ਅੰਮ੍ਰਿਤਸਰ – ਭਾਰਤ ਸਰਕਾਰ ਨੇ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਟੋਰਾਂਟੋ ਬਰਾਸਤਾ ਦਿੱਲੀ ਉਡਾਣ ਮੁੜ ਸ਼ੁਰੂ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਜੋ ਕਿ 8ਮਈ 2012 ਨੂੰ ਪਾਇਲਟਾਂ ਦੀ ਹੜਤਾਲ ਕਰਕੇ ਮੁਅਤਲ ਕੀਤੀ ਗਈ ਸੀ।ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਏਅਰ ਇੰਡੀਆ ਨੇ ਪਾਇਲਟਾਂ ਦੀ ਹੜਤਾਲ ਖਤਮ ਹੋਣ ਪਿੱਛੋਂ ਨਿਊ ਯਾਰਕ, ਸ਼ਿਕਾਗੋ ਤੇ ਹੋਰ ਵਿਦੇਸ਼ੀ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ ਪਰ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਨੂੰ ਬਹਾਲ ਨਹੀਂ ਕੀਤਾ ਗਿਆ।
ਇਸ ਦੇ ਉਤਰ ਵਿਚ ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ ਜੁਆਬ ਭੇਜਿਆ ਹੈ ਇਹ ਉਡਾਣ ਮਈ 2012 ਤੋਂ ਇਸ ਲਈ ਬੰਦ ਹੈ ਕਿਉਂਕਿ ਇਹ ਉਡਾਣ ਖਰਚਾ ਵੀ ਨਹੀਂ ਕਢਦੀ ਤੇ ਇਸ ਨੂੰ ਮੁੜ ਚਲਾਉਣ ਦੀ ਕੋਈ ਯੋਜਨਾ ਨਹੀਂ।ਮੰਚ ਆਗੂ ਦਾ ਕਹਿਣਾ ਹੈ ਕਿ ਜੇ ਜੈੱਟ ਏਅਰਵੇਜ਼ ਦੀ ਅੰਮ੍ਰਿਤਸਰ ਤੋਂ ਟੋਰਾਂਟੋ ਬਰਾਸਤਾ ਦਿੱਲੀ ਉਡਾਣ ਲਾਭ ਕਮਾ ਰਹੀ ਹੈ ਤਾਂ ਏਅਰ ਇੰਡੀਆ ਦੀ ਇਹ ਉਡਾਣ ਲਾਭ ਕਿਉਂ ਨਹੀਂ ਕਮਾ ਸਕਦੀ?ਜਿੱਥੋਂ ਤੀਕ ਘਾਟੇ ਦਾ ਸਬੰਧ ਹੈ ਏਅਰ ਇੰਡੀਆ ਦੇ 1 ਅਪ੍ਰੈਲ 2013 ਤੋਂ 31 ਮਾਰਚ 2014 ਨੂੰ ਖ਼ਤਮ ਹੋਏ ਸਾਲ ਵਿਚ 59 ਅੰਤਰ-ਰਾਸ਼ਟਰੀ ਰੂਟਾਂ ਵਿਚੋਂ 57 ਰੂਟ ਘਾਟੇ ਵਿਚ ਗਏ, ਜਿਨ੍ਹਾਂ ਦੇ ਘਾਟੇ ਦੀ ਰਕਮ 4273.35 ਕ੍ਰੋੜ ਰੁਪਏ ਬਣਦੀ ਹੈ। ਇਸ ਦੇ ਉਲਟ ਜੈੱਟ ਏਅਰਵੇਜ਼ ਦੀਆਂ ਅੰਤਰ-ਰਾਸ਼ਟਰੀ ਉਡਾਣਾਂ ਲਾਭ ਕਮਾ ਰਹੀਆਂ ਹਨ। ਏਅਰ ਇੰਡੀਆ ਦੀਆਂ 32 ਉਡਾਣਾਂ ਇਹੋ ਜਿਹੀਆਂ ਹਨ ਜਿਹੜੀਆਂ ਲਾਗਤ ਕੀਮਤ ਨਹੀਂ ਕਢ ਰਹੀਆਂ,ਜੇ ਉਹ ਚਲ ਸਕਦੀਆਂ ਹਨ ਤਾਂ ਇਹ ਕਿਉਂ ਨਹੀਂ ਚਲ ਸਕਦੀ?ਇਸ ਦਾ ਸਿੱਧਾ ਕਾਰਨ ਹੈ ਕਿ ਕੇਂਦਰ ਅੰਮ੍ਰਿਤਸਰ ਹਵਾਈ ਅੱਡੇ ਨਾਲ ਵਿਤਕਰਾ ਕਰ ਰਿਹਾ ਹੈ ਤੇ ਪੰਜਾਬ ਸਰਕਾਰ ਨੂੰ ਮੁਹਾਲੀ ਹਵਾਈ ਅਡੇ ਦਾ ਫਿਕਰ ਹੈ ।ਲੋਕਾਂ ਨੂੰ ਸ. ਨਵਜੋਤ ਸਿੰਘ ਸਿੱਧੂ ਤੇ ਆਸ ਸੀ ਜੋ ਕਿ ਪਹਿਲਾਂ ਕਾਂਗਰਸ ਸਰਕਾਰ ਦੀ ਸਖਤ ਆਲੋਚਨਾ ਕਰਦੇ ਸਨ, ਪਰ ਹੁਣ ਵੀ ਚੁਪ ਹਨ ।
ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਮੋਦੀ ਸਰਕਾਰ ਨਿਕੰਮੇ ਮੰਤਰੀ ਰਖੇ ਹੋਏ ਹਨ। ਏਅਰ ਇੰਡੀਆ ਦਾ ਚੇਅਰਮੈਨ ਵੀ ਆਈ ਏ ਐਸ ਅਫ਼ਸਰ ਨੂੰ ਲਾਇਆ ਹੋਇਆ ਹੈ,ਜਿਸ ਪਾਸ ਇਸ ਖੇਤਰ ਦਾ ਕੋਈ ਤਜਰਬਾ ਨਹੀਂ।ਗੁਮਟਾਲਾ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ- ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਭਾਜਪਾ ਦੇ ਕੌਮੀ ਸਕੱਤਰ ਸ੍ਰੀ ਤਰੁਣ ਚੁਗ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਬੰਦ ਹੋਈਆਂ ਉਡਾਣਾਂ ਸ਼ੁਰੂ ਕਰਵਾਈਆਂ ਜਾਣ ਉੱਥੇ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਵੈਨਕੁਅਰ, ਸਾਂਨਫਰਾਂਸਿਸਕੋ, ਮਿਲਾਨ, ਆਦਿ ਨੂੰ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਕੇਂਦਰੀ ਖਜਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਪਹੁੰਚ ਕੀਤੀ ਜਾਵੇ ਤਾਂ ਜੋ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਹੁੰਦੀ ਖ਼ਜਲ ਖੁਆਰੀ ਤੋਂ ਛੁਟਕਾਰਾ ਮਿਲ ਸਕੇ ਅਤੇ ਅੰਮ੍ਰਿਤਸਰ ਤੋਂ ਸਬਜੀਆਂ, ਫਲ ਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਵਿਦੇਸ਼ਾਂ ਵਿਚ ਜਾ ਸਕਣ ਜੋ ਇਸ ਸਮੇਂ ਸਿੱਧੀਆਂ ਉਡਾਣਾਂ ਨਾ ਹੋਣ ਕਰਕੇ ਬਰਾਮਦ ਨਹੀਂ ਹੋ ਰਹੀਆਂ ਜਿਸ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ।
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਤੋਂ ਟੋਰਾਂਟੋ ਉਡਾਣ ਸ਼ੁਰੂ ਕਰਨ ਤੋਂ ਕੋਰੀ ਨਾਂਹ:ਗੁਮਟਾਲਾ
This entry was posted in ਪੰਜਾਬ.