ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਦੇ ਖਿਲਾਫ਼ ਕਾਨੂੰਨੀ ਸ਼ਿਕੰਜਾ ਅੱਜ ਹੋਰ ਮਜ਼ਬੂਤ ਹੋ ਗਿਆ। ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਨਵੰਬਰ 1984 ਨੂੰ ਦਿੱਲੀ ਵਿਖੇ ਸਿੱਖਾਂ ਦੇ ਹੋਏ ਕਤਲੇਆਮ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਚ ਸਬੂਤ ਤਲਾਸ਼ ਰਹੀ ਨਿਆਪਾਲਿਕਾ ਨੂੰ ਬੇਸ਼ਕ ਬੀਤੇ 31 ਸਾਲਾਂ ’ਚ ਅਦਾਲਤਾਂ ’ਚ ਮੁੱਖ ਦੋਸ਼ੀਆਂ ਖਿਲਾਫ਼ ਸਬੂਤਾਂ ਨੂੰ ਸਭਾਲ ਕੇ ਰੱਖਣਾ ਤੇ ਗਵਾਹਾਂ ਨੂੰ ਬਿਦਕਣ ਤੋਂ ਬਚਾਉਣ ਵਿੱਚ ਕੋਈ ਖਾਸ਼ ਸਫਲਤਾ ਨਹੀਂ ਮਿਲੀ ਸੀ।
ਪਰ ਅੱਜ ਸੁਲਤਾਨਪੁਰੀ ਵਿੱਖੇ ਇਸ ਕਤਲੇਆਮ ਦੌਰਾਨ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਵਾਉਣ ਵਾਲੀ ਬੀਬੀ ਸ਼ੀਲਾ ਕੌਰ ਨੇ ਦਿੱਲੀ ਦੀ ਕੜਕੜਡੂਮਾ ਕੋਰਟ ਵਿੱਖੇ ਜੱਜ਼ ਕਮਲੇਸ਼ ਕੁਮਾਰ ਦੀ ਅਦਾਲਤ ਵਿੱਚ ਇਸ ਸਾਰੀ ਘਟਨਾਂ ਲਈ ਸੱਜਨ ਕੁਮਾਰ ਦੀ ਨਿਸ਼ਾਨਦੇਹੀ ਕਰਦੇ ਹੋਏ ਸੱਜਨ ਕੁਮਾਰ ਨੂੰ ਸਿੱਖਾਂ ਨੂੰ ਮਾਰਨ ਦੀ ਸ਼ਾਜਿਸ਼ ਰਚਣ ਦਾ ਦੋਸ਼ੀ ਵੀ ਆਪਣੀ ਗਵਾਹੀ ਵਿੱਚ ਕਰਾਰ ਦਿੱਤਾ। ਆਪਣੇ ਵਕੀਲ ਗੁਰਬਖਸ਼ ਸਿੰਘ ਅਤੇ ਲਖਮੀ ਚੰਦ ਦੇ ਨਾਲ ਅਦਾਲਤ ਵਿੱਖੇ ਆਈ ਸ਼ੀਲਾ ਕੌਰ ਨੇ ਸੱਜਨ ਕੁਮਾਰ ਵੱਲੋਂ ਘਟਨਾ ਵਾਲੇ ਦਿਨ ਆਪਣੇ ਸਮਰਥਕਾਂ ਨੂੰ ਕਹੀ ਗਈ ਸ਼ਬਦਾਵੱਲੀ ਬਾਰੇ ਅਦਾਲਤ ਨੂੰ ਦਸਦੇ ਹੋਏ ਕਿਹਾ ਕਿ ਮਿਤੀ 1 ਨਵੰਬਰ 1984 ਨੂੰ ਸੱਜਨ ਕੁਮਾਰ ਨੇ ਕਿਹਾ ਸੀ ਕਿ ‘‘ਸਾਡੀ ਮਾਂ ਮਰ ਗਈ ਹੈ ਇਸ ਲਈ ਸਮੂਹ ਸਿੱਖਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਆਪਣੀ ਮਾਂ ਦੀ ਮੌਤ ਦਾ ਬਦਲਾ ਲਓ ਅਤੇ ਇਨ੍ਹਾਂ ਦੀਆਂ ਜਾਇਦਾਦਾ ਨੂੰ ਵੀ ਫੂਕ ਦਿਓ’’। ਸ਼ੀਲਾ ਕੌਰ ਨੇ ਸੱਜਨ ਕੁਮਾਰ ਵੱਲੋਂ ਸਿੱਖਾਂ ਦੇ ਖਿਲਾਫ਼ ਦੂਸ਼ਣਬਾਜ਼ੀ ਕਰਦੇ ਹੋਏ ਸਿੱਖ ਕੌਮ ਨੂੰ ਖਤਮ ਕਰਨ ਦੀ ਸ਼ਾਜਿਸ ਰਚਣ ਦਾ ਵੀ ਦੋਸ਼ ਲਗਾਇਆ।
ਇਸ ਮੌਕੇ ਅਦਾਲਤ ’ਚ ਮੌਜ਼ੂਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਬੀਬੀ ਸ਼ੀਲਾ ਕੌਰ ਵੱਲੋਂ ਦਿਲੇਰੀ ਨਾਲ ਕੋਰਟ ਵਿੱਖੇ ਆਪਣੀ ਗਲ ਕਹਿਣ ਦੀ ਸਲਾਘਾਂ ਕਰਦੇ ਹੋਏ ਸੱਜਨ ਕੁਮਾਰ ਅਤੇ ਉਸਦੇ ਕਾਤਿਲ ਸਮਰਥਕਾਂ ਦੇ ਇਸ ਗਵਾਹੀ ਨਾਲ ਕਾਨੂੰਨੀ ਸ਼ਿਕੰਜੇ ’ਚ ਫਸਣ ਦਾ ਰਾਹ ਪੱਧਰਾ ਹੋਣ ਦੀ ਗਲ ਕਹੀ। ਜੌਲੀ ਨੇ ਆਜ਼ਾਦ ਭਾਰਤ ਦੇ ਇਤਿਹਾਸ ’ਚ ਆਪਣੇ ਹੀ ਸ਼ਹਿਰੀਆਂ ਖਿਲਾਫ਼ ਰਸੂਖਦਾਰ ਸਿਆਸੀ ਆਗੂਆਂ ਵੱਲੋਂ ਸ਼ਾਜਿਸ ਤਹਿਤ ਕੀਤੇ ਗਏ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਜਾਵਾਂ ਮਿਲਣ ਤਕ ਕਮੇਟੀ ਵੱਲੋਂ ਕਤਲੇਆਮ ਦੇ ਪੀੜਿਤਾਂ ਨੂੰ ਸਮਾਜਿਕ, ਵਿਦਿਅਕ, ਆਰਥਿਕ ਅਤੇ ਕਾਨੂੰਨੀ ਸਹਾਇਤਾ ਜਾਰੀ ਰੱਖਣ ਦੀ ਵੀ ਗਲ ਕਹੀ। ਕੇਂਦਰ ਸਰਕਾਰ ਵੱਲੋਂ ਇਸ ਮਸਲੇ ’ਤੇ ਬਣਾਈ ਗਈ ਐਸ.ਆਈ.ਟੀ. ਤਕ ਆਪਣੀ ਗਲ ਪੁਖਤਾ ਤਰੀਕੇ ਨਾਲ ਰੱਖਣ ਲਈ ਦਿੱਲੀ ਕਮੇਟੀ ਵੱਲੋਂ ਸਬੂਤਾਂ ਦੀ ਸੰਭਾਲ ਅਤੇ ਕਾਨੂੰਨੀ ਨੁੱਕਤੇ ਦੀ ਭਾਲ ਕਰਨ ਵਾਸਤੇ ਕਮੇਟੀ ਦਫ਼ਤਰ ਵਿਖੇ ਪੀੜਿਤਾਂ ਨੂੰ ਕਾਨੂੰਨੀ ਸਹਾਇਤਾ ਦੇਣ ਵਾਸਤੇ ਖੋਲੇ ਗਏ 1984 ਸੈਲ ’ਚ ਸੰਪਰਕ ਕਰਨ ਦੀ ਵੀ ਪੀੜਿਤਾਂ ਨੂੰ ਜੌਲੀ ਨੇ ਅਪੀਲ ਕੀਤੀ।