ਤਲਵੰਡੀ ਸਾਬੋ-ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਬੱਡੀ ਅਤੇ ਬਾਸਕਟਬਾਲ ਦੇ ਇੰਟਰ ਕਾਲਜ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ, ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਜਨਰਲ ਮੈਨੇਜਰ ਇੰਜ. ਸੁਖਵਿੰਦਰ ਸਿੰਘ ਅਤੇ ਡਾਇਰੈਕਟਰ ਸਪੋਰਟਸ ਡਾ. ਕੇਵਲ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਵਿੰਦਰ ਸੂਮਲ ਨੇ ਉਨ੍ਹਾਂ ਨੂੰ ਰਸਮੀ ਤੌਰ ’ਤੇ ‘ਜੀ ਆਇਆਂ’ ਆਖਿਆ।ਇਨ੍ਹਾਂ ਇੰਟਰ ਕਾਲਜ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਹਿੱਸਾ ਲਿਆ। ਲੜਕਿਆਂ ਦੇ ਕਬੱਡੀ ਮੁਕਾਬਲਿਆਂ ਦੌਰਾਨ ਸਰੀਰਕ ਸਿੱਖਿਆ ਕਾਲਜ ਦੀ ਟੀਮ ਪਹਿਲੇ, ਬੇਸਿਕ ਸਾਇੰਸਜ਼ ਕਾਲਜ ਦੀ ਟੀਮ ਦੂਜੇ ਅਤੇ ਮੈਨੇਜਮੈਂਟ ਕਾਲਜ ਦੀ ਟੀਮ ਤੀਜੇ ਸਥਾਨ ‘ਤੇ ਰਹੀਆਂ। ਇਸੇ ਤਰ੍ਹਾਂ ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿਚ ਮੈਨੇਜਮੈਂਟ ਕਾਲਜ, ਸਰੀਰਕ ਸਿੱਖਿਆ ਕਾਲਜ ਅਤੇ ਖੇਤੀਬਾੜੀ ਕਾਲਜ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਬਾਸਕਟਬਾਲ ਦੇ ਲੜਕੀਆਂ ਦੇ ਇੰਟਰ ਕਾਲਜ ਮੁਕਾਬਲਿਆਂ ਦੌਰਾਨ ਪਹਿਲੇ ਸਥਾਨ ‘ਤੇ ਖੇਤੀਬਾੜੀ ਕਾਲਜ, ਦੂਜੇ ਸਥਾਨ ‘ਤੇ ਸਰੀਰਕ ਸਿੱਖਿਆ ਕਾਲਜ ਅਤੇ ਮੈਨੇਜਮੈਂਟ ਕਾਲਜ ਦੀ ਟੀਮ ਤੀਜੇ ਸਥਾਨ ‘ਤੇ ਰਹੀ।
ਇਸ ਇੰਟਰ ਕਾਲਜ ਮੁਕਾਬਲਿਆਂ ਦੀ ਸਮਾਪਤੀ ਮੌਕੇ ਡਾ. ਕੇਵਲ ