ਗਾਜੀਆਬਾਦ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲਗਦੇ ਯੂਪੀ ਦੇ ਦਾਦਰੀ ਇਲਾਕੇ ਵਿੱਚ ਬੀਫ਼ ਖਾਣ ਦੀ ਅਫ਼ਵਾਹ ਦੇ ਚੱਲਦੇ ਪਿੰਡ ਦੇ ਲੋਕਾਂ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਵੀ ਅੱਧਮਰਿਆ ਕਰ ਦਿੱਤਾ। ਅਸਲ ਵਿੱਚ ਪਿੰਡ ਵਿੱਚ ਇਹ ਅਫਵਾਹ ਫੈਲਾਈ ਗਈ ਸੀ ਕਿ ਮਰਨ ਵਾਲੇ ਵਿਅਕਤੀ ਦੇ ਘਰ ਵਿੱਚ ਗਾਂ ਦਾ ਮੀਟ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੇ ਗਾਂ ਦਾ ਮੀਟ ਖਾਧਾ ਹੈ।
ਪਿੰਡ ਦੇ ਲੋਕਾਂ ਨੇ ਮੁਹੰਮਦ ਅਖਲਾਕ ਦੇ ਘਰ ਤੇ ਹਮਲਾ ਕਰ ਦਿੱਤਾ। ਭੜਕੀ ਹੋਈ ਭੀੜ ਮੁਹੰਮਦ ਅਖਲਾਕ ਅਤੇ ਉਸਦ ਬੇਟੇ ਨੂੰ ਘਸੀਟ ਕੇ ਘਰ ਤੋ ਬਾਹਰ ਲੈ ਆਈ ਅਤੇ ਉਨ੍ਹਾਂ ਨੂੰ ਇੱਟਾਂ ਤੇ ਪੱਥਰਾਂ ਨਾਲ ਜਮ ਕੇ ਕੁੱਟਿਆ। ਇਸ ਮਾਰਕੁੱਟ ਵਿੱਚ ਮੁਹੰਮਦ ਅਖਲਾਕ ਦੀ ਮੌਤ ਹੋ ਗਈ ਅਤੇ ਉਸ ਦਾ ਬੇਟਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ ਜੋ ਕਿ ਹਸਪਤਾਲ ਵਿੱਚ ਮੌਤ ਅਤੇ ਜਿੰਦਗੀ ਦੀ ਜੰਗ ਲੜ ਰਿਹਾ ਹੈ।
ਸਥਾਨਕ ਮੰਦਰ ਵਿੱਚ ਇਹ ਐਲਾਨ ਕੀਤਾ ਗਿਆ ਕਿ ਅਖਲਾਕ ਦਾ ਪਰੀਵਾਰ ਗਾਂ ਦਾ ਮੀਟ ਖਾਂਦਾ ਹੈ, ਜਿਸ ਤੋਂ ਬਾਅਦ ਲੋਕ ਭੜਕ ਗਏ। ਪੁਲਿਸ ਮੰਦਰ ਦੇ ਪੁਜਾਰੀ ਨੂੰ ਹਿਰਾਸਤ ਵਿੱਚ ਲੈ ਕੇ ਪੜਤਾਲ ਕਰ ਰਹੀ ਹੈ। ਇਸ ਤੋਂ ਇਲਾਵਾ 10 ਹੋਰ ਲੋਕਾਂ ਦੇ ਖਿਲਾਫ਼ ਵੀ ਦੰਗੇ ਭੜਕਾਉਣ ਅਤੇ ਹੱਤਿਆ ਦਾ ਕੇਸ ਦਰਜ਼ ਕੀਤਾ ਗਿਆ ਹੈ।
ਅਖਲਾਕ ਦੀ ਧੀ ਸਾਜਿਦਾ ਦਾ ਕਹਿਣਾ ਹੈ ਕਿ ਸਾਡੇ ਘਰ ਤੇ 100 ਦੇ ਕਰੀਬ ਲੋਕਾਂ ਨੇ ਹਮਲਾ ਕਰਕੇ ਮੇਰੇ ਪਿਤਾ ਅਤੇ ਭਰਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਸਾਜਿਦਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਘਰ ਗਾਂ ਦਾ ਮਾਸ ਨਹੀਂ ਸੀ ਬਲਿਕ ਮਟਨ ਸੀ।