ਗੁਰਮੁਖ ਜਨਮੁ ਸਵਾਰਿ ਦਰਗਹ ਚਲਿਆ ॥
ਸਚੀ ਦਰਗਹ ਜਾਇ ਸਚਾ ਪਿੜ ਮਲਿਆ ॥
………….. ਤੇ ਉਹ ਗੁਰਮੁਖ ਆਪਣਾ ਜਨਮੁ ਸਵਾਰਿ ਕੇ ਸੱਚ ਮੁਚ ਉਚੀ ਦਰਗਹ ਚਲਾ ਗਿਆ ਹੈ ਤੇ ਸਾਨੂੰ ਸਦਾ ਲਈ ਛੱਡ ਕੇ ਟੁਰ ਗਿਆ ਹੈ । ਉਸਨੇ ਸਚੀ ਦਰਗਹ ਪਹੁੰਚ ਕੇ ਸੱਚ ਦਾ ਪਿੜ ਵੀ ਮਲ ਲਿਆ ਹੈ । ਉਨ੍ਹਾਂ ਬਾਹੇ ਮੈਂ ਇਹ ਵੀ ਕਹਿ ਸਕਦਾ ਹਾਂ, “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ”॥ ਉਹ ਹੁਣ ਉਸ ਵਤਨੀਂ ਪਹੁੰਚ ਗਿਆ ਹੈ, ਜਿਥੋਂ ਮੁੜ ਕਦੇ ਕੋਈ ਵਾਪਸ ਨਹੀਂ ਆਉਂਦਾ । ਮੇਰਾ ਉਨ੍ਹਾਂ ਨਾਲ ਰਿਸ਼ਤਾ ਇਕ ਰੱਬੀ ਜੇਹਾ ਰਿਸ਼ਤਾ ਸੀ । ਉਹ ਮੇਰੇ ਸਰਬਰਾਹ ਸਨ, ਪੱਥ ਪ੍ਰਦਰਸ਼ਕ ਸਨ, ਜਾਂ ਇਉਂ ਕਹਿ ਲਵੋ ਕਿ ਜੋ ਮੇਰੀ ਅੱਜ ਟੁਟੀ ਫੁਟੀ ਪਹਿਚਾਣ ਬਣੀ ਹੋਈ ਹੈ, ਜੋ ਮੇਰੀ ਨਿਮਾਣੀ ਜੇਹੀ ਹਸਤੀ ਹੈ, ਇਹ ਸਾਰੀ ਉਨ੍ਹਾਂ ਦੀ ਹੀ ਬਦੌਲਤ ਹੈ । ਇਸਨੂੰ ਘੜਨ, ਸੰਵਾਰਨ ਤੇ ਤਰਾਸ਼ਨ ਵਾਲੇ ਤੇ ਪਹਿਲ ਕਦਮੀ ਕਰਨ ਵਾਲੇ ਉਹੀ ਸਨ ।
ਮੈਂ ਗੱਲ ਕਰ ਰਿਹਾ ਹਾਂ ਡਾਕਟਰ ਜਸਵੰਤ ਸਿੰਘ ਨੇਕੀ ਵੀਰ ਜੀ ਦੀ । ਉਮਰ ਵਿਚ ਉਹ ਮੇਰੇ ਨਾਲੋਂ 14 ਸਾਲ ਵਡੇਰੇ ਸਨ, ਪਰ ਵਿਦਵਤਾ, ਅਕਾਦਮਿਕ ਖੇਤਰ, ਪ੍ਰਾਪਤੀਆਂ, ਲਭਤਾਂ ਆਦਿ ਦੇ ਖੇਤਰ ਵਿਚ ਉਹ ਮੇਰੀਆਂ ਕਈ ਪੀੜ੍ਹੀਆਂ ਤੋਂ ਵੀ ਵੱਡੀ ਉਮਰ ਦੇ ਸਨ । ਜਿਵੇਂ ਮੁਹਾਵਰਾ ਵਰਤਿਆ ਜਾਂਦਾ ਹੈ, “ਅਕਲ ਵੱਡੀ ਕਿ ਭੈਂਸ”। ਅਕਲ ਵਿਚ ਉਨ੍ਹਾਂ ਦਾ ਕੱਦ ਐਵਰਸਟ ਪਰਬਤ ਜਿਡਾ ਉਚਾ ਸੀ । ਵੈਸੇ ਕੱਦ ਵਿਚ ਵੀ ਉਹ ਲੰਬੇ ਹੀ ਸਨ । ਉਹ ਰੌਸ਼ਨ ਦਿਮਾਗ਼ ਸਨ । ਡਾਕਟਰ ਜਸਵੰਤ ਸਿੰਘ ਨੇਕੀ ਦਾ ਜਨਮ ਕੋਇਟਾ, ਬਲੋਚਿਸਤਾਨ, ਜੋ ਅੱਜ ਕੱਲ ਪਾਕਿਸਤਾਨ ਵਿਚ ਹੈ, ਵਿਚ 27 ਅਗਸਤ 1925 ਨੂੰ ਹੋਇਆ ਸੀ । ਉਹ ਕੋਇਟਾ ਵਿਚ ਹੀ ਖਾਲਸਾ ਹਾਈ ਸਕੂਲ ਦੇ ਵਿਦਿਆਰਥੀ ਸਨ, ਜਿਥੇ ਮੇਰੇ ਪਾਪਾ ਜੀ ਸ: ਨਰਿੰਦਰ ਸਿੰਘ ਸੋਚ, ਜਿਨ੍ਹਾਂ ਨੇ ਪੰਜਾਬੀ ਤੇ ਗੁਰਮਤ ਸਾਹਿਤ ਨੂੰ ਤਕਰੀਬਨ 80 ਤੋਂ ਵੱਧ ਕਿਤਾਬਾਂ ਦਿਤੀਆਂ ਹਨ, ਪੰਜਾਬੀ ਤੇ ਧਰਮ ਦੇ ਅਧਿਆਪਕ ਸਨ । ਡਾਕਟਰ ਜਸਵੰਤ ਸਿੰਘ ਨੇਕੀ, ਜੋ ਉਸ ਸਮੇਂ ਜਸਵੰਤ ਸਿੰਘ ਸੇਠੀ ਦੇ ਨਾਮ ਨਾਲ ਜਾਣੇ ਜਾਂਦੇ ਸਨ, ਮੇਰੇ ਪਾਪਾ ਜੀ ਦੇ ਪਸੰਦੀਦਾ ਸ਼ਾਗਿਰਦ ਸਨ ਤੇ ਮੇਰੇ ਪਾਪਾ ਜੀ ਵੀ ਜਸਵੰਤ ਸਿੰਘ ਸੇਠੀ ਦੇ ਪਸੰਦੀਦਾ ਉਸਤਾਦ ਸਨ । ਇਸ ਗੱਲ ਦਾ ਜ਼ਿਕਰ ਨੇਕੀ ਵੀਰ ਜੀ ਨੇ ਆਪਣੀ ਇਕ ਰਚਿਤ ਪੁਸਤਕ, “ਜਿਨ੍ਹਾ ਦਿਸੰਦੜ੍ਹਿਆ ਦੁਰਮਤਿ ਵੰਞੈ” ਵਿਚ ਖ਼ੁਦ ਕੀਤਾ ਹੈ । ਇਤਫ਼ਾਕ ਇਹ ਹੋਇਆ ਕਿ ਮੇਰੀ ਪੈਦਾਇਸ਼ ਵੀ ਕੋਇਟਾ ਸ਼ਹਿਰ ਵਿਚ 1938 ਵਿਚ ਹੀ ਹੋਈ । ਇਸ ਪੱਖੋਂ ਅਸੀਂ ਦੋਵੇਂ ਹਮ-ਵਤਨੀ ਵੀ ਬਣ ਗਏ । ਮੈਨੂੰ ਕਈ ਵਾਰ ਮੇਰੀ ਮਿਤ੍ਰ ਮੰਡਲੀ ਦੇ ਲੋਕ ਪੁਛਦੇ ਸਨ ਕਿ ਤੁਸੀਂ ਨੇਕੀ ਸਾਹਿਬ ਨੂੰ ਕਦ ਤੋਂ ਜਾਣਦੇ ਹੋ । ਤਾਂ ਮੇਰਾ ਜੁਆਬ ਹੁੰਦਾ ਸੀ, “ਤਦ ਤੋਂ ਜਦ ਤੋਂ ਮੈਂ ਆਪਣੇ ਆਪਨੂੰ ਵੀ ਪਛਾਣਦਾ ਨਹੀਂ ਸੀ, ਨੇਕੀ ਵੀਰ ਜੀ ਤਦ ਤੋਂ ਮੈਨੂੰ ਜਾਣਦੇ ਸਨ”। ਕਿਉਂਕਿ ਜੰਮਦਿਆਂ ਤਾਂ ਕਿਸੇ ਨੂੰ ਵੀ ਆਪਣੇ ਆਪ ਦੀ ਹੋਸ਼ ਨਹੀਂ ਹੁੰਦੀ, ਪਰ ਜਿਨ੍ਹਾਂ ਦੇ ਹੱਥਾਂ ਵਿਚ ਮੈਂ ਵੱਡਾ ਹੋਇਆ ਹੋਵਾਂ, ਪਲਿਆ ਤੇ ਜੁਆਨੀ ਦੀਆਂ ਦਹਿਲੀਜ਼ਾਂ ਤੇ ਪੈਰ ਧਰਿਆ ਹੋਵੇ, ਵਿਆਹਿਆ ਗਿਆ ਤੇ ਫੇਰ ਬਾਪ ਵੀ ਬਣਿਆ ਹੋਵਾਂ, ਉਸਨੂੰ ਤਾਂ ਉਸਦੇ ਪੋਤੜਿਆਂ ਦਾ ਵੀ ਪਤਾ ਹੁੰਦਾ ਹੈ । ਕੁਝ ਇਹੋ ਜਿਹਾ ਹੀ ਸਕੂਨ ਵਾਲਾ ਰਿਸ਼ਤਾ ਹੈ ਮੇਰਾ ਨੇਕੀ ਵੀਰ ਜੀ ਨਾਲ ।
ਕਈ ਰਿਸ਼ਤੇ ਖੂਨ ਦੇ ਹੁੰਦੇ ਹਨ ਤੇ ਕੁਝ ਰਿਸ਼ਤੇ ਦਰਗਾਹੀ ਬਣ ਜਾਂਦੇ ਹਨ । ਸਾਡੇ ਸਾਰੇ ਪਰਿਵਾਰ ਦਾ ਰਿਸ਼ਤਾ ਨੇਕੀ ਵੀਰ ਜੀ ਨਾਲ ਮੁੱਢ ਕਦੀਮ ਤੋਂ ਹੀ ਇਸ ਕਿਸਮ ਦਾ ਬਣ ਗਿਆ ਸੀ, ਜਿਸਨੂੰ ਅਖਰਾਂ ਦਾ ਰੂਪ ਨਹੀਂ ਦਿਤਾ ਜਾ ਸਕਦਾ, ਸਿਰਫ਼ ਅਨੁਭਵ ਹੀ ਕੀਤਾ ਜਾ ਸਕਦਾ ਹੈ । ਮੇਰੇ ਬੀਬੀ ਜੀ ਦਾ ਦਿਹਾਂਤ ਮਈ 1992 ਨੂੰ ਅੰਮ੍ਰਿਤਸਰ ਵਿਚ ਹੋਇਆ । ਉਨ੍ਹਾਂ ਨੇ ਮੇਰੇ ਪਾਪਾ ਜੀ ਸ: ਨਰਿੰਦਰ ਸਿੰਘ ਸੋਚ ਨੂੰ 28 ਮਈ 1992 ਨੂੰ ਇਕ ਧਰਵਾਸ ਵਾਲੀ ਚਿਠੀ ਲਿਖੀ, ਜੋ ਮੇਰੇ ਪਾਸ ਅੱਜ ਵੀ ਮਹਿਫ਼ੂਜ਼ ਹੈ । ਉਸ ਵਿਚੋਂ ਕੁਝ ਅੰਸ਼ ਮੈਂ ਆਪਣੇ ਪਿਆਰੇ ਪਾਠਕਾਂ ਨਾਲ ਹੂ-ਬ-ਹੂ ਸਾਂਝੇ ਕਰਾਂਗਾ । ਉਹ ਲਿਖਦੇ ਹਨ, “
ਰਿਸ਼ਤੇ ਖੂਨ ਦੇ ਵੀ ਹੁੰਦੇ ਹਨ, ਉਹ ਵੀ ਬੜੇ ਬਲਵਾਨ ਹੁੰਦੇ ਹਨ । ਪਰ ਜੋ ਰਿਸ਼ਤੇ ਦਰਗਾਹੀ ਹੁੰਦੇ ਹਨ, ਉਹਨਾਂ ਦੀ ਗੱਲ ਹੀ ਨਿਰਾਲੀ ਹੁੰਦੀ ਹੈ । ਸਾਨੂੰ ਜੋ ਪਿਆਰ ਬੀਬੀ ਪਾਸੋਂ ਮਿਲਿਆ ਉਸਦੀ ਆਪਣੀ ਹੀ ਅਨੋਖੀ ਖੁਸ਼ਬੂ ਸੀ । ਮੈਂ ਨਹੀਂ ਮੰਨਦਾ ਬੀਬੀ ਅੱਜ ਸਾਡੇ ਪਾਸ ਨਹੀਂ । ਦਰਗਾਹੀ ਰਿਸ਼ਤੇ ਤਾਂ ਸਦੀਵਕਾਲੀ ਹੁੰਦੇ ਹਨ”।
ਖੂਨ ਦੇ ਰਿਸ਼ਤੇ ਵਜੋਂ ਅਸੀਂ ਚਾਰ ਭਰਾ ਅਤੇ ਇਕ ਭੈਣ ਸੀ । ਸੱਭ ਤੋਂ ਵੱਡਾ ਭਰਾ ਰਾਜਿੰਦਰ ਸਿੰਘ ਛੋਟੀ ਉਮਰੇ ਲਖਨਊ ਗਿਆ ਤੇ 7 ਮਹੀਨਿਆਂ ਦੀ ਉਮਰ ਵਿਚ ਹੀ ਬਾਂਹ ਛੁਡਾ ਕੇ ਖਿਸਕ ਗਿਆ ਤੇ ਮੁੜ ਕਦੇ ਨਾ ਪਰਤਿਆ ਤੇ ਫੇਰ ਸਭ ਤੋਂ ਛੋਟਾ ਭਰਾ ਗੁਰਸ਼ਰਨ ਸਿੰਘ ਭਰ ਜੁਆਨੀ ਦੀ ਉਮਰੇ ਹਸਦਾ ਖੇਡਦਾ ਘਰੋਂ ਮੁੜ ਕਦੇ ਨਾ ਆਉਣ ਦਾ ਵਾਅਦਾ ਕਰਕੇ ਹੱਥਾਂ ਵਿਚੋਂ ਕਿਰਕ ਗਿਆ ਤੇ ਫੇਰ ਵਾਪਸ ਨਹੀਂ ਆਇਆ । ਦਰਗਾਹੀ ਰਿਸ਼ਤਿਆਂ ਵਿਚ ਮੇਰੇ ਬੀਬੀ ਜੀ ਨੇ ਨੇਕੀ ਵੀਰ ਜੀ ਨੂੰ ਪੁੱਤਰ ਮੰਨਿਆ ਹੋਇਆ ਸੀ ਤੇ ਨੇਕੀ ਵੀਰ ਜੀ ਨੇ ਵੀ ਮੇਰੀ ਅੰਮੜੀ ਨੂੰ ਮਾਂ ਤੋਂ ਵੱਧ ਜਾਣਿਆ ਹੋਇਆ ਸੀ । ਦੋਹਾਂ ਨੇ ਇਸ ਰਿਸ਼ਤੇ ਨੂੰ ਆਪਣੇ ਆਖ਼ਰੀ ਸਾਹਾਂ ਤੀਕ ਤੋੜ ਨਿਭਾਹਿਆ ।
