ਚੰਡੀਗੜ੍ਹ – “ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਐਲਾਨਿਆ ਗਿਆ ਹੈ ਅਤੇ ਬਤੌਰ ਸਿੱਖ ਕੌਮ ਦੇ ਨਾਇਕ ਵੱਜੋਂ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਉਹਨਾਂ ਦੀ ਸਤਿਕਾਰ ਸਹਿਤ ਫੋਟੋ ਵੀ ਸਥਾਪਿਤ ਹੈ। ਇਸ ਲਈ ਜੋ ਵੀ ਦੂਸਰੇ ਫਿਰਕਿਆਂ ਨਾਲ ਸੰਬੰਧਤ ਮੁਤੱਸਵੀ ਲੋਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸੰਬੰਧੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਉਹ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚ ਸਿੱਖ ਕੌਮ ਦੀ ਸੰਸਥਾ ਅਤੇ ਸਿੱਖ ਕੌਮ ਦੀ ਤੌਹੀਨ ਕਰਦੇ ਹਨ। ਇਸ ਲਈ ਜੋ ਕੁਮਾਰ ਵਿਸ਼ਵਾਸ ਨੇ ਬੀਤੇ ਕੁਝ ਦਿਨ ਪਹਿਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਬੰਧੀ ਅਪਸ਼ਬਦ ਬੋਲਦੇ ਹੋਏ ਜੋ ਹੁਣ ਅਖਬਾਰਾਂ ਵਿੱਚ ਸਿੱਖ ਕੌਮ ਤੋਂ ਮਾਫੀ ਮੰਗੀ ਹੈ, ਇਸ ਨਾਲ ਉਸ ਨੂੰ ਉਦੋਂ ਤੱਕ ਮਾਫ਼ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣੇ ਤੋਂ ਹੋਈ ਭੁੱਲ ਨਹੀਂ ਬਖਸ਼ਾਉਂਦਾ ਅਤੇ ਸਿੱਖ ਰਵਾਇਤਾਂ ਅਨੁਸਾਰ ਬਣਦੀ ਸਜ਼ਾ ਪੂਰਨ ਨਹੀਂ ਕਰਦਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁਮਾਰ ਵਿਸ਼ਵਾਸ ਵੱਲੋਂ ਅਖਬਾਰਾਂ ਵਿੱਚ ਸਿੱਖ ਕੌਮ ਤੋਂ ਮਾਫੀ ਮੰਗਣ ਦੀ ਕੀਤੀ ਗਈ ਬਿਆਨਬਾਜ਼ੀ ਉੱਤੇ ਸਿਧਾਂਤਕ ਲੀਹ ਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬੀਜੇਪੀ ਦੇ ਦੂਸਰੇ ਦਰਜੇ ਦੇ ਆਗੂ ਅਤੇ ਹਿੰਦ ਦੇ ਰਹਿ ਚੁੱਕੇ ਗ੍ਰਹਿ ਵਜ਼ੀਰ ਲਾਲ ਕ੍ਰਿਸ਼ਨ ਅਡਵਾਨੀਂ ਵਰਗਿਆਂ ਨੂੰ ਵੀ ਅਜਿਹੀ ਅਪਮਨਾਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਬਦੌਲਤ ਬਿਲਕੁਲ ਨਹੀਂ ਬਖਸਿ਼ਆ ਗਿਆ। ਫਿਰ ਕੁਮਾਰ ਵਿਸ਼ਵਾਸ ਅਜਿਹੀ ਕਿਹੜੀ ਸ਼ੈਅ ਹੈ ਜਿਸ ਨੂੰ ਸਿੱਖ ਕੌਮ ਆਪਣੀਆਂ ਰਵਾਇਤਾਂ ਅਨੁਸਾਰ ਸਿੱਝ ਨਹੀਂ ਸਕਦੀ? ਉਹਨਾਂ ਕਿਹਾ ਕਿ ਸਿੱਖ ਕੌਮ ਵਿਰੁੱਧ ਸਾਜਿਸ਼ਾਂ ਰਚਣ ਵਾਲੇ ਜਾਂ ਸਿੱਖ ਨਾਇਕਾਂ ਸੰਬੰਧੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਿਆਂ ਨੂੰ ਸਿੱਖ ਕੌਮ ਦੇ ਇਤਿਹਾਸ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਜਿਸ ਜਾਲਿਮ ਨੇ ਵੀ ਸਿੱਖ ਕੌਮ ਨਾਲ ਅਜਿਹੀ ਭਾਜੀ ਪਾਈ , ਸਿੱਖ ਕੌਮ ਨੇ ਹਮੇਸ਼ਾਂ ਦੂਹਰੀ ਕਰਕੇ ਮੋੜੀ ਹੈ। ਸਿੱਖ ਕੌਮ ਦੇ ਨਾਇਕਾਂ ਦਾ ਇਤਿਹਾਸ ਸਦੀਵੀਂ ਰਹੇਗਾ, ਜਦੋਂ ਕਿ ਸਿੱਖ ਨਾਇਕਾਂ ਉਤੇ ਅਜਿਹੀ ਸ਼ਬਦਾਵਲੀ ਵਰਤਣ ਵਾਲਿਆਂ ਦਾ ਇਤਿਹਾਸ ਦੇ ਕਿਸੇ ਪੰਨੇ ‘ਤੇ ਵੀ ਕੋਈ ਨਾਮੋ ਨਿਸ਼ਾਨ ਨਹੀਂ ਰਹੇਗਾ।
ਸ. ਮਾਨ ਨੇ ਆਪ ਪਾਰਟੀ ਦੇ ਮੁੱਖੀ ਕੇਜਰੀਵਾਲ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਇਕ ਪਾਸੇ ਆਪਣੇ ਆਪ ਨੂੰ ਸਿੱਖ ਹੱਕਾਂ ਦੀ ਰਖਵਾਲੀ ਕਰਨ ਵਾਲਾ ਸਾਬਿਤ ਕਰ ਰਹੇ ਹਨ, ਦੂਸਰੇ ਪਾਸੇ ਉਹਨਾਂ ਦੀ ਪਾਰਟੀ ਦਾ ਮੈਂਬਰ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਹੋਏ ਅਮਲਾਂ ਉਪਰੰਤ ਵੀ ਕੇਜਰੀਵਾਲ ਵੱਲੋਂ ਕੁਮਾਰ ਵਿਸ਼ਵਾਸ ਵਿਰੁੱਧ ਕੋਈ ਐਕਸ਼ਨ ਨਾ ਲੈਣ ਦੀ ਕਾਰਵਾਈ ਸਿੱਖ ਕੌਮ ਨਾਲ ਦਿਖਾਏ ਜਾ ਰਹੇ ਪਿਆਰ ਦੇ ਨਾਟਕ ਨੂੰ ਪ੍ਰਤੱਖ ਕਰਦੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਜੇਕਰ ਸਹੀ ਮਾਇਨਿਆਂ ਵਿਚ ਇਨਸਾਨੀਅਤ , ਅਮਨ ਚੈਨ ਦੇ ਹਾਮੀਂ ਹਨ, ਤਾਂ ਉਹਨਾਂ ਨੂੰ ਤੁਰੰਤ ਕੁਮਾਰ ਵਿਸ਼ਵਾਸ ਵਰਗੇ ਸਿਰ ਫਿਰਿਆਂ ਨੂੰ ਆਪਣੀ ਆਪ ਪਾਰਟੀ ਵਿੱਚੋਂ ਸਦਾ ਲਈ ਦੂਰ ਕਰ ਦੇਣਾ ਚਾਹੀਦਾ ਹੈ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਕੇਜਰੀਵਾਲ ਜਿਥੇ ਤੁਰੰਤ ਕੁਮਾਰ ਵਿਸ਼ਵਾਸ ਵਿਰੁੱਧ ਕਾਰਵਾਈ ਕਰਨਗੇ, ਉਥੇ ਆਪਣੀ ਸਾਖ ਨੂੰ ਬਰਕਰਾਰ ਰੱਖਣ ਹਿੱਤ ਸਿੱਖ ਕੌਮ ਦੀ ਸਰਬ ਉੱਚ ਸੰਸਥਾ , ਜਿਸ ਦੇ ਕੁਮਾਰ ਵਿਸ਼ਵਾਸ ਦੋਸ਼ੀ ਹਨ, ਉਥੇ ਨਿਮਰਤਾ ਸਾਹਿਤ ਪੇਸ਼ ਹੋ ਕੇ ਆਪਣੇ ਤੋਂ ਹੋਈ ਬਜਰ ਗੁਸਤਾਖੀ ਲਈ ਭੁੱਲ ਬਖਸ਼ਾਉਂਦੇ ਹੋਏ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਪਹੁੰਚੀ ਡੂੰਘੀ ਠੇਸ ਨੂੰ ਸ਼ਾਂਤ ਕਰਨ ਵਿਚ ਕੇਜਰੀਵਾਲ ਆਪਣੀ ਭੂਮਿਕਾ ਨਿਭਾਉਣਗੇ।