ਫਤਿਹਗੜ੍ਹ ਸਾਹਿਬ – “ਗੁਰੁ ਸਾਹਿਬਾਨ, ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੁ ਮਰਿਆਦਾਵਾਂ ਦੀ ਤੌਹੀਨ ਕਰਨ ਵਾਲੇ ਕਿਸੇ ਨੂੰ ਵੀ ਮੁਆਫ ਕਰਨ ਜਾਂ ਨਾ ਕਰਨ ਸੰਬੰਧੀ ਸਿੱਖੀ ਮਰਿਆਦਾਵਾਂ ਲੰਮੇ ਸਮੇਂ ਤੋਂ ਨਿਰੰਤਰ ਚੱਲਦੀਆਂ ਆ ਰਹੀਆਂ ਹਨ। ਇਹਨਾਂ ਮਰਿਆਦਾਵਾਂ ਅਨੁਸਾਰ ਹੀ ਸਿੱਖ ਕੌਮ ਦੇ ਕਿਸੇ ਦੋਸ਼ੀ ਨੂੰ ਮੁਆਫ਼ ਕੀਤਾ ਜਾ ਸਕਦਾ ਹੈ ਨਾ ਕਿ ਮਰਿਆਦਾਵਾਂ ਨੂੰ ਨਜ਼ਰ ਅੰਦਾਜ਼ ਕਰਕੇ। ਜਦੋਂ ਇਹ ਰਵਾਇਤ ਅੱਜ ਤੱਕ ਚੱਲਦੀ ਆ ਰਹੀ ਹੈ ਕਿ ਸਿੱਖ ਕੌਮ ਦਾ ਕੋਈ ਵੀ ਦੋਸ਼ੀ ਭਾਵੇਂ ਉਹ ਕਿੰਨੇ ਵੀ ਵੱਡੇ ਆਹੁਦੇ ਉਤੇ ਕਿਉਂ ਨਾ ਬੈਠਾ ਹੋਵੇ, ਉਸਨੂੰ ਗਲ ਵਿੱਚ “ਮੈਂ ਪਾਪੀ ਤੂੰ ਬਖਸ਼ਣਹਾਰ” ਦੀ ਫੱਟੀ ਪਾ ਕੇ ਨਿਮਰਤਾ ਸਾਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸਰੀਰਿਕ ਤੌਰ ‘ਤੇ ਪੇਸ਼ ਹੋਣਾ ਪੈਂਦਾ ਹੈ। ਫਿਰ ਜਥੇਦਾਰ ਸਾਹਿਬਾਨ ਉਸ ਦੋਸ਼ੀ ਦੇ ਪੰਥ ਵਿਰੋਧੀ ਅਮਲਾਂ ਉਤੇ ਵਿਚਾਰ ਕਰਦੇ ਹੋਏ ਸਿੱਖੀ ਰਵਾਇਤਾਂ ਅਨੁਸਾਰ ਸਜ਼ਾ ਲਗਾ ਕੇ ਮੁਆਫ਼ ਕਰਨ ਦੀ ਵਿਧੀ ਨੂੰ ਪੂਰਨ ਕਰਦੇ ਹਨ। ਪਰ ਸੌਦਾ ਸਾਧ ਜਿਸ ਉਤੇ ਪਹਿਲੋਂ ਹੀ ਬਲਾਤਕਾਰੀ ਅਤੇ ਕਤਲ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ ਅਤੇ ਜਿਸ ਨੇ 2007 ਵਿੱਚ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਅਤੇ ਰੱਬੀ ਬਖਸਿ਼ਸ਼ “ਅੰਮ੍ਰਿਤ” ਦੀ ਤੌਹੀਨ ਕਰਨ ਦੀ ਬੱਜਰ ਗੁਸਤਾਖੀ ਕੀਤੀ ਸੀ ਅਤੇ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਵੱਲੋਂ ਸੌਦਾ ਸਾਧ ਨਾਲ ਕਿਸੇ ਤਰ੍ਹਾਂ ਦਾ ਵੀ ਰੋਟੀ-ਬੇਟੀ ਆਦਿ ਦਾ ਸੰਬੰਧ ਨਾ ਰੱਖਣ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਹੈ, ਉਸ ਵੱਲੋਂ ਹੁਣ ਚਾਰ ਲਾਇਨਾ ਦੇ ਲਿਖੇ ਗਏ ਪੱਤਰ ਜਿਸ ਵਿਚ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਤੋਂ ਕਿਤੇ ਵੀ ਮੁਆਫੀ ਨਹੀਂ ਮੰਗੀ। ਉਸ ਨੂੰ ਮੁਆਫ਼ ਕਰਨ ਦੇ ਅਮਲ ਕੇਵਲ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹੀ ਨਹੀਂ ਹਨ , ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਿਨ੍ਹਾਂ ਪੇਸ਼ ਹੋਏ ਮੁਆਫ਼ ਕਰਨ ਦੀ ਕਾਰਵਾਈ ਸਿੱਖੀ ਰਵਾਇਤਾਂ ਅਤੇ ਮਰਿਆਦਾਵਾਂ ਦਾ ਘਾਣ ਕਰਨ ਵਾਲੀ ਹੈ। ਅਜਿਹੇ ਅਮਲ ਮੌਜੂਦਾ ਪੰਜਾਬ ਦੇ ਸਿਆਸਤਦਾਨਾਂ ਅਤੇ ਸਿਧਾਂਤਹੀਣ ਸੋਚ ਅਤੇ ਅਮਲਾਂ ਦੇ ਮਾਲਕ ਜਥੇਦਾਰ ਸਾਹਿਬਾਨ ਵੱਲੋਂ ਸਿਆਸੀ ਅਤੇ ਪਰਿਵਾਰਕ ਸਵਾਰਥਾਂ ਦੀ ਪੂਰਤੀ ਲਈ ਕੀਤੇ ਗਏ ਹਨ। ਜਿਸ ਨੂੰ ਸਿੱਖ ਕੌਮ ਕਤਈ ਵੀ ਪ੍ਰਵਾਨ ਨਹੀਂ ਕਰੇਗੀ ਅਤੇ ਨਾ ਹੀ ਅਜਿਹਾ ਸਿਧਾਂਤਹੀਣ ਫੈਸਲਾ ਦੇਣ ਵਾਲੇ ਜਥੇਦਾਰ ਸਾਹਿਬਾਨ ਅਤੇ ਸਿਆਸਤਦਾਨਾਂ ਨੂੰ ਸਿੱਖ ਕੌਮ ਕਦੀ ਮੁਆਫ਼ ਕਰੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਥੇਦਾਰ ਸਾਹਿਬਾਨ ਵੱਲੋਂ ਦਿਸ਼ਾਹੀਣ ਆਗੂਆਂ ਦੇ ਦਬਾਅ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਅਤੇ ਮੁਤੱਸਵੀ ਜਮਾਤਾ ਆਰ ਐਸ ਐਸ ਵਰਗਿਆਂ ਦੀ ਸਿੱਖ ਵਿਰੋਧੀ ਸੋਚ ਉਤੇ ਅਮਲ ਕਰਦੇ ਹੋਏ ਸਿੱਖ ਕੌਮ ਦੇ ਦੋਸ਼ੀ ਸੌਦਾ ਸਾਧ ਨੂੰ ਮੁਆਫ਼ ਕਰਨ ਦੀ ਸਿਧਾਂਤਹੀਣ ਕਾਰਵਾਈ ਉਤੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੇਕਰ ਸੌਦਾ ਸਾਧ ਆਪਣੇ ਤੋਂ 2007 ਵਿੱਚ ਹੋਈ ਬੱਜਰ ਗੁਸਤਾਖੀ ਲਈ ਗਲ ਵਿੱਚ ਪੱਲਾ ਪਾ ਕੇ ਨਿਮਰਤਾ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਮੁਆਫੀ ਨਾਮਾ ਦਰਜ ਕਰਵਾਉਂਦੇ, ਫਿਰ ਤਾਂ ਉਸ ਦੀ ਮੁਆਫੀ ਬਾਰੇ ਸੋਚਿਆ ਜਾ ਸਕਦਾ ਸੀ। ਲੇਕਿਨ ਬਿਨ੍ਹਾਂ ਪੇਸ਼ ਹੋਏ ਅਤੇ ਬਿਨ੍ਹਾਂ ਮੁਆਫੀ ਮੰਗੇ, ਜਥੇਦਾਰ ਸਾਹਿਬਾਨ ਵੱਲੋਂ ਗੁਪਤ ਮੀਟਿੰਗਾਂ ਵਿਚ ਗੁਪਤ ਸਿਆਸੀ ਆਦੇਸ਼ਾਂ ਉਤੇ ਅਮਲ ਕਰਕੇ ਸੌਦਾ ਸਾਧ ਨੂੰ ਮੁਆਫ਼ ਕਰਨ ਦੀ ਕਾਰਵਾਈ ਪੰਥ ਦੋਖੀਆਂ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲੇ ਅਤਿ ਸ਼ਰਮਨਾਕ ਅਤੇ ਦੁੱਕਦਾਇਕ ਅਮਲ ਹਨ। ਇਸ ਕਾਰਵਾਈ ਨੇ ਜਥੇਦਾਰ ਸਾਹਿਬਾਨ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚ ਕੌਮੀ ਅਦਾਲਤ ਵਿਚ ਇਕ ਦੋਸ਼ੀ ਬਣਾ ਕੇ ਖੜ੍ਹਾ ਦਿੱਤਾ ਹੈ। ਬਾਦਲ ਪਰਿਵਾਰ ਤਾਂ ਇਸ ਮਾਮਲੇ ਵਿਚ ਪਹਿਲੋਂ ਹੀ ਸਿੱਖ ਕੌਮ ਦੀਆਂ ਨਜ਼ਰਾਂ ਵਿਚ ਗਿਰ ਚੁੱਕੇ ਹਨ ਲੇਕਿਨ ਜਥੇਦਾਰ ਸਾਹਿਬਾਨ ਨੇ ਵੀ ਇਸ ਪੰਥ ਵਿਰੋਧੀ ਕਾਰਵਾਈ ਕਰਕੇ ਆਪਣੇ ਆਪ ਨੂੰ ਸਿੱਖ ਕੌਮ ਦੀਆਂ ਨਜ਼ਰਾਂ ਵਿਚ ਗਿਰਾ ਲਿਆ ਹੈ। ਇਥੇ ਚੇਤੇ ਕਰਵਾਉਣਾ ਜਰੂਰੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੋਈ ਗਲਤੀ ਦੀ ਬਦੌਲਤ ਬਤੌਰ ਬਾਦਸ਼ਾਹ ਦੇ ਰੂਪ ਵਿਚ ਵੀ ਹੁੰਦੇ ਹੋਏ ਊਹਨਾਂ ਨੂੰ ਆਪਣੀ ਭੁੱਲ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੇਸ਼ ਹੋ ਕੇ ਸਜ਼ਾ ਪ੍ਰਵਾਨ ਕਰਨੀ ਪਈ ਸੀ। ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਰਿਆਦਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਕੀਤੇ ਗਏ ਉਪਰੋਕਤ ਮੁਆਫੀਨਾਮੇ ਦੇ ਫੈਸਲੇ ਨਾਲ ਬੇਸ਼ੱਕ ਸਰੀਰਿਕ ਰੂਪੀ ਜਥੇਦਾਰ ਸਾਹਿਬਾਨ ਨੇ ਆਪਣੇ ਸਤਿਕਾਰ ਨੂੰ ਡੂੰਘੀ ਠੇਸ ਪਹੁੰਚਾਈ ਹੈ, ਲੇਕਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ-ਪੀਰੀ ਦੀ ਸੰਸਥਾ ਦੇ ਸਤਿਕਾਰ ਮਾਣ ਨੂੰ ਇਸ ਕਰਕੇ ਕੋਈ ਆਂਚ ਨਹੀਂ ਆਵੇਗੀ, ਕਿਉਂਕਿ ਉਪਰੋਕਤ ਸਵਾਰਥ ਅਧੀਨ ਹੋਏ ਮੁਆਫੀ ਨਾਮੇ ਨੂੰ ਸਿੱਖ ਕੌਮ ਨੇ ਰਤੀ ਭਰ ਵੀ ਨਾ ਤਾਂ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਸਿੱਖ ਕੌਮ ਸੌਦਾ ਸਾਧ ਵਰਗੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ , ਸਿੱਖ ਗੁਰੁ ਸਾਹਿਬਾਨ ਦਾ ਅਪਮਾਨ ਕਰਨ ਦੇ ਮੁੱਦੇ ਊਤੇ ਕਦੀ ਮੁਆਫ਼ ਕਰੇਗੀ। ਮੌਜੂਦਾ ਪੰਜਾਬ ਦੇ ਸਿਆਸਤਦਾਨ , ਬਾਦਲ ਪਰਿਵਾਰ ਅਤੇ ਜਥੇਦਾਰ ਸਾਹਿਬਾਨ ਨੂੰ ਇਸ ਹੋਈ ਅਵੱਗਿਆ ਲਈ ਨਤੀਜੇ ਹਰ ਕੀਮਤ ‘ਤੇ ਭੁਗਤਣੇ ਪੈਣਗੇ।