ਇਸ ਦਰਗਾਹੀ ਰਿਸ਼ਤੇ ਦੀ ਮਿਸਾਲ ਇਹ ਹੈ ਕਿ ਜਦ ਮੇਰੇ ਵਡੇ ਵੀਰ ਹਰਭਜਨ ਸਿੰਘ ਸੋਚ ਦਾ 1965 ਵਿਚ ਅਨੰਦ ਕਾਰਜ ਹੋਇਆ ਤੇ ਫੇਰ ਮੇਰਾ ਅਨੰਦ ਕਾਰਜ 1966 ਵਿਚ ਹੋਇਆ, ਤਾਂ ਸਾਡੇ ਦੋਹਾਂ ਦੀਆਂ ਸ਼ਾਦੀਆਂ ਦੇ ਕਾਰਡਾਂ ਉਤੇ ਭਰਾਵਾਂ ਦੇ ਨਾਵਾਂ ਵਿਚ ਡਾਕਟਰ ਜਸਵੰਤ ਸਿੰਘ ਨੇਕੀ ਦਾ ਨਾਮ ਸੱਭ ਤੋਂ ਉਪਰ ਹੁੰਦਾ ਸੀ । ਇਹ ਬੇਹਦ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਇਹ ਦਰਗਾਹੀ ਰਿਸ਼ਤਾ ਅੱਜ ਤਕ ਬਣਿਆ ਹੋਇਆ ਹੈ । ਨੇਕੀ ਵੀਰ ਜੀ ਦੇ ਬੱਚਿਆਂ ਨਾਲ ਅੱਜ ਵੀ ਮੇਰੀ ਸਾਂਝ ਆਪਣੇ ਬੱਚਿਆਂ ਤੋਂ ਕਿਸੇਤਰ੍ਹਾਂ ਵੀ ਘੱਟ ਨਹੀਂ ਹੈ । ਉਨ੍ਹਾਂ ਦੇ ਦੁੱਖ ਸੁੱਖ ਮੇਰੇ ਦੁੱਖ ਸੁੱਖ ਹੁੰਦੇ ਹਨ ।
ਹੁਣ ਦਰਗਾਹੀ ਰਿਸ਼ਤੇ ਤੋਂ ਹੱਟ ਕੇ ਮੈਂ ਪਾਠਕਾਂ ਨਾਲ ਇਹ ਸਾਂਝ ਪਾਉਣੀ ਚਾਹਵਾਂਗਾ ਕਿ ਮੇਰੀ ਪਤਰਕਾਰੀ ਵਾਲੀ ਜ਼ਿੰਦਗੀ ਵਿਚ ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਹੜੀ ਤੇ ਕਿਵੇਂ ਅਹਿਮ ਭੂਮਿਕਾ ਨਿਭਾਈ ਤੇ ਮੇਰੀ ਜ਼ਿੰਦਗੀ ਵਿਚ ਇਹ ਮੋੜ ਕਿਥੋਂ, ਕਿਵੇਂ ਤੇ ਕਦੋਂ ਸ਼ੁਰੂ ਹੋਇਆ । ਇਹ ਗਲ ਤਕਰੀਬਨ 1960 ਦੀ ਹੈ, ਜਦ ਡਾਕਟਰ ਨੇਕੀ ਵੀਰ ਜੀ ਵੀ.ਜੇ. ਹਸਪਤਾਲ ਤੇ ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਮਨੋਚਕਿਤਸਾ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਹੁੰਦੇ ਸਨ । ਨਾਲ ਦੇ ਨਾਲ ਉਹ ਚੀਫ਼ ਖ਼ਾਲਸਾ ਦੀਵਾਨ ਦੀਆਂ ਸਰਗਰਮੀਆਂ ਵਿਚ ਵੀ ਕਾਫ਼ੀ ਸਰਗਰਮ ਸਨ । ਉਹ ਉਸ ਸਮੇਂ ਚੀਫ਼ ਖ਼ਾਲਸਾ ਦੀਵਾਨ ਦੇ ਹਫ਼ਤਾਵਾਰੀ ਅਖ਼ਬਾਰ, “ਖ਼ਾਲਸਾ ਐਡਵੋਕੇਟ” ਦੇ ਮੈਂਬਰ ਇਨਚਾਰਜ ਵੀ ਸਨ । ਅਸਿਸਟੈਂਟ ਐਡੀਟਰ ਦੀ ਆਸਾਮੀ ਖਾਲੀ ਹੋਈ ਤਾਂ ਉਨ੍ਹਾਂ ਨੇ ਮੈਨੂੰ ਉਸ ਵਿਚ ਕੰਮ ਕਰਨ ਦਾ ਖੁਸ਼ਨਸੀਬ ਮੌਕਾ ਦਿਤਾ । ਨਾਲ ਦੀ ਨਾਲ ਇਹ ਵੀ ਕਿਹਾ ਕਿ ਮੈਂ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਲਿਖਾਂ, ਤਾਂ ਕਿ ਉਹ ਮੈਨੂੰ ਮੇਹਰ ਸਿੰਘ ਰਵੇਲ ਦੀ ਜਗਹ ਇਕ ਦਿਨ ਚੀਫ਼ ਐਡੀਟਰ ਬਣਾ ਦੇਣ, ਪਰ ਮੈਂ 1962 ਵਿਚ ਪਤਰਕਾਰੀ ਦੇ ਖੇਤਰ ਵਿਚ ਹੋਰ ਕਿਸਮਤ ਅਜ਼ਮਾਉਣ ਲਈ ਚੰਡੀਗੜ੍ਹ ਟੁਰ ਗਿਆ । ਚੰਡੀਗੜ੍ਹ ਵਿਚ ਕਈ ਅਖ਼ਬਾਰਾਂ, ਰਸਾਲਿਆਂ ਵਿਚ ਕੰਮ ਕਰਨ ਪਿਛੋਂ 1965 ਵਿਚ ਪੰਜਾਬੀ ਦੇ ਸੱਭ ਤੋਂ ਪੁਰਾਣੇ ਸਪਤਾਹਿਕ ਅਖ਼ਬਾਰ “ਖ਼ਾਲਸਾ ਸਮਾਚਾਰ”, ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ 1899 ਵਿਚ ਅੰਮ੍ਰਿਤਸਰ ਤੋਂ ਜਾਰੀ ਕੀਤਾ ਸੀ, ਵਿਚ ਲੰਬਾ ਸਮਾਂ ਸੇਵਾ ਕੀਤੀ । ਲਿਖਣ ਪੜ੍ਹਣ ਦੀ ਕੁਝ ਜਾਗ ਤਾਂ ਮੈਨੂੰ ਮੇਰੇ ਪਾਪਾ ਜੀ ਨੇ ਬੱਚਪਨ ਤੋਂ ਹੀ ਲਾ ਦਿਤੀ ਸੀ ਤੇ ਰਹਿੰਦੀ ਖੂੰਹਦੀ ਕਸਰ ਨੇਕੀ ਵੀਰ ਜੀ ਨੇ ਪਿਉਂਦ ਲਾ ਕੇ ਪੂਰੀ ਕਰ ਦਿਤੀ ਸੀ । ਅੱਜ ਉਸੇ ਦੇ ਬਲ ਬੂਤੇ ਮੈਂ ਥੋੜੀ ਜੇਹੀ ਕਲਮ ਉਠਾਉਣ ਜੋਗਾ ਤੇ ਕੋਰੇ ਕਾਗਜ਼ ਉਤੇ ਕਦੇ ਕਦੇ ਕੁਝ ਝਰੀਟਾਂ ਖਿਚਣ ਜੋਗਾ ਹੋਇਆ ਹਾਂ । ਮੇਰਾ ਕੋਟਾਣ ਕੋਟ ਪਰਨਾਮ ਹੈ ੳਸਨੂੰ ਜਿਸਦੀ ਬਦੌਲਤ ਮੈਂ ਕਾਸੇ ਜੋਗਾ ਹੋ ਸਕਿਆਂ ।
ਨੇਕੀ ਵੀਰ ਜੀ ਨਾਲ ਆਪਣੀਆਂ ਯਾਦਾਂ ਦੇ ਝਰੋਖਿਆਂ ਉਤੇ ਝਾਤ ਪਾਵਾਂ, ਤਾਂ ਏਨਾ ਕੁਝ ਕਹਿਣ ਨੂੰ ਹੈ ਮੇਰੇ ਕੋਲ ਕਿ ਕਹਿੰਦਿਆਂ ਕਹਿੰਦਿਆਂ ਮੇਰੇ ਬੋਲ ਮੁੱਕ ਜਾਣਗੇ, ਗਲਾ ਖੁਸ਼ਕ ਹੋ ਜਾਵੇਗਾ, ਜੀਭਾ ਛਿਥੀ ਪੈ ਜਾਵੇਗੀ, ਸਰੋਤੇ ਸੁਣ ਸੁਣ ਥੱਕ ਜਾਣਗੇ, ਕਲਮਾਂ ਵਿਚੋਂ ਸਿਆਹੀਆਂ ਸੁੱਕ ਜਾਣਗੀਆਂ, ਥਹੀਆਂ ਦੀਆਂ ਥਹੀਆਂ ਕਾਗਜ਼ਾਂ ਦੀਆਂ ਥੁੜ ਜਾਣਗੀਆਂ, ਪਰ ਯਾਦਾਂ ਦਾ ਬੇਰੋਕ ਹੜ ਫੇਰ ਵੀ ਆਪਣੇ ਵਹਿਣ ਵਿਚ ਵਗਦੇ ਤੁਰੇ ਜਾਣਗੇ ।
ਇਕ ਵਾਕਿਆਤ ਬੇਹਦ ਦਿਲਚਸਪ ਹੈ । ਗਲ ਭਾਵੇਂ ਪੁਰਾਣੀ ਹੈ, ਪਰ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸੀ । ਨੇਕੀ ਸਾਹਿਬ ਨੇ ਕੁਝ ਸਿਆਸੀ ਕਾਰਨਾਂ ਕਰਕੇ ਪੀ.ਜੀ.