ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਸੇਵਾ ਦੀ ਮੂਰਤ ਬੀਬੀ ਸੁਰਜੀਤ ਕੌਰ ਮੁੰਬਈ ਨਿਵਾਸੀ ਵੱਲੋਂ ਦਰਸ਼ਨ ਕਰਨ ਆਉਣ ਵਾਲੀ ਸੰਗਤ ਦੇ ਮਨਾਂ ‘ਚ ਗੁਰਬਾਣੀ ਪ੍ਰਤੀ ਹੋਰ ਸ਼ਰਧਾ ਤੇ ਸਤਿਕਾਰ ਵਧਾਉਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਣਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਤੇ ੫੧੦ ਗ੍ਰਾਮ ਸੋਨੇ ਜੜੇ ਸ਼ਬਦ ਦੀ ਪੰਕਤੀ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ਦੀ ਸੇਵਾ ਕਰਵਾਈ ਗਈ ਹੈ।ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅਰਦਾਸ ਕੀਤੀ ਤੇ ਬੀਬੀ ਸੁਰਜੀਤ ਕੌਰ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਬੀਬੀ ਸੁਰਜੀਤ ਕੌਰ ਤੇ ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਬਣਾਈ ਰੱਖਣ ਤੇ ਇਨ੍ਹਾਂ ਪਾਸੋਂ ਸੇਵਾਵਾਂ ਲੈਂਦੇ ਰਹਿਣ।ਉਨ੍ਹਾਂ ਕਿਹਾ ਕਿ ਬੀਬੀ ਜੀ ਨੇ ਇਸ ਤੋਂ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਦੇ ਛੱਬੇ ਤੇ ਝਾਲਰਾਂ ਦੀ ਸੇਵਾ ਕਰਵਾਈ ਹੈ ਜੋ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਅੰਦਰ ਚੰਦੋਏ ਦੇ ਨਾਲ ਲਗਦੇ ਹਨ।
ਇਸੇ ਤਰ੍ਹਾਂ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਤਿਗੁਰੂ ਜੀ ਕਿਰਪਾ ਕਰਨ ਬੀਬੀ ਸੁਰਜੀਤ ਕੌਰ ਨੂੰ ਤੰਦਰੁਸਤੀ ਬਖਸ਼ਣ।ਇਨ੍ਹਾਂ ਵੱਲੋਂ ਪਹਿਲਾਂ ਸੱਚਖੰਡ ਲਈ ਸੋਨੇ ਦੇ ਛੱਬੇ, ਝਾਲਰਾਂ, ਹੁਕਮਨਾਮੇ ਵਾਲਾ ਚਾਂਦੀ ਦਾ ਬੋਰਡ, ਸੋਨੇ ‘ਚ ਜੜ੍ਹਿਆ ਸ਼ਬਦ ‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ’ ਤੇ ਹੁਣ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ੫੧੦ ਗ੍ਰਾਮ ਪਿਉਰ ੨੪ ਕੈਰੇਟ ਸੋਨੇ ‘ਚ ਤਕਰੀਬਨ ੧੫ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਗੁਰਬਾਣੀ ਦੇ ਸ਼ਬਦ ਦੀ ਪੰਕਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉੱਪਰ ਲਗਵਾਈ ਹੈ।ਇਨ੍ਹਾਂ ਵੱਲੋਂ ਕਰਵਾਈ ਗਈ ਸੇਵਾ ਬਦਲੇ ਸ਼੍ਰੋਮਣੀ ਕਮੇਟੀ ਇਨ੍ਹਾਂ ਦੀ ਧੰਨਵਾਦੀ ਹੈ।
ਬੀਬੀ ਸੁਰਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਕਿਰਪਾ ਕਰਕੇ ਨਿਮਾਣੀ ਕੋਲੋਂ ਇਹ ਸੇਵਾ ਲਈ ਹੈ ਤੇ ਸਤਿਗੁਰੂ ਜੀ ਦੇ ਚਰਨਾਂ ‘ਚ ਅਰਦਾਸ ਬੇਨਤੀ ਹੈ ਕਿ ਉਹ ਅੱਗੋਂ ਵੀ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖ਼ਸ਼ਦੇ ਰਹਿਣ।
ਇਸ ਮੌਕੇ ਸ. ਪ੍ਰਤਾਪ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਤੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਆਦਿ ਮੌਜੂਦ ਸਨ।