ਪਟਨਾ – ਬਿਹਾਰ ਵਿੱਚ ਚੋਣ ਪਰਚਾਰ ਸਿੱਖਰਾਂ ਤੇ ਹੋਣ ਕਰਕੇ ਵੱਖ-ਵੱਖ ਪਾਰਟੀਆਂ ਦੇ ਨੇਤਾ ਇੱਕ ਦੂਸਰੇ ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ। ਚੋਣਾਂ ਦੇ ਮੱਦੇਨਜ਼ਰ ਹੀ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਰਾਸ਼ਟਰੀ ਸਵੈ ਸੇਵਕ ਸੰਘ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਨਫਰਤ ਫੈਲਾਉਣ ਦੀ ਫੈਕਟਰੀ ਦੀ ਸੰਘਿਆ ਦਿੱਤੀ ਅਤੇ ਮੋਦੀ ਨੂੰ ਗਰੀਬ ਅਤੇ ਦਲਿਤ ਵਿਰੋਧੀ ਦੱਸਿਆ।
ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਭਾਗਵਤ ਵੱਲੋਂ ਰੀਜਰਵੇਸ਼ਨ ਸਬੰਧੀ ਦਿੱਤੇ ਗਏ ਬਿਆਨ ਤੇ ਊਹ ਚੁੱਪ ਕਿਉਂ ਹਨ। ਭਾਗਵਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਰੀਜਰਵੇਸ਼ਨ ਦੀ ਸਮੀਖਿਆ ਹੋਣੀ ਚਾਹੀਦੀ ਹੈ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਮੋਦੀ ਨੂੰ ਝੂਠ ਦਾ ਅਵਤਾਰ ਤੱਕ ਕਹਿ ਦਿੱਤਾ। ਉਨ੍ਹਾਂ ਨੇ ਬੀਜੇਪੀ ਵੱਲੋਂ ਬਿਹਾਰ ਦੇ ਲੋਕਾਂ ਨੂੰ ਟੀਵੀ, ਸਕੂਟੀ ਅਤੇ ਲੈਪਟਾਪ ਵਰਗੀਆਂ ਵਸਤਾਂ ਦਾ ਲਾਲਚ ਦੇਣ ਦੀ ਵੀ ਸਖਤ ਆਲੋਚਨਾ ਕੀਤੀ। ਲਾਲੂ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਮੋਦੀ ਨੂੰ ਸਾਈਡ ਤੇ ਕਰਕੇ ਆਪ ਪ੍ਰਧਾਨਮੰਤਰੀ ਬਣਨਾ ਚਾਹੁੰਦਾ ਹੈ।
ਲਾਲੂ ਯਾਦਵ ਨੇ ਕਿਹਾ ਕਿ ਮੋਦੀ ਨੇ ਪੂਰੀ ਯੋਜਨਾ ਬਣਾਈ ਹੈ ਕਿ ਬਿਹਾਰ ਦੀਆਂ ਇਨ੍ਹਾਂ ਚੋਣਾਂ ਵਿੱਚ ਲਾਲੂ ਨੂੰ ਗਾਲ੍ਹਾਂ ਕੌਣ ਕੱਢੇਗਾ, ਹੈਲੀਕਾਪਟਰ ਦਾ ਪੈਸਾ ਕੌਣ ਦੇਵੇਗਾ, ਪਰ ਬਿਹਾਰ ਦੀ ਜਨਤਾ ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਨੂੰ ਬਿਹਾਰ ਵਿੱਚ ਹਾਰ ਵਿਖਾਈ ਦੇ ਰਹੀ ਹੈ।