ਵਾਸ਼ਿੰਗਟਨ – ਅਮਰੀਕਾ ਦੀ ਫੈਡਰਲ ਕੋਰਟ ਨੇ ‘ਹੈਪੀ ਬਰਥਡੇ ਟੂ ਯੂ’ ਗੀਤ ਤੇ ਆਪਣਾ ਫੈਂਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਗੀਤ ਤੇ ਆਮ ਲੋਕਾਂ ਦਾ ਅਧਿਕਾਰ ਹੈ। ਇਸ ਸੌਂਗ ਤੇ ਪਿੱਛਲੇ ਲੰਬੇ ਸਮੇਂ ਤੋਂ ਰਾਇਲਟੀ ਵਸੂਲ ਕਰਨ ਵਾਲੀ ਮਿਊਜਿਕ ਕੰਪਨੀ ਨੂੰ ਅਮਰੀਕੀ ਕੋਰਟ ਵੱਲੋਂ ਦਿੱਤਾ ਗਿਆ ਇਹ ਵੱਡਾ ਝਟਕਾ ਹੈ।
‘ਹੈਪੀ ਬਰਥਡੇ ਟੂ ਯੂ’ ਦੇ ਇਸ ਗੀਤ ਦੇ ਕਾਪੀਰਾਈਟ ਦੇ ਸਬੰਧ ਵਿੱਚ ਚਲ ਰਹੇ ਕੇਸ ਦੀ ਸੁਣਵਾਈ ਕਰਦੇ ਹੋਏ ਸੰਘੀ ਅਦਾਲਤ ਦੇ ਜੱਜ ਨੇ ਕਿਹਾ ਕਿ ਇਸ ਉਪਰ ਕਿਸੇ ਦਾ ਵੀ ਕਾਪੀਰਾਈਟ ਨਹੀਂ ਹੈ। ਅਮਰੀਕੀ ਜੱਜ ਜਾਰਜ ਐਚ ਕਿੰਗ ਨੇ ਫੈਂਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਸੌਂਗ ਤੇ ਰਾਇਲਿਟੀ ਇੱਕਠੀ ਕਰ ਰਹੀ ਮਿਊਜਿਕ ਕੰਪਨੀ ਵਾਰਨਰ/ ਚੈਪਲ ਦਾ ਇਸ ਗਾਣੇ ਤੇ ਕੋਈ ਵੀ ਲੀਗਲ ਕਾਪੀਰਾਈਟ ਨਹੀਂ ਹੈ। ਇਹ ਪੂਰੇ ਵਰਲਡ ਵਿੱਚ ਸੱਭ ਤੋਂ ਵੱਧ ਹਰਮਨ ਪਿਆਰੇ ਗਾਣਿਆਂ ਵਿੱਚੋਂ ਇੱਕ ਹੈ।
ਜਸਟਿਸ ਕਿੰਗ ਨੇ ਆਪਣੇ ਫੈਂਸਲੇ ਵਿੱਚ ਕਿਹਾ ਕਿ ਇਸ ਗਾਣੇ ਦੀ ਮੂਲ ਧੁਨ ਬੱਚਿਆਂ ਦੇ ਇੱਕ ਹੋਰ ਲੋਕਪ੍ਰਿਅ ਗਾਣੇ ‘ਗੁਡ ਮਾਰਨਿੰਗ ਟੂ ਆਲ’ ਦੀ ਤਰਜ਼ ਤੇ ਹੈ। ਇਹ ਲੰਬੇ ਸਮੇਂ ਤੋਂ ਜਨਤਾ ਦੇ ਅਧਿਕਾਰ ਖੇਤਰ ਵਿੱਚ ਹੈ। ਅਦਾਲਤ ਦਾ ਇਹ ਫੈਂਸਲਾ ਇਸ ਗੀਤ ਤੇ ਇੱਕ ਡਾਕੂਮੈਂਟਰੀ ਬਣਾ ਰਹੀ ਨਿਊਯਾਰਕ ਸਥਿਤ ਗੁਡ ਮਾਰਨਿੰਗ ਟੂ ਯੂ ਪ੍ਰੋਡਕਸ਼ਨਜ ਕਾਰਪੋਰੇਸ਼ਨ ਦੁਆਰਾ ਦਾਖਿਲ ਪਟੀਸ਼ਨ ਦੇ ਜਵਾਬ ਵਿੱਚ ਆਇਆ ਹੈ।
ਪ੍ਰੋਡਕਸ਼ਨ ਕੰਪਨੀ ਨੇ ਦੋ ਸਾਲ ਪਹਿਲਾਂ ਮਿਊਜਿਕ ਕੰਪਨੀ ਵਾਰਨਰ/ਚੈਪਲ ਦੇ ਕਾਪੀਰਾਈਟ ਨੂੰ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਕੰਪਨੀ ਦੁਆਰਾ ਇਹ ਮੰਗ ਕੀਤੀ ਗਈ ਸੀ ਕਿ ਦੁਨੀਆਂਭਰ ਵਿੱਚ ਜਨਮਦਿਨ ਤੇ ਸ਼ੁਭਕਾਮਨਾਵਾਂ ਦੇਣ ਲਈ ਗਾਏ ਜਾਣ ਵਾਲੇ ਇਸ ਗੀਤ ‘ਹੈਪੀ ਬਰਥਡੇ ਟੂ ਯੂ’ ਤੇ ਕਾਪੀਰਾਈਟ ਸਮਾਪਤ ਕਰਕੇ ਇਸ ਨੂੰ ਆਮ ਲੋਕਾਂ ਦਾ ਗਾਣਾ ਕਰਾਰ ਦਿੱਤਾ ਜਾਵੇ।