ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਦਾਲਾਂ ਸੰਬੰਧੀ ਖੇਤ ਦਿਵਸ ਦਾ ਆਯੋਜਨ ਸਿਧਵਾਂ ਬੇਟ ਦੇ ਸ਼ੇਖ ਦੌਲਤ ਪਿੰਡ ਵਿਖੇ ਕੀਤਾ ਗਿਆ । ਇਹ ਖੇਤ ਦਿਵਸ ਵਿਭਾਗ, ਯੂਨੀਵਰਸਿਟੀ ਦੇ ਦਾਲਾਂ ਸੈਕਸ਼ਨ ਅਤੇ ਆਈ ਡੀ ਬੀ ਆਈ ਬੈਂਕ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ । ਇਸ ਦਿਵਸ ਵਿੱਚ ਵਿਭਾਗ ਦੇ ਮੁੱਖੀ ਡਾ. ਜਸਵਿੰਦਰ ਸਿੰਘ ਭੱਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਭੱਲਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਯੂਨੀਵਰਸਿਟੀ ਦੀਆਂ ਸਿਫ਼ਾਟਸ਼ਾਂ ਨੂੰ ਅਪਨਾਉਣਾ ਚਾਹੀਦਾ ਹੈ । ਉਹਨਾਂ ਨੌਜਵਾਨ ਕਿਸਾਨਾਂ ਨੂੰ ਪੀ ਏ ਯੂ ਕਿਸਾਨ ਕਲੱਬ ਦੇ ਨਾਲ ਜੁੜਨ ਲਈ ਕਿਹਾ ਅਤੇ ਤਿਮਾਹੀ ਯੰਗ ਫਾਰਮਰ ਸਿਖਲਾਈ ਕੋਰਸ ਕਰਨ ਲਈ ਕਿਹਾ । ਉਹਨਾਂ ਕਿਸਾਨ ਵੀਰਾਂ ਨੂੰ 25-26 ਸਤੰਬਰ ਨੂੰ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਕਿਸਾਨ ਮੇਲੇ ਲਈ ਖੁੱਲਾ ਸੱਦਾ ਦਿੱਤਾ । ਇਸ ਮੌਕੇ ਵਿਭਾਗ ਦੇ ਵਿਗਿਆਨੀ ਡਾ. ਵਿਪਨ ਕੁਮਾਰ ਰਾਮਪਾਲ ਨੇ ਜੀ ਆਇਆ ਦੇ ਸ਼ਬਦ ਕਹਿਣ ਉਪਰੰਤ ਦਾਲਾਂ ਦੀ ਮਹੱਤਤਾ ਸੰਬੰਧੀ ਚਾਨਣਾ ਪਾਇਆ । ਦਾਲਾਂ ਸੈਕਸ਼ਨ ਦੇ ਵਿਗਿਆਨੀ ਡਾ. ਗੁਰਇਕਬਾਲ ਸਿੰਘ ਨੇ ਮੂੰਗੀ, ਮਾਂਹ, ਅਰਹਰ ਦੀ ਕਾਸ਼ਤ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਦਕਿ ਕੀਟ ਵਿਗਿਆਨੀ ਡਾ. ਗੌਰਵ ਤੱਗੜ ਨੇ ਦਾਲਾਂ ਦੇ ਕੀੜਿਆਂ ਮਕੌੜਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਇਸ ਮੌਕੇ ਬੈਂਕ ਦੇ ਨੁਮਾਇੰਦੇ ਡਾ. ਦਿਨੇਸ਼ ਸਿੰਘ ਅਤੇ ਮਨੀਸ਼ ਭੋਲਾ ਨੇ ਵੀ ਵਖ ਵੱਖ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਡਾ. ਲਵਲੀਸ਼ ਗਰਗ ਨੇ ਖੇਤੀ ਵਿਭਿੰਨਤਾ ਸੰਬੰਧੀ 125 ਤੋਂ ਵੱਧ ਹਾਜ਼ਰ ਕਿਸਾਨਾਂ ਨੂੰ ਚਾਨਣਾ ਪਾਇਆ ਅਤੇ ਧੰਨਵਾਦ ਦੇ ਸ਼ਬਦ ਕਹੇ ।