ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਲੰਗਾਨਾਂ ਵਿੱਖੇ ਰਹਿੰਦੇ ਘੁਮੰਤਰੂ, ਵਣਜਾਰਾ, ਲੁਬਾਣੇ ਅਤੇ ਸਿਕਲੀਘਰ ਸਮਾਜ ਦੇ ਵੱਸਦੇ ਸਿੱਖਾਂ ਨੂੰ ਬੁਨੀਆਦੀ ਧਾਰਮਿਕ ਸੁਵਿਧਾਵਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਦੇ ਸੀਨੀਅਰ ਮੈਂਬਰ ਇੰਦਰਜੀਤ ਸਿੰਘ ਮੋਂਟੀ ਅਤੇ ਕਮੇਟੀ ਦੀ ਘੁੰਮਤਰੂ ਸਿੱਖ ਸਮਾਜ ਸੈਲ ਦੇ ਕੋਅਰਡੀਨੇਟਰ ਬਬੇਕ ਸਿੰਘ ਵੱਲੋਂ ਇੱਕ ਹਫ਼ਤੇ ਦੀ ਆਪਣੀ ਤੇਲੰਗਾਨਾਂ ਫੇਰੀ ਤੋਂ ਬਾਅਦ ਕਮੇਟੀ ਨੂੰ ਕੀਤੀ ਗਈ ਸਿਫ਼ਾਰਸ਼ ਦੀ ਅਧਾਰ ਤੇ ਉਕਤ ਫੈਸਲਾ ਲਿਆ ਗਿਆ ਹੈ।
ਆਪਣੀ ਯਾਤਰਾ ਦੇ ਸਫ਼ਰ ਦਾ ਵੇਰਵਾ ਦਿੰਦੇ ਹੋਏ ਮੋਂਟੀ ਨੇ ਉਕਤ ਸਮਾਜ ਦੇ ਲੋਕਾਂ ਦੇ ਗੁਰਦੁਆਰਿਆਂ ’ਚ ਬਿਜਲੀ, ਪਾਣੀ, ਅਤੇ ਪੰਜਾਬੀ ਭਾਸ਼ਾ ਪੜਾਉਣ ਵਾਲੇ ਅਧਿਆਪਕਾਂ ਦੀ ਘਟ ਮੌਜ਼ੂਦਗੀ ਹੋਣ ਦਾ ਦਾਅਵਾ ਕੀਤਾ ਹੈ। ਮੋਂਟੀ ਨੇ ਕਿਹਾ ਕਿ ਸਾਡੇ ਵੱਫ਼ਦ ਨੇ ਹੈਦਰਾਬਾਦ, ਮਰਿਆਲਗੁਡਾ, ਨਾਗਾਅਰਜੁਨ ਸਾਗਰ, ਸੂਰਿਆਪੇਟ, ਐਲਨਪੇਟ, ਗੁਰੂਟਾਂਡਾ, ਕਰੀਮ ਨਗਰ, ਵਰੰਗਲ, ਸੁਭਾਸ਼ ਨਗਰ, ਕੁੱਕੜਪੱਲੀ ਅਤੇ ਸਿੱਖ ਛਾਵਨੀ ਵਿਖੇ ਰਹਿੰਦੇ ਸਿੱਖ ਸਮਾਜ ਦੇ ਲੋਕਾਂ ਅਤੇ ਉਨ੍ਹਾਂ ਦੇ ਗੁਰੂਧਾਮਾਂ ਦੀਆਂ ਬੁਨੀਆਦੀ ਪਰੇਸ਼ਾਨੀਆਂ ਦੀ ਜਾਣਕਾਰੀ ਪ੍ਰਾਪਤ ਕੀਤੀ। ਇਹਨਾਂ ਪਰੇਸ਼ਾਨੀਆਂ ਦੇ ਹੱਲ ਲਈ ਕਰੀਮ ਨਗਰ ਦੇ ਮੇਅਰ ਰਵਿੰਦਰ ਸਿੰਘ ਤਕ ਪਹੁੰਚ ਕਰਕੇ ਬਿਜਲੀ ਅਤੇ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਬੇਨਤੀ ਕੀਤੀ ਗਈ।
ਮੇਅਰ ਨੇ ਗੁਰਧਾਮਾਂ ’ਚ ਬਿਜਲੀ ਤੇ ਪਾਣੀ ਦੀ ਘਾਟ ਨੂੰ ਦੂਰ ਕਰਨ ਦਾ ਭਰੋਸਾ ਦਿੰਦੇ ਹੋਏ ਤੇਲੰਗਾਨਾਂ ਸਰਕਾਰ ਪਾਸੋਂ ਪੂਰੀ ਮਦਦ ਲੈ ਕੇ ਦੇਣ ਦਾ ਵੀ ਭਰੋਸਾ ਦਿੱਤਾ। ਗੁਰਮੁੱਖੀ ਪੜਾਉਣ ਵਾਲੇ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਦਿੱਲੀ ਕਮੇਟੀ ਵੱਲੋਂ ਗ੍ਰੰਥੀ / ਗੁਰਮੁੱਖੀ ਅਧਿਆਪਕ ਦੇ ਤੌਰ ਤੇ ਲੋੜੀਂਦੇ ਇਲਾਕਿਆਂ ’ਚ ਭੇਜਣ ਦੇ ਕਮੇਟੀ ਵੱਲੋਂ ਲੈ ਗਏ ਫੈਸਲੇ ਦੇ ਵੀ ਮੌਂਟੀ ਨੇ ਜਾਣਕਾਰੀ ਦਿੱਤੀ।