ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਦਾਖਿਲ ਅਦਾਲਤ ਦੀ ਤੋਹੀਨ ਮਾਮਲੇ ‘ਚ ਝੂਠਾ ਹਲਫਨਾਮਾ ਦੇਣ ‘ਤੇ ਮਾਣਯੋਗ ਸੁਪਰੀਮ ਕੋਰਟ ‘ਤੇ ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਦੀ ਲਗਾਤਾਰ ਉਲੰਘਣਾ ਕਰਣ ਤੋਂ ਉਪਰੰਤ ਕੇਜਰੀਵਾਲ ਸਰਕਾਰ ਨੇ ਆਖਿਰਕਾਰ ਦਿੱਲੀ ਗੁਰੂਦੁਆਰਾ ਚੋਣਾਂ ਲਈ ਫੋਟੋ ਵਾਲੀਆਂ ਵੋਟਰ ਸੂਚੀਆਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ‘ਚ ਪ੍ਰੈਸ ਨੂੰ ਜਾਣਕਾਰੀ ਦਿਦਿੰਆ ਦਸ਼ਮੇਸ਼ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਗੁਰੂਦੁਆਰਾ ਚੋਣ ਵਿਭਾਗ ਵਲੋਂ ਫੋਟੋ ਵਾਲੀਆਂ ਨਵੀਆਂ ਵੋਟਰ ਸੂਚੀਆਂ ਛਾਪਣ ਲਈ ਟੈਂਡਰ ਮੰਗੇ ਗਏ ਹਨ, ਜਿਸ ਦੇ ਮੁਤਾਬਿਕ ਵੋਟਰ ਸੂਚੀਆਂ ਦੀ ਛਪਾਈ ਦਾ ਕੰਮ 20 ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਚੋਣ ਵਿਭਾਗ ਵਲੋਂ ਦਿੱਲੀ ਲਿਖਤੀ ਜਾਣਕਾਰੀ ਦੇ ਆਧਾਰ ‘ਤੇ ਮੁੱਢਲੀ ਵੋਟਰ ਸੂਚੀਆਂ ਦਾ ਪ੍ਰਕਾਸ਼ਨ ਵੋਟਰ ਰਜਿਸਟਰੇਸ਼ਨ ਅਧਿਕਾਰਿਆਂ ‘ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਰਾਹੀ 7 ਦਿਸੰਬਰ ਤਕ ਕਰ ਦਿੱਤਾ ਜਾਵੇਗਾ। ਇਸ ਤੋਂ ਉਪਰੰਤ 22 ਦਿਸੰਬਰ ਤੱਕ ਨਵੀਆਂ ਵੋਟਾਂ ਬਣਾਉਣ, ਕਿਸੇ ਵੋਟ ‘ਤੇ ਇਤਰਾਜ ਕਰਣ ਜਾਂ ਵੋਟਰ ਨੂੰ ਅਪਣੀ ਵੋਟ ਸਬੰਧੀ ਕਿਸੇ ਛਪੀ ਗਲਤੀ ‘ਚ ਸੋਧ ਕਰਣ ਲਈ ਬੇਨਤੀ ਪੱਤਰ ਦਾਖਿਲ ਕੀਤੇ ਜਾ ਸਕਦੇ ਹਨ। ਇਨ੍ਹਾਂ ਬੇਨਤੀ ਪੱਤਰਾਂ ਦੀ ਪੜ੍ਹਤਾਲ ‘ਤੇ ਮੁੱਢਲੀ ਵੋਟਰ ਸੂਚੀਆਂ ‘ਚ ਲੋੜ੍ਹੀਂਦੀਆਂ ਸੋਧਾਂ ਕਰਕੇ ਅੰਤਿਮ ਵੋਟਰ ਸੂਚੀਆਂ ਦਾ ਪ੍ਰਕਾਸ਼ਨ 2 ਮਾਰਚ, 2016 ਤੱਕ ਕਰ ਦਿੱਤਾ ਜਾਵੇਗਾ, ਜਿਸਦੇ ਆਧਾਰ ‘ਤੇ ਫਰਵਰੀ, 2017 ‘ਚ ਨਿਰਧਾਰਤ ਦਿੱਲੀ ਗੁਰੂਦੁਆਰਾ ਚੋਣਾਂ ਕਰਵਾਈਆਂ ਜਾਣਗੀਆਂ।ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਹ ਵੋਟਰ ਸੂਚੀਆਂ ਅਂਗ੍ਰੇਜੀ, ਹਿੰਦੀ ‘ਤੇ ਗੁਰਮੁਖੀ ਭਾਸ਼ਾ ‘ਚ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਗੁਰੂਦੁਆਰਾ ਚੋਣ ਡਾਇਰੈਕਟਰ ਦੇ ਦਫਤਰ ਤੋਂ ਨਿਰਧਾਰਤ ਮੁਲ ਦੇ ਕੇ ਖਰੀਦਿਆ ਜਾ ਸਕਦਾ ਹੈ।
ਸ. ਇੰਦਰ ਮੋਹਨ ਸਿੰਘ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਫੋਟੋ ਵਾਲੀਆਂ ਨਵੀਆਂ ਵੋਟਰ ਸੂਚੀਆਂ ਦੇ ਆਧਾਰ ‘ਤੇ ਭਵਿਖ ‘ਚ ਹੋਣ ਵਾਲੀਆਂ ਦਿੱਲੀ ਗੁਰੂਦੁਆਰਾ ਚੋਣਾਂ ‘ਚ ਬੋਗਸ ਵੋਟਾਂ ‘ਤੇ ਠੱਲ ਪੈ ਜਾਵੇਗੀ ‘ਤੇ ਇਹ ਚੋਣਾਂ ਨਿਰਪੱਖ ‘ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੱੜ੍ਹ ਸਕਣਗੀਆਂ।