ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਅਕਸ਼ੈ ਕੁਮਾਰ ਦੀ ਫਿਲਮ ” ਸਿੰਘ ਇੰਜ਼ ਬਲਿੰਗ” ਫਿਲਮ ਵਿੱਚ ਸਿੱਖ ਪੰਥ ਦੀਆਂ ਮਰਿਆਦਾ ਤੇ ਪਰੰਪਰਾਵਾਂ ਦੇ ਉਲਟ ਕੁਝ ਇਤਰਾਜਯੋਗ ਅੰਸ਼ਾਂ ਨੂੰ ਲੈ ਕੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ ਦੇ ਕੋਲ ਵਿਚਾਰ ਅਧੀਨ ਹੋਣ ਦੇ ਬਾਵਜੂਦ ਵੀ ਕਾਹਲੀ ਵਿੱਚ ਕਾਰਵਾਈ ਕਰਕੇ ਫਿਲਮ ਨੂੰ ਕਲੀਨ ਚਿੱਟ ਦੇਣ ਦਾ ਕੜਾ ਨੋਟਿਸ ਲੈਂਦਿਆ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ. ਕੇ. ਦੀ ਭ੍ਰਿਸ਼ਟਾਚਾਰੀ ਦੀਆ ਨੀਤੀਆਂ ‘ਤੇ ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਮੋਹਰ ਲਗਾ ਕੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਕਮੇਟੀ ਦਾ ਕਾਰਜ ਧਰਮ ਪ੍ਰਚਾਰ ਕਰਨਾ ਨਹੀ ਸਗੋਂ ਹਰ ਪ੍ਰਕਾਰ ਦੇ ਹੱਥਕੰਡੇ ਵਰਤ ਕੇ ਭ੍ਰਿਸ਼ਟਾਚਾਰ ਫੈਲਾਉਣਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਵੱਲੋ ਆਪਣਾ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਨੂੰ ਅਕਸ਼ੈ ਕਮਾਰ ਦੇ ਘਰ ਭੇਜ ਕੇ ਉਸ ਨੂੰ ਕਲੀਨ ਚਿੱਟ ਦੇਣਾ ਸਾਬਤ ਕਰਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਜਰੂਰ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਕੋਲ ਹੁਣ ਗੁਰੂ ਦੀਆ ਗੋਲਕਾਂ ਤਾਂ ਪੂਰੀ ਤਰ੍ਹਾਂ ਖਾਲੀ ਹੋ ਗਈਆ ਹਨ ਤੇ ਹੁਣ ਇਹਨਾਂ ਨੇ ਬਾਹਰੋ ਅੰਦਰੋਂ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਜਦੋ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਤੋ ਕਾਰਵਾਈ ਹੋ ਰਹੀ ਹੈ ਤਾਂ ਦਿੱਲੀ ਕਮੇਟੀ ਨੇ ਕਾਹਲੀ ਵਿੱਚ ਜਾ ਕੇ ਅਕਸ਼ੈ ਕੁਮਾਰ ਨਾਲ ਮੁਲਕਾਤ ਕਰਕੇ ਫਿਲਮ ਨੂੰ ਕਲੀਨ ਚਿੱਟ ਦੇਣੀ ਕਿਸੇ ਵੀ ਸੂਰਤ ਵਿੱਚ ਵਾਜਬ ਨਹੀ ਹੈ ਅਤੇ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ ਜਿਹਨਾਂ ਦੀ ਜਾਂਚ ਦੀ ਲੋੜ ਹੈ। ਉਹਨਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਇਤਰਾਜ ਬਿਲਕੁਲ ਸਹੀ ਹੈ ਤੇ ਦਿੱਲੀ ਕਮੇਟੀ ਵਾਲਿਆ ਦੇ ਖਿਲਾਫ ਅਕਾਲ ਤਖਤ ਸਾਹਿਬ ਤੋ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਬਾਬਾ ਵਡਭਾਗ ਸਿੰਘ ਦੀ ਅੰਮ੍ਰਿਤ ਛੱਕ ਕੇ ਪੰਥ ਵਿੱਚ ਵਾਪਸੀ ਹੋਣ ਦੇ ਕੋਈ ਸਬੂਤ ਨਹੀ ਮਿਲਦੇ ਤੇ ਦਿੱਲੀ ਕਮੇਟੀ ਵੱਲੋਂ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਉਸ ਦਾ ਜਨਮ ਦਿਨ ਬੰਗਲਾ ਸਾਹਿਬ ਗੁਰੂਦੁਆਰਾ ਵਿਖੇ ਮਨਾਉਣ ਦੇ ਕੀਤੇ ਗਏ ਯਤਨ ਵੀ ਨਿੰਦਣਯੋਗ ਹਨ ਕਿਉਕਿ ਬਾਬਾ ਵਡਭਾਗ ਸਿੰਘ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨਾਲੋਂ ਕੋਈ ਵੱਡਾ ਪੈਗੰਬਰ ਨਹੀਂ ਹੈ ਜਿਸ ਦਾ ਜਨਮ ਦਿਨ ਮਨਾਉਣ ਦੀ ਇਜਾਜਤ ਦਿੱਲੀ ਕਮੇਟੀ ਨੇ ਗੁਰੂਦੁਆਰੇ ਵਿੱਚ ਅਖੰਡ ਪਾਠ ਰੱਖਵਾ ਕੇ ਦਿੱਤੀ। ਉਹਨਾਂ ਕਿਹਾ ਕਿ ਇਥੇ ਵੀ ਘਾਲਾਮਾਲਾ ਹੋਣ ਦੀ ਚਰਚਾ ਹੈ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵੀ ਇਸ ਸਾਜਿਸ਼ ਵਿੱਚ ਸ਼ਾਮਲ ਜਾਪਦਾ ਹੈ ਜਿਹੜਾ ਕਹਿ ਰਿਹਾ ਹੈ ਕਿ ਬਾਬਾ ਵਡਭਾਗ ਸਿੰਘ ਦਾ ਜਨਮ ਦਿਨ ਮਨਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਬਾਬਾ ਵਡਭਾਗ ਸਿੰਘ ਅੰਮ੍ਰਿਤ ਛੱਕ ਕੇ ਪੰਥ ਵਿੱਚ ਸ਼ਾਮਲ ਹੋ ਗਿਆ ਹੁੰਦਾ ਤਾਂ ਫਿਰ ਸਿੱਖ ਰਹਿਤ ਮਰਿਆਦਾ ਜਿਹੜੀ 1937 ਵਿੱਚ ਬਣੀ ਸੀ ਉਸ ਵਿੱਚ ਧੀਰਮਲੀਆਂ ਤੇ ਰਾਮਰਾਈਆਂ ਨਾਲ ਕਿਸੇ ਕਿਸਮ ਦਾ ਸਬੰਧ ਰੱਖਣ ਦਾ ਇੰਦਰਾਜ ਦਰਜ ਨਹੀ ਹੋਣਾ ਸੀ ਅਤੇ ਅੱਜ ਅੰਮ੍ਰਿਤ ਛੱਕਾਉਣ ਵੇਲੇ ਧੀਰਮੱਲੀਆਂ ਤੇ ਰਾਮਰਾਈਆਂ ਨਾਲ ਕਿਸੇ ਕਿਸਮ ਦਾ ਨਾਤਾ ਰੱਖਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਦੋਵੇਂ ਹੀ ਇਸ ਮਾਮਲੇ ਨੂੰ ਲੈ ਕੇ ਪੰਥ ਦੇ ਕਟਿਹਰੇ ਵਿੱਚ ਖੜੇ ਹਨ ਤੇ ਮਾਮਲਾ ਹੁਣ ਪੰਥ ਦੀ ਕਚਿਹਰੀ ਵਿੱਚ ਹੈ ਕਿਉਕਿ ਜਾਂ ਸਿੱਖ ਰਹਿਤ ਮਰਿਆਦਾ ਗਲਤ ਹੈ ਜਾਂ ਫਿਰ ਇਹ ਦੋਵੇਂ ਗੱਲਤ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ. ਸ੍ਰੁਖਦੇਵ ਸਿੰਘ ਭੌਰ ਨੇ ਵੀ ਇਸ ਤੇ ਇਤਰਾਜ਼ ਉਠਾਇਆ ਹੈ।
ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦਾ ਆਕਾ ਬਾਦਲ ਪਰਿਵਾਰ ਹੈ ਜਿਹੜਾ ਇਹਨਾਂ ਦੋਹਾਂ ਦਾ ਲੜਾਈ ਦਾ ਨਜਾਰਾ ਪਾਸੇ ਬੈਠ ਕੇ ਦੇਖ ਰਿਹਾ ਹੈ ਜੋ ਪੰਥ ਲਈ ਮੰਦਭਾਗਾ ਹੈ ਤੇ ਸਿੱਖ ਪੰਥ ਦੇ ਵਿਕਾਸ ਤੇ ਵਕਾਰ ਤੇ ਪ੍ਰਸ਼ਨ ਚਿੰਨ੍ਹ ਹੈ। ਉਹਨਾਂ ਕਿਹਾ ਕਿ ਦੋਹਾਂ ਧਾਰਮਿਕ ਸੰਸ਼ਥਾਵਾਂ ਵੱਲੋ ਇੱਕ ਦੂਜੇ ‘ਤੇ ਕੀਤੀ ਜਾਂਦੀ ਤੋਹਮਤਬਾਜੀ ਨਾਲ ਭਾਂਵੇ ਬਾਦਲ ਪਰਿਵਾਰ ਨੂੰ ਤਾਂ ਕੋਈ ਫਰਕ ਨਹੀ ਪੈਦਾ ਪਰ ਸਿੱਖ ਪੰਥ ਦੀ ਹਾਸੋਹੀਣੀ ਹੋਣ ਨਾਲ ਪੰਥ ਨੂੰ ਬਹੁਤ ਫਰਕ ਪੈਦਾ ਹੈ। ਉਹਨਾਂ ਕਿਹਾ ਅਕਸ਼ੈ ਕੁਮਾਰ ਦੀ ਫਿਲਮ ਦਾ ਮੁੱਦਾ ਧਾਰਮਿਕ ਘੱਟ ਤੇ ਦੋ ਬਿੱਲੀਆਂ ਦੀ ਲੜਾਈ ਦਾ ਵਧੇਰੇ ਹਨ ਜਿਸ ਨੂੰ ਤੁਰੰਤ ਨਿਪਟਾਇਆ ਜਾਣਾ ਚਾਹੀਦਾ ਹੈ।