ਨਵੀਂ ਦਿੱਲੀ : ਹਿੰਦੀ ਫਿਲਮ ਸਿੰਘ ਇਜ ਬਲਿੰਗ ਅਤੇ ਹੋਰ ਪੰਥਕ ਮੁੱਦਿਆ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਮੀਡੀਆ ਨੂੰ ਦਿੱਤੇ ਗਏ ਬਿਆਨ ਤੇ ਸਖਤ ਨਰਾਜਗੀ ਜਾਹਿਰ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਦਿੱਲੀ ਕਮੇਟੀ ਤੇ ਧੌਂਸ ਨਾ ਜਮਾਉਣ ਦੀ ਨਸੀਹਤ ਦਿੱਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਮੱਕੜ ਵੱਲੋਂ ਦਿੱਲੀ ਕਮੇਟੀ ਤੇ ਫਿਲਮ ਨੂੰ ਕਲੀਨ ਚਿੱਟ ਦੇਣ ਦੇ ਲਗਾਏ ਗਏ ਦੋਸ਼ਾ ਤੇ ਸਫਾਈ ਸਾਹਮਣੇ ਆਈ ਹੈ।
ਜੀ.ਕੇ. ਨੇ ਕਿਹਾ ਕਿ ਅਸੀਂ ਫਿਲਮ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਹੈ ਤੇ ਮੌਜੂਦਾ ਮਾਮਲਾ ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਵਿਚਾਰਾਧੀਨ ਹੈ। ਇਸ ਮਾਮਲੇ ’ਚ ਕਮੇਟੀ ਦੇ ਵੱਫਦ ਨੇ ਫਿਲਮ ਨੂੰ ਦੇਖਦੇ ਹੋਏ ਉਸ ਵਿੱਚ ਸ਼ਾਮਿਲ ਇਤਰਾਜਯੋਗ ਅੰਸ਼ਾ ਦੀ ਨਿਸ਼ਾਨਦੇਹੀ ਕਰਦੇ ਹੋਏ ਫਿਲਮ ਦੇ ਨਿਰਮਾਤਾ ਨੂੰ ਹਟਾਉਣ ਦੀ ਬੇਨਤੀ ਕਰਨ ਦੇ ਨਾਲ ਹੀ ਨਿਰਮਾਤਾ ਦੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸੀ੍ਰ ਅਕਾਲ ਤਖਤ ਸਾਹਿਬ ਤੋਂ ਆਖਰੀ ਮਨਜੂਰੀ ਲੈਣ ਵਾਸਤੇ ਫੋਨ ਰਾਹੀਂ ਗਲਬਾਤ ਕਰਾਉਂਦੇ ਜਥੇਦਾਰ ਸਾਹਿਬ ਨਾਲ ਮਿਲਣ ਦੀ ਸਲਾਹ ਦਿੱਤੀ ਸੀ।
ਜੀ.ਕੇ. ਨੇ ਸ੍ਰੋਮਣੀ ਕਮੇਟੀ ਨੂੰ ਪੰਥ ਦੀ ਸਰਬਉੱਚ ਧਾਰਮਿਕ ਜਥੇਬੰਦੀ ਅਤੇ ਦਿੱਲੀ ਕਮੇਟੀ ਦਾ ਵੱਡਾ ਭਰਾ ਦਸਦੇ ਹੋਏ ਵੱਡੇ ਭਰਾ ਨੂੰ ਛੋਟੇ ਭਰਾ ਤੇ ਧੌਂਸ ਨਾ ਜਮਾਉਣ ਦੀ ਵੀ ਨਸੀਹਤ ਦਿੱਤੀ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅਤੇ ਆਦੇਸ਼ਾਂ ਤਹਿਤ ਦਿੱਲੀ ਕਮੇਟੀ ਵੱਲੋਂ ਕਾਰਜ ਕਰਨ ਦੀ ਗਲ ਕਰਦੇ ਹੋਏ ਜੀ.ਕੇ. ਨੇ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਕਿਸੇ ਜਾਇਜ ਕਾਰਨ ਦੇ ਬੇਲੋੜੀ ਨਾਪੱਖੀ ਬਿਆਨਬਾਜੀ ਦਿੱਲੀ ਕਮੇਟੀ ਖਿਲਾਫ਼ਨਾ ਕਰਨ ਦੀ ਵੀ ਸਲਾਹ ਦਿੱਤੀ ਹੈ। ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਹਰ ਪੰਥਕ ਮਸਲੇ ਤੇ ਬੋਲਣ ਵਾਸਤੇ ਖੁੱਦ ਮੁਖਤਿਆਰੀ ਰੱਖਦੀ ਹੈ। ਇਸ ਲਈ ਭਵਿੱਖ ਵਿੱਚ ਵੀ ਦਿੱਲੀ ਕਮੇਟੀ ਦੀ ਇਹੀ ਕਾਰਜਸ਼ੈਲੀ ਜਾਰੀ ਰਹੇਗੀ। ਆਪਣੀ ਗਲ ਨੂੰ ਹੋਰ ਸਾਫ ਕਰਦੇ ਹੋਏ ਜੀ.ਕੇ. ਨੇ ਸ਼੍ਰੋਮਣੀ ਕਮੇਟੀ ਨਾਲ ਸੰਸਾਰ ਭਰ ਦੇ ਸਿੱਖ ਅਤੇ ਪੰਥਕ ਮਸਲਿਆਂ ਵਾਸਤੇ ਇਕ ਸੁਰ ’ਚ ਮਿਲਕੇ ਕਾਰਜ ਕਰਨ ਦੀ ਵੀ ਹਾਮੀ ਭਰੀ।
ਦਿੱਲੀ ਦੇ ਸਿੱਖਾਂ ਵੱਲੋਂ ਪਿਛਲੀ ਇੱਕ ਸ਼ਤਾਬਦੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਵਿਸ਼ਵ ਭਰ ਦੇ ਸਿੱਖਾਂ ਨਾਲ ਜੁੜੇ ਸਿਆਸ਼ੀ ਅਤੇ ਸਮਾਜਿਕ ਮਸਲਿਆਂ ਤੇ ਅਗਾਹਵੱਧੂ ਭੂਮਿਕਾ ਨਿਭਾਉਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਬੀਤੇ ਦਿਨੀਂ ਜਰਮਨੀ ਦੇ ਯੋਗਾ ਸੈਂਟਰ ’ਚ ਗੁਰਬਾਣੀ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਉਣ ਤੇ ਦਿੱਲੀ ਕਮੇਟੀ ਵੱਲੋਂ ਇਤਰਾਜ ਜਤਾਉਣ ਉਪਰੰਤ ਯੋਗਾ ਸੈਂਟਰ ਵੱਲੋਂ ਬਿਨਾਂ ਸ਼ਰਤ ਮੁਆਫੀ ਮੰਗਣ ਅਤੇ ਗਲਤੀ ਸੁਧਾਰ ਦਾ ਕਾਰਜ ਸ਼ੁਰੂ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਮਾਮਲਾ ਹਲ ਹੋਣ ਦੇ ਬਾਅਦ ਇਸ ਮਸਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਲੋੜ ਤੇ ਵੀ ਜੀ.ਕੇ. ਨੇ ਸਵਾਲਿਆਂ ਨਿਸ਼ਾਨ ਲਗਾਇਆ।1950 ਵਿੱਚ ਦਿੱਲੀ ਦੇ ਸਿੱਖਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬੀ ਸੂਬੇ ਦੇ ਮੋਰਚੇ ਅਤੇ 1964 ਵਿੱਚ ਪਾਉਂਟਾ ਸਾਹਿਬ ਵਿੱਖੇ ਪੁਲੀਸ ਦੀ ਗੋਲੀ ਨਾਲ 11 ਸਿੱਖਾਂ ਦੀ ਸ਼ਹੀਦੀ ਉਪਰੰਤ ਮਾਸਟਰ ਤਾਰਾ ਸਿੰਘ ਵੱਲੋਂ ਦਿੱਲੀ ਦੀ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਨੂੰ ਮਹੰਤਾ ਦੇ ਕਬਜੇ ਤੋਂ ਅਜਾਦ ਕਰਾਉਣ ਵਾਸਤੇ ਦਿੱਤੇ ਗਏ ਆਦੇਸ਼ ਤੇ ਲੜੀ ਗਈ ਲੜਾਈ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ।
ਜੀ.ਕੇ. ਨੇ ਉੱਤਰਾਖੰਡ ਦੇ ਤਰਾਈ ਇਲਾਕੇ ’ਚ ਰਹਿੰਦੇ 40,000 ਸਿੱਖ ਪਰਿਵਾਰਾਂ ਨੂੰ ਪਹਿਲੀ ਵਾਰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਦੂਜੀ ਵਾਰ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਭਾਰਤ ਸਰਕਾਰ ਵੱਲੋਂ ਬਾਹਰ ਭੇਜਣ ਦੇ ਕੱਢੇ ਗਏ ਓਰਡੀਨੈਸ ਦੇ ਖਿਲਾਫ ਦਿੱਲੀ ਦੀ ਸੰਗਤ ਵੱਲੋਂ ਸਿਆਸੀ ਅਤੇ ਕਾਨੂੰਨੀ ਲੜਾਈ ਲੜਦੇ ਹੋਏ ਭਾਰਤ ਸਰਕਾਰ ਤੇ ਦਬਾਵ ਬਣਾਕੇ ਓਰਡੀਨੈਸ ਨੂੰ ਵਾਪਸ ਲੈਣ ਵਾਸਤੇ ਲੜੀ ਗਈ ਲੜਾਈ ਦਾ ਵੀ ਵੇਰਵਾ ਦਿੱਤਾ। ਦਿੱਲੀ ਦੇ ਸਿੱਖਾਂ ਦੀ ਤਾਕਤ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਲਕੱਤਾ ਵਿੱਖੇ 1967 ’ਚ ਬਾਘਮਾਰੀ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੇ ਖਿਲਾਫ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਸਣੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਅਜੌਯ ਮੁਖਰਜੀ ਅਤੇ ਗ੍ਰਹਿ ਮੰਤਰੀ ਜੋਤੀ ਬਸੂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਆ ਕੇ ਮੰਗੀ ਗਈ ਮੁਆਫੀ ਦਾ ਵੀ ਜਿਕਰ ਕੀਤਾ।
1969 ਵਿੱਖੇ ਬ੍ਰਿਟੇਨ ’ਚ ਸਰਕਾਰੀ ਨੌਕਰੀ ਦੌਰਾਨ ਸਿੱਖਾਂ ਨੂੰ ਪੱਗ ਬਨਣ ਤੇ ਲਗਾਈ ਗਈ ਰੋਕ ਦੇ ਬਾਅਦ ਉਥੇ ਦੇ ਸਿੱਖ ਆਗੂ ਸੋਹਨ ਸਿੰਘ ਜੋਲੀ ਦੀ ਮੁਜਾਹਿਰੇ ਦੌਰਾਨ ਹੋਈ ਮੌਤ ਦੇ ਖਿਲਾਫ ਅਕਾਲੀ ਦਲ ਵੱਲੋਂ ਦਿੱਲੀ ਵਿੱਖੇ ਬ੍ਰਿਤਾਨੀਆਂ ਦੇ ਦੂਤਘਰ ਦੇ ਦਰਵਾਜਿਆਂ ਨੂੰ ਬੰਦ ਕਰਦੇ ਹੋਏ ਬ੍ਰਿਟੇਨ ਸਰਕਾਰ ਤੇ ਦਬਾਵ ਪਾ ਕੇ ਆਦੇਸ਼ ਵਾਪਸ ਲੈਣ ਵਾਸਤੇ ਕੀਤੀ ਗਈ ਜਦੋਜਹਿਦ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ। ਮੌਜੂਦਾ ਦਿੱਲੀ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ਿਆਂ ਨੂੰ ਸਜਾਵਾਂ ਦਿਵਾਉਣ, ਪੀੜਿਤਾਂ ਨੂੰ ਇਨਸਾਫ ਦਿਵਾਉਣ, ਦੇਸ਼ ਤੋਂ ਬਾਹਰ ਵਸਦੇ ਸਿੱਖਾਂ ਦੀ ਪੱਛਾਣ ਵਾਸਤੇ ਜਾਗ੍ਰਤੀ ਪੈਦਾ ਕਰਨ ਅਤੇ ਅਮਰੀਕਾ ਦੇ ਯੂਰੋਪੀਅਨ ਦੇਸ਼ਾਂ ਦੀ ਸਰਕਾਰਾਂ ਨਾਲ ਪੰਥਕ ਮਸਲਿਆਂ ਤੇ ਗਲਬਾਤ ਕਰਨ ਨੂੰ ਵੀ ਜੀ.ਕੇ. ਨੇ ਦਿੱਲੀ ਦੀਆਂ ਸੰਗਤਾਂ ਦੀ ਅਗਾਹ ਵਧੂ ਸੋਚ ਨਾਲ ਜੋੜਿਆ।
ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਵਾਸਤੇ ਦਿੱਲੀ ਕਮੇਟੀ ਵੱਲੋਂ ਅਗਾਹਵੱਧੂ ਲੜਾਈ ਲੜਨ ਦੇ ਸੰਕੇਤ ਦਿੰਦੇ ਹੋਏ ਜੀ.ਕੇ. ਨੇ ਸ਼੍ਰੋਮਣੀ ਕਮੇਟੀ ਤੋਂ ਇਸ ਮਸਲੇ ’ਚ ਕੋਈ ਆਦੇਸ਼ ਲੈਣ ਤੋਂ ਵੀ ਕੋਰੀ ਨਾ ਕਰ ਦਿੱਤੀ। ਸ਼੍ਰੋਮਣੀ ਕਮੇਟੀ ਨੂੰ ਵੱਡੀ ਜਥੇਬੰਦੀ ਦਸਦੇ ਹੋਏ ਸਿੱਖ ਮਸਲਿਆਂ ਤੇ ਸੁਚੇਤ ਰਹਿੰਦੀਆ ਹੋਇਆ ਤੁਰੰਤ ਫੈਸਲੇ ਲੈਣ ਵਾਸਤੇ ਅੱਗੇ ਆਉਣ ਦੀ ਵੀ ਜੀ.ਕੇ. ਨੇ ਸਲਾਹ ਦਿੱਤੀ। ਜੀ.ਕੇ. ਨੇ ਦਿੱਲੀ ਕਮੇਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਗੱਲ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਸਿੱਖ ਮਸਲਿਆਂ ਤੇ ਦਿੱਲੀ ਕਮੇਟੀ ਦੀ ਖੁਦਮੁਖਤਿਆਰੀ ਤੇ ਦਖਲਅੰਦਾਜੀ ਨਾ ਕਰਨ ਦੀ ਵੀ ਬੇਨਤੀ ਕੀਤੀ।