ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਸਸੰਥਾ ਪਾਮੇਟੀ ਦੇ ਡਾਇਰੈਕਟਰ ਡਾ: ਹਰਜੀਤ ਸਿੰਘ ਧਾਲੀਵਾਲ ਨੇ ਚਾਰ ਰੋਜ਼ਾ ਸੰਚਾਰ ਅਤੇ ਪਸਾਰ ਯੋਗਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾਉਣ ਬਾਰੇ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀਬਾੜੀ ਗਿਆਨ ਅਸਰਦਾਰ ਢੰਗ ਨਾਲ ਤੁਰੰਤ ਕਿਸਾਨਾਂ ਤੀਕ ਪਹੁੰਚਾਉਣਾ ਵੀ ਵਿਗਿਆਨੀ ਦਾ ਧਰਮ ਹੈ ਅਤੇ ਇਸ ਕਾਰਜ ਵਿੱਚ ਅਸਰਦਾਰ ਸੰਚਾਰ ਯੋਗਤਾ ਵੱਡਾ ਯੋਗਦਾਨ ਪਾਉਂਦੀ ਹੈ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਆਖਰੀ ਬੁਲਾਰੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਸ ਵਰਕਸ਼ਾਪ ਵਿੱਚ ਸ਼ਾਮਿਲ ਖੇਤੀਬਾੜੀ, ਬਾਗਬਾਨੀ, ਭੂਮੀ ਸੁਰੱਖਿਆ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਰਪਿਤ ਭਾਵਨਾ ਨਾਲ ਅਗਾਂਹਵਧੂ ਕਿਸਾਨਾਂ ਨੂੰ ਨਾਇਕ ਵਜੋਂ ਆਪਣੀਆਂ ਲਿਖਤਾਂ ਵਿੱਚ ਪੇਸ਼ ਕਰਨ। ਰੇਡੀਓ, ਟੈਲੀਵੀਜ਼ਨ ਅਤੇ ਅਖ਼ਬਾਰਾਂ ਵਿੱਚ ਪ੍ਰਭਾਵਸ਼ਾਲੀ ਢੰਗ ਦੀਆਂ ਲਿਖਤਾਂ ਯਕੀਨਨ ਸੰਚਾਰ ਯੋਗਤਾ ਵਧਾਉਂਦੀਆਂ ਹਨ। ਉਨ੍ਹਾਂ ਆਖਿਆ ਕਿ ਖੇਤੀਬਾੜੀ ਯੋਜਨਾਕਾਰਾਂ ਵੱਖ ਵੱਖ ਵਿਕਾਸ ਅਦਾਰਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸੰਚਾਰ ਮਾਧਿਅਮਾਂ ਦੇ ਆਪਸੀ ਸਹਿਯੋਗ ਨਾਲ ਹੀ ਛੇਵੇਂ ਦਹਾਕੇ ਵਿੱਚ ਹਰਾ ਇਨਕਲਾਬ ਆਇਆ ਸੀ ਅਤੇ ਹੁਣ ਸਦਾਬਹਾਰ ਖੇਤੀ ਇਨਕਲਾਬ ਲਈ ਸਾਨੂੰ ਸਭ ਨੂੰ ਵੱਧ ਸਮਰਪਿਤ ਭਾਵਨਾ ਨਾਲ ਅੱਗੇ ਵਧਣ ਦੀ ਲੋੜ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਟੈਲੀਵੀਜ਼ਨ ਵਾਰਤਾਵਾਂ ਦੀ ਪੇਸ਼ਕਾਰੀ ਬਾਰੇ ਵਿਹਾਰਕ ਸਿਖਲਾਈ ਦਿੱਤੀ ਅਤੇ ਸਿਖਿਆਰਥੀਆਂ ਨੂੰ ਭਾਸ਼ਣ ਕਲਾ ਦੇ ਗੁਰ ਸਿਖਾਏ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਵੀ ਇਨ੍ਹਾਂ ਸਿਖਿਆਰਥੀਆਂ ਨੂੰ ਦੌਰਾ ਕਰਵਾਇਆ ਗਿਆ।
ਪਾਮੇਟੀ ਦੇ ਸੱਦੇ ਤੇ ਆਏ ਵੱਖ ਵੱਖ ਮਾਹਿਰਾਂ ਨੇ ਇਸ ਚਾਰ ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਵੱਖ ਵੱਖ ਖੇਤਰਾਂ ਵਿੱਚ ਸੂਚਨਾ ਪ੍ਰਬੰਧ ਅਤੇ ਗਿਆਨ ਵਿਗਿਆਨ ਅਦਾਨ ਪ੍ਰਦਾਨ ਬਾਰੇ ਜਾਣਕਾਰੀ ਦਿੱਤੀ। ਖੇਤੀਬਾੜੀ, ਬਾਗਬਾਨੀ, ਮੱਛੀ ਪਾਲਣ, ਭੂਮੀ ਸੁਰੱਖਿਆ ਅਤੇ ਪਸ਼ੂ ਪਾਲਣ ਮਹਿਕਮੇ ਦੇ 27 ਅਧਿਕਾਰੀਆਂ ਨੇ ਇਸ ਸਿਖਲਾਈ ਕੋਰਸ ਵਿੱਚ ਭਾਗ ਲਿਆ।