ਬਠਿੰਡਾ – ਨਕਲੀ ਕੀਟਨਾਸ਼ਕ ਘੋਟਾਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਖੇਤੀਬਾੜੀ ਵਿਭਾਗ ਦੇ ਸਸਪੈਂਡ ਕੀਤੇ ਗਏ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਪੁਲਿਸ ਰੀਮਾਂਡ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਨਾਲ ਕੀਟਨਾਸ਼ਕ ਕੰਪਨੀਆਂ ਦੇ ਮਾਲਿਕਾਂ ਅਤੇ ਖੇਤੀ ਵਿਭਾਗ ਦੇ ਕੁਝ ਹੋਰ ਅਧਿਕਾਰੀਆਂ ਵਿੱਚ ਹਫੜਾਦਫੜੀ ਮੱਚ ਗਈ ਹੈ। ਉਹ ਆਪਣੇ ਆਪ ਨੂੰ ਬਚਾਉਣ ਲਈ ਰਾਜਸੀ ਪਹੁੰਚ ਦਾ ਇਸਤੇਮਾਲ ਕਰ ਰਹੇ ਹਨ। ਕੁਝ ਵਿਭਾਗ ਦੇ ਅਧਿਕਾਰੀ ਅਤੇ ਕੰਪਨੀਆਂ ਦੇ ਮਾਲਿਕ ਅੰਡਰਗਰਾਊਂਡ ਹੋ ਗਏ ਹਨ।
ਮੰਗਲ ਸਿੰਘ ਸੰਧੂ ਵੱਲੋਂ ਪੁਲਿਸ ਰੀਮਾਂਡ ਦੌਰਾਨ ਕੀਤੇ ਜਾ ਰਹੇ ਖੁਲਾਸਿਆਂ ਨਾਲ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਵਿਰੋਧੀ ਧਿਰ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਰਾਜ ਸਰਕਾਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਦਲ ਵਿੱਚੋਂ ਵੀ ਤੋਤਾ ਸਿੰਘ ਦੇ ਵਿਰੁੱਧ ਆਵਾਜਾਂ ਉਠਣ ਲਗ ਪਈਆਂ ਹਨ।ਖੇਤੀਬਾੜੀ ਵਿਭਾਗ ਵੱਲੋਂ ਨਿਯਮਾਂ ਦੀ ਉਲੰਘਣਾ ਕਰਕੇ 33 ਕਰੋੜ ਦੀ ਖਰੀਦੀ ਗਈ ਕੀਟਨਾਸ਼ਕ ਦਵਾਈ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਮੰਗਲ ਸਿੰਘ ਸੰਧੂ ਦੇ ਖਿਲਾਫ਼ ਕੇਸ ਦਰਜ਼ ਕੀਤਾ ਹੈ।
ਸੂਤਰਾਂ ਅਨੁਸਾਰ ਮੰਗਲ ਸਿੰਘ ਸੰਧੂ ਨੇ ਪੁਲਿਸ ਰੀਮਾਂਡ ਦੌਰਾਨ ਆਪਣੇ ਹੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਸਤਵੰਤ ਸਿੰਘ ਬਰਾੜ ਅਤੇ ਨਿਰੰਕਾਰ ਸਿੰਘ ਤੋਂ ਇਲਾਵਾ ਖੇਤੀ ਵਿਭਾਗ ਦੇ ਕਈ ਅਧਿਕਾਰੀਆਂ ਅਤੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਇਸ ਘੋਟਾਲੇ ਵਿੱਚ ਸ਼ਾਮਿਲ ਹੋਣ ਦਾ ਖੁਲਾਸਾ ਕੀਤਾ ਹੈ।