ਅੰਮ੍ਰਿਤਸਰ : ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਬੁੱਢਾ ਦਲ ਦੇ ਸਮੁੱਚੇ ਕੰਪਲੈਕਸ ਦੇ ਸੁੰਦਰੀਕਰਨ ਲਈ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ੯੬ ਕਰੋੜੀ ਵੱਲੋਂ ਕੱਲ੍ਹ ਨਿਹੰਗ ਸਿੰਘ ਦਲਾਂ ਅਤੇ ਵੱਖ-ਵੱਖ ਸੰਪ੍ਰਦਾਵਾਂ ਦੇ ਮੁਖੀਆਂ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਸਾਂਝੇ ਤੌਰ ਤੇ ਲੰਗਰ ਹਾਲ ਤੇ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਸਮਾਗਮ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰ: ਦਿਲਜੀਤ ਸਿੰਂਘ ਬੇਦੀ ਵਧੀਕ ਸਕੱਤਰ ਉਚੇਚੇ ਤੌਰ ਤੇ ਸ਼ਾਮਿਲ ਹੋਏ।ਇਹ ਨੀਂਹ ਪੱਥਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਬਾਬਾ ਗੁਰਪਿੰਦਰ ਸਿੰਘ ਵਡਾਲਾ ਆਦਿ ਨੇ ਸਾਂਝੇ ਤੌਰ ‘ਤੇ ਰੱਖਿਆ।
ਲੰਗਰ ਹਾਲ ਦੀ ਇਮਾਰਤ ਦੀ ਅਰੰਭਤਾ ਲਈ ਅਰਦਾਸ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤੀ।ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਬਹੁਤ ਪੁਰਾਤਨ ਹੋਣ ਕਰਕੇ ਖਸਤਾ ਹਾਲਤ ‘ਚ ਸਨ।ਜਿਨ੍ਹਾਂ ਦਾ ਸੁੰਦਰੀਕਰਨ ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ।ਇਹ ਲੰਗਰ ਹਾਲ ੧੦੦*੪੦ ਫੁੱਟ ਹੋਵੇਗਾ।ਜਿਸ ਦੀ ਬੇਸਮੈਂਟ ‘ਚ ਵੱਖ-ਵੱਖ ਸਟੋਰ, ਉੱਪਰ ਦੋ ਮੰਜ਼ਿਲਾ ਲੰਗਰ ਹਾਲ ਅਤੇ ਸੰਗਤਾਂ ਦੇ ਠਹਿਰਨ ਲਈ ਦੋ ਮੰਜ਼ਿਲਾ ਸਰਾਂ, ਜਿਸ ‘ਚ ੩੦ ਕਮਰੇ ਤੇ ੨ ਹਾਲ ਹੋਣਗੇ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਸੁੰਦਰ ਭਵਨ ਕਲਾ ਦਾ ਪ੍ਰਗਟਾਵਾ ਕਰਦੀ ਤਿੰਨ ਮੰਜ਼ਿਲੀ ਦਰਸ਼ਨੀ ਡਿਓੜੀ ਤਿਆਰ ਕੀਤੀ ਜਾ ਰਹੀ ਹੈ ਜੋ ਗੁੰਬਦ ਸਮੇਤ ਲੱਗਭਗ ੫੦ ਫੁੱਟ ਉੱਚੀ ਹੋਵੇਗੀ।ਜਿਸ ਦੀਆ ਸਾਈਡਾਂ ਤੇ ਦੋ ਦਫ਼ਤਰ ਤੇ ੧੪ ਰਿਹਾਇਸ਼ੀ ਕਮਰੇ ਹੋਣਗੇ।ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਸਮੁੱਚੇ ਕੰਪਲੈਕਸ ਵਿੱਚ ਇੰਟਰਲਾਕ ਟਾਈਲਾਂ ਤੇ ਸੜਕਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਸੰਗਤਾਂ ਲਈ ਜਿੱਥੇ ਰਿਹਾਇਸ਼ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਓਥੇ ਫੁੱਲਦਾਰ ਸੁੰਦਰ ਬਾਗ ਬਗੀਚੇ ਆਦਿ ਵੀ ਲਗਾਏ ਜਾਣਗੇ।ਉਨ੍ਹਾਂ ਇਸ ਇਮਾਰਤ ਦੀ ਅਰੰਭਤਾ ਸਮੇਂ ਪੁੱਜੇ ਵੱਖ-ਵੱਖ ਨਿਹੰਗ ਸਿੰਘ ਦਲਾਂ, ਸੰਪ੍ਰਦਾਵਾਂ ਤੇ ਸਿੰਘ ਸਾਹਿਬਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਗਜਨ ਸਿੰਘ ਮੀਤ ਜਥੇਦਾਰ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਮੁੱਖੀ ਬਿਧੀ ਚੰਦ ਸੰਪ੍ਰਦਾ ਵੱਲੋਂ ਬਾਬਾ ਨਾਹਰ ਸਿੰਘ, ਬਾਬਾ ਸਾਧ ਜੀ, ਬਾਬਾ ਨਾਗਰ ਸਿੰਘ ਹਰੀਆਂ ਵੇਲਾ, ਬਾਬਾ ਵੱਸਣ ਸਿੰਘ ਮੜੀਆਂ ਵਾਲੇ, ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ, ਜਥੇਦਾਰ ਰਘਬੀਰ ਸਿੰਘ ਖਿਆਲੇ ਵਾਲੇ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਛਿੰਦਾ ਸਿੰਘ ਭਿੰਖੀਵਿੰਡ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਬਲਦੇਵ ਸਿੰਘ ਵੱਲਾ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਬਾਬਾ ਇੰਦਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਭਗਤ ਸਿੰਘ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।