ਆਈ. ਦੀ ਡਾਇਰੈਕਟਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਤੇ ਉਨ੍ਹਾਂ ਪਾਸ ਕੋਈ ਹੋਰ ਨੌਕਰੀ ਵੀ ਨਹੀਂ ਸੀ । ਬਾਦਲ ਨੂੰ ਪਤਾ ਸੀ ਕਿ ਨੇਕੀ ਹੁਰੀਂ ਹਰਿਆਨਾ ਤੇ ਇੰਦਰਾ ਗਾਂਧੀ ਸਰਕਾਰ ਦੇ ਨਜ਼ਲੇ ਦੇ ਸ਼ਿਕਾਰ ਹੋਏ ਹੋਏ ਹਨ, ਇਸ ਲਈ ਉਸਨੇ ਨੇਕੀ ਹੁਰਾਂ ਨੂੰ ਪੁਛਿਆ ਕਿ ਤੁਹਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾ ਦੇਈਏ? ਬਜਾਏ ਇਸ ਦੇ ਕਿ ਉਹ ਉਛਲ ਕੇ ਹਾਂ ਕਰ ਦਿੰਦੇ, ਉਨ੍ਹਾਂ ਨੇ ਬਾਦਲ ਨੂੰ ਪਲਟਾ ਕੇ ਦੋ ਸ਼ਰਤਾਂ ਰੱਖ ਦਿਤੀਆਂ । ਇਕ ਸ਼ਰਤ ਇਹ ਕਿ ਜਦ ਵੀ ਮੈਂ ਯੂਨੀਵਰਸਿਟੀ ਦੀ ਬਿਹਤਰੀ ਲਈ ਤੁਹਾਡੇ ਕੋਲ ਕਿਸੇ ਕੰਮ ਲਈ ਆਵਾਂ, ਤਾਂ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਤੇ ਯੂਨੀਰਸਿਟੀ ਦੇ ਭਲੇ ਲਈ ਹਰ ਉਚਿਤ ਗਰਾਂਟ ਜਾਰੀ ਕਰੋਗੋ । ਦੂਜੀ ਸ਼ਰਤ ਇਹ ਕਿ ਜਦ ਤੁਸੀਂ ਮੇਰੇ ਕੋਲ ਕਿਸੇ ਅਕਾਦਮਿਕ ਜਾਂ ਪ੍ਰਬੰਧਕੀ ਕੰਮ ਵਿਚ ਸਿਫ਼ਾਰਸ਼ਾਂ ਲੈ ਕੇ ਆਓਗੇ, ਤਾਂ ਜ਼ਰੂਰੀ ਨਹੀਂ ਕਿ ਮੈਂ ਤੁਹਾਡੀ ਕੋਈ ਗਲ ਮੰਨਾਂ । ਪਰ ਇਤਫ਼ਾਕ ਦੀ ਗਲ ਇਹ ਹੋਈ ਕਿ ਨੇਕੀ ਵੀਰ ਜੀ ਨੂੰ ਉਨ੍ਹੀ ਦਿਨੀਂ ਹੀ ਵਰਲਡ ਹੈਲਥ ਆਰਗਨਾਈਜ਼ੇਸ਼ਨ ਵਲੋਂ ਤਨਜ਼ਾਨੀਆ ਵਿਚ ਤਾਇਨਾਤ ਕਰ ਦਿਤਾ ਗਿਆ ਤੇ ਉਹ ਡਿਪਲੋਮੈਟ ਬਣ ਕੇ ਤਨਜ਼ਾਨੀਆ ਲਈ ਰਵਾਨਾ ਹੋ ਗਏ । ਇਸ ਘਟਨਾ ਉਤੇ ਰੱਬ ਨੂੰ ਮੰਨਣ ਵਾਲੇ ਨੇਕੀ ਵੀਰ ਜੀ ਦਾ ਇਹ ਕਹਿਣਾ ਸੀ, “ਪ੍ਰਮਿੰਦਰ, ਮੇਰੇ ਆਪਣੇ ਬਣਾਏ ਹੋਏ ਸਾਰੇ ਮਨਸੂਬੇ ਮੇਰੇ ਗੁਰੂ ਦੇ ਮੇਰੇ ਪ੍ਰਤੀ ਬਣਾਏ ਹੋਏ ਮਨਸੂਬਿਆਂ ਤੋਂ ਕਿਤੇ ਹੇਚ ਨੇ । ਉਸ ਵਲੋਂ ਬਣਾਈਆਂ ਸਾਰੀਆਂ ਯੋਜਨਾਵਾਂ ਵਧੀਆ ਹੀ ਨਹੀਂ, ਸਗੋਂ ਬੇਹਤਰੀਨ ਵੀ ਹੁੰਦੀਆਂ ਨੇ”। ਇਸ ਕਿਸਮ ਦਾ ਉਚਾ ਤੇ ਸੁਚਾ ਨਿਸਚਾ ਸੀ ਡਾਕਟਰ ਨੇਕੀ ਵੀਰ ਦਾ ਆਪਣੇ ਗੁਰੂ ਪ੍ਰਤੀ ।
