਨ। ਥੌੜੀ ਦੇਰ ਬਾਅਦ ਜਦੋਂ ਉਨ੍ਹਾਂ ਹੇਠਾਂ ਪਾਲਕੀ ਵਲ ਝਾਤੀ ਮਾਰੀ ਤਾਂ ਹੈਰਾਨ ਰਹਿ ਗਏ,
ਪਾਲਕੀ ਚੁਕਣ ਵਾਲਿਆਂ ਕਹਾਰਾਂ ਵਿਚ ਮਜਾਰਾਜਾ ਹੀਰਾ ਸਿੰਘ ਖੁਦ ਸ਼ਾਮਿਲ ਸਨ ਤੇ ਲੋਕ ਉਨ੍ਹਾਂ
ਨੂੰ ਹੀ ਖੜੋ ਕੇ ਤੇ ਦੋਵੇਂ ਹੱਥ ਜੋੜ ਕੇ ਪਰਣਾਮ ਕਰ ਰਹੇ ਸਨ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਇਤਨੀ ਮਹਾਨਤਾ ਹੈ, ਇਸ ਨੇ ਚਿੱਤਰਕਾਰ ਸੋਭਾ ਸਿੰਘ
ਦੇ ਮਨ ਤੇ ਗਹਿਰਾ ਪ੍ਰਭਾਵ ਛੱਡਿਆ।