ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਦਿੱਲੀ ਇਕਾਈ ਵੱਲੋਂ ਇਹਨਾਂ ਚੋਣਾਂ ਵਿੱਚ ਭਾਗ ਲੈਣ ਦੇ ਕੀਤੇ ਗਏ ਐਲਾਨ ਦਾ ਕੜਾ ਨੋਟਿਸ ਲੈਂਦਿਆਂ ਦਿੱਲੀ ਨੇ ਨੌਜਵਾਨਾਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਇਹਨਾਂ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਨੇ ਪਹਿਲਾਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਬਣਾਇਆ ਅਤੇ ਹੁਣ ਇਹਨਾਂ ਵੱਲੋਂ ਅਜਿਹੀ ਕਵਾਇਤ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਬਣਾਉਣ ਦੀ ਸ਼ੁਰੂ ਕੀਤੀ ਹੈ ਜਿਸ ਤੋਂ ਸੁਚੇਤ ਰਹਿਣ ਦੀ ਸਖਤ ਲੋੜ ਹੈ।
ਸ੍ਰ. ਸਰਨਾ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਕਿ ਬਾਦਲ ਦਲੀਏ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਪਰ ਉਹ ਤਾਂ ਸਿਰਫ ਦਿੱਲੀ ਦੇ ਨੌਜਵਾਨਾਂ ਨੂੰ ਸੁਚੇਤ ਕਰਨਾ ਆਪਣਾ ਫਰਜ਼ ਸਮਝਦੇ ਹਨ ਕਿ ਜਿਸ ਤਰ੍ਹਾਂ ਇਹਨਾਂ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਦਾਰੂ ਤੇ ਹੋਰ ਨਸ਼ਿਆਂ ਦੇ ਖੁੱਲੇ ਗੱਫੇ ਵਰਤਾਏ ਸਨ ਉਸੇ ਹੀ ਤਰ੍ਹਾਂ ਇਹ ਲੋਕ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਵੀ ਵਰਤਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਪੰਜਾਬ ਦੀ 90 ਫੀਸਦੀ ਤੋਂ ਵਧੇਰੇ ਨੌਜਵਾਨ ਬਾਦਲ ਦਲੀਆ ਨੇ ਨਸ਼ਈ ਬਣਾ ਦਿੱਤੇ ਹਨ ਤੇ ਉਹ ਜਿੱਥੇ ਕੋਈ ਕਾਰੋਬਾਰ ਕਰਨ ਤੋਂ ਅਪਹਾਜ ਹੋ ਗਏ ਉਥੇ ਉਹ ਨਿਪੁੰਸਕ ਵੀ ਬਣ ਚੁੱਕੇ ਹਨ। ਦਿੱਲੀ ਦੀ ਸੰਗਤ ਨੂੰ ਵੀ ਉਹਨਾਂ ਸੁਚੇਤ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਪੂਰਾ ਪੂਰਾ ਧਿਆਨ ਰੱਖਣ ਤੇ ਇਹਨਾਂ ਨਸ਼ੇ ਦੇ ਵਪਾਰੀਆਂ ਦੀ ਕਿਸੇ ਵੀ ਸੰਸਥਾ ਦੇ ਆਪਣੇ ਬੱਚਿਆ ਨੂੰ ਮੈਂਬਰ ਨਾ ਬਨਣ ਦੇਣ।
ਦਿੱਲੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਉਹ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੇ ਦਬਾ ਹੇਠ ਕਿਸੇ ਕਿਸਮ ਦਾ ਵਿਦਿਆਰਥੀਆ ਤੇ ਦਬਾ ਨਾ ਪਾਉਣ ਤੇ ਵਿਦਿਆਰਥੀਆਂ ਨੂੰ ਪੂਰੀ ਅਜਾਦੀ ਨਾਲ ਚੋਣਾਂ ਵਿੱਚ ਭਾਗ ਲੈਣ ਦੇਣ। ਉਹਨਾਂ ਕਿਹਾ ਕਿ ਨਿਜ਼ਾਮ ਬਦਲਦੇ ਰਹਿੰਦੇ ਹਨ ਅਤੇ ਚੋਣਾਂ ਹੁੰਦੀਆਂ ਰਹਿੰਦੀਆਂ ਹਨ ਪਰ ਅਧਿਆਪਕ ਨੂੰ ਕਿਸੇ ਰਾਜਸੀ ਆਗੂ ਵਾਲਾ ਰੋਲ ਨਿਭਾਉਣ ਦੀ ਬਜਾਏ ਇੱਕ ਗੁਰੂਵਾਲੀ ਹੀ ਭੂਮਿਕਾ ਨਿਭਾਉਣੀ ਚਾਹੀਦੀ ਹੈ।