ਬਹੁਤੇ ਲੋਕਾਂ ਨੇ ਨੇਕੀ ਵੀਰ ਜੀ ਨੂੰ ਇਕ ਗੰਭੀਰ ਵਿਅਕਤੀ ਦੇ ਤੌਰ ਉਤੇ ਹੀ ਵੇਖਿਆ ਹੈ, ਜਿਹੜਾ ਕਿ ਸ਼ਾਇਦ ਉਨ੍ਹਾਂ ਦੇ ਕਿਤੇ ਮੁਤਾਬਕ ਠੀਕ ਹੀ ਹੋਵੇਗਾ । ਪਰ ਮੈਂ ਉਨ੍ਹਾਂ ਨੂੰ ਆਪਣੇ ਮੁਢਲੇ ਬਚਪਨ ਤੋਂ ਜਾਂ ਇੰਞ ਕਹਿ ਲਵੋ ਕਿ ਆਪਣੀ ਹੋਸ਼ ਸੰਭਲਣ ਤੋਂ ਘਰ ਵਿਚ ਜਿਵੇਂ ਵਿਚਰਦੇ ਵੇਖਿਆ ਹੈ ਉਹ ਕਹਿਕਿਆਂ ਦੀਆਂ ਗੂੰਜਾਂ ਵਿਚ ਅਖੀਂ ਡਿਠਾ ਤੇ ਸੁਣਿਆ ਹੈ । ਜਦੋਂ ਉਹ ਘਰ ਆ ਜਾਂਦੇ ਸਨ ਤਾਂ ਸਾਡੇ ਘਰਾਂ ਦੀਆਂ ਖਾਮੋਸ਼ ਦੀਵਾਰਾਂ ਵੀ ਬੇਕਾਬੂ ਹੋ ਕੇ ਕਹਿਕੇ ਮਾਰ ਕੇ ਹਸਣ ਲਗ ਪੈਂਦੀਆਂ ਸਨ, ਹਾਸਿਆਂ ਦੇ ਛਣਕਾਟੇ ਵਜਣ ਲਗ ਪੈਂਦੇ ਸਨ । ਹਾਸਾ ਸੀ ਕਿ ਠਲਿਆਂ ਵੀ ਠਲ ਨਹੀਂ ਸੀ ਹੁੰਦਾ ।
ਜਾਪਦਾ ਹੈ ਅੱਜ ਉਨ੍ਹਾਂ ਦਾ ਸਦੀਵੀ ਵਿਛੋੜਾ ਮੈਥੋਂ ਮੇਰੇ ਸਾਰੇ ਹਾਸੇ ਖੋਹ ਕੇ ਲੈ ਗਿਆ ਹੈ । ਮਨ ਉਦਾਸ ਹੈ, ਵੈਰਾਗ ਵਿਚ ਹੈ, ਨੈਣਾਂ ਵਿਚ ਨੀਰ ਹੈ, ਇਕ ਘਾਟ ਜਿਹੀ ਮਹਿਸੂਸ ਹੋ ਰਹੀ ਹੈ, ਇਕ ਖਲਾਅ ਜੇਹਾ ਪੈਦਾ ਹੋ ਗਿਆ ਹੈ, ਜ਼ਿੰਦਗੀ ਵਿਚ ਜਿਵੇਂ ਇਕ ਖੜੋਤ ਆ ਗਈ ਹੋਵੇ । ਮੈਂ ਜਦ ਇਹ ਦੁਖਦਾਈ ਖ਼ਬਰ ਅੱਜ ਆਪਣੇ ਫੇਸਬੁਕ ਉਤੇ ਪਾਈ, ਤਾਂ ਮੇਰੀ ਸੱਭ ਤੋਂ ਛੋਟੀ ਬੇਟੀ ਕਿਰਨਜੋਤ ਕੌਰ ਸੋਚ ਨੇ ਮੇਰੇ ਦੁੱਖ ਨੂੰ ਮਹਿਸੂਸ ਕਰਦਿਆਂ ਲਿਖਿਆ, “ਇਹ ਸੁਣਕੇ ਬੇਹੱਦ ਦੁੱਖ ਹੋਇਆ ਹੈ । ਮੈਨੂੰ ਅਫ਼ਸੋਸ ਹੈ ਪਾਪਾ । ਮੈਨੂੰ ਪਤਾ ਹੈ ਕਿ ਉਹ ਤੁਹਾਡੇ ਵਾਸਤੇ ਕਿੰਨੀ ਅਹਿਮੀਅਤ ਰਖਦੇ ਸਨ”।
ਅੱਜ ਦੇ ਯੁਗ ਵਿਚ ਜੇ ਕਿਸੇ ਨੇ ਰੱਬ ਦੀ ਰਜ਼ਾ ਵਿਚ ਰਹਿਣ ਦੀ ਜਾਚ ਸਿਖਣੀ ਹੋਵੇ ਤਾਂ ਉਹ ਨੇਕੀ ਵੀਰ ਜੀ ਤੋਂ ਸਿਖੇ । ਇਥੇ ਉਨ੍ਹਾਂ ਦੇ ਹਡੀਂ ਦੋ ਵਾਪਰੀਆਂ ਕਹਾਣੀਆਂ ਦਾ ਜ਼ਿਕਰ ਕਰਾਂਗਾ ।
1. ਪਿਛਲੇ ਸਾਲ ਉਨ੍ਹਾਂ ਦੇ ਇਕ ਪੈਰ ਦੀਆਂ ਕੁਝ ਉਂਗਲਾਂ ਕਟਣ ਤਕ ਦੀ ਨੌਬਤ ਆ ਗਈ । ਮੇਰਾ ਜਜ਼ਬਾਤੀ ਹੋਣਾ ਸੁਭਾਵਕ ਸੀ । ਮੈਂ ਜਦ ਟੈਲੀਫੋਨ ਉਤੇ ਉਨ੍ਹਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਦਾ ਜੁਆਬ ਸੀ, “ਏਹਿ ਭਿ ਦਾਤਿ ਤੇਰੀ ਦਾਤਾਰਿ”॥ ਰੱਬ ਅਗੇ ਸ਼ਿਕਾਇਤ ਕਰਨੀ ਉਨ੍ਹਾਂ ਦੇ ਸੁਭਾਅ ਵਿਚ ਨਹੀਂ ਸੀ । ਰੱਬ ਦੇ ਹਰ ਭਾਣੇ ਨੂੰ ਉਨ੍ਹਾਂ ਆਪਣੇ ਤਨ ਉਤੇ “ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ”॥ ਕਰ ਕੇ ਹੰਢਾਇਆ ਇਸ ਕਿਸਮ ਦੀ ਸ਼ਖ਼ਸੀਅਤ ਦੇ ਮਾਲਕ ਸਨ ਉਹ । ਰੱਬ ਦੀ ਰਜ਼ਾ ਵਿਚ ਹਮੇਸ਼ਾਂ ਹਮੇਸ਼ਾਂ ਅਡੋਲ ਰਹਿਣ ਵਾਲੇ ।
2. ਹੁਣੇ ਹੁਣੇ ਕੁਝ ਮਹੀਨੇ ਹੋਏ, ਉਹ ਅਮਰੀਕਾ ਆਪਣੇ ਸਪੁਤੱਰ ਡਾਕਟਰ ਅੰਤਰਪ੍ਰੀਤ ਸਿੰਘ ਨੇਕੀ, ਜੋ ਕੋਲੰਬਸ, ਓਹਾਇਓ ਵਿਚ ਰਹਿ ਰਹੇ ਹਨ, ਕੋਲ ਕੁਝ ਮਹੀਨੇ ਰਹਿਣ ਤੇ ਕੁਝ ਪੁਸਤਕਾਂ ਲਿਖਣ ਦੇ ਇਰਾਦੇ ਨਾਲ ਆਏ ਸਨ । ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਉਨ੍ਹਾਂ ਦੇ ਦੂਜੇ ਪੈਰ ਵਿਚ ਪਹਿਲੇ ਪੈਰ ਵਰਗੀ ਹੀ ਤਕਲੀਫ਼ ਸ਼ੁਰੂ ਹੋ ਗਈ । ਝਟ ਕੀਤਿਆਂ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ ਵਿਚੇ ਹੀ ਮਨਸੂਖ਼ ਕਰਕੇ ਨਵੀਂ ਦਿਲੀ ਵਾਪਸ ਜਾਣਾ ਪਿਆ । ਜਾਣ ਤੋਂ ਕੇਵਲ ਇਕ ਦਿਨ ਪਹਿਲਾਂ ਮੇਰੀ ਉਨ੍ਹਾਂ ਨਾਲ ਟੈਲੀਫੋਨ ਉਤੇ ਗਲ ਹੋਈ । ਮੈਂ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ ਤੁਸੀਂ ਤਾਂ ਹਾਲੇ ਹੁਣੇ ਆਏ ਹੋ ਤੇ ਝੱਟ ਹੀ ਵਾਪਸ ਜਾਣਾ ਹੈ? ਤਾਂ ਉਨ੍ਹਾਂ ਕਿਹਾ, “ਪ੍ਰਮਿੰਦਰ,
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥1॥ ਸਿਆਨਪ ਕਾਹੂ ਕਾਮਿ ਨ ਆਤ” ॥
ਸੋ ਇਸ ਕਿਸਮ ਦੀ ਰੂਹਾਨੀਅਤ ਵਿਚ ਰੰਗੇ ਰਹਿੰਦੇ ਸਨ ਉਹ, ਜੋ ਅੱਜ ਸਾਡੇ ਵਿਚੋਂ ਸਰੀਰਕ ਤੌਰ ਉਤੇ ਤਾਂ ਸਦਾ ਲਈ ਅਲੋਪ ਹੋ ਗਏ ਹਨ, ਪਰ ਆਪਣੇ ਪਿਛੇ ਇਕ ਬਹੁਮੁਲੀ ਵਿਰਾਸਤ ਛੱਡ ਗਏ ਹਨ, ਜਿਹੜੀ ਰਹਿੰਦੀ ਹਯਾਤੀ ਤਕ ਸਿੱਖ ਕੌਮ ਲਈ ਸਦੀਵੀ ਕਾਇਮ ਰਹੇਗੀ । ਕਹਿਣ ਨੂੰ ਤਾਂ ਹਾਲੇ ਵੀ ਬਹੁਤ ਕੁਝ ਹੈ, ਪਰ ਕਿਤੇ ਫੇਰ ਸਹੀ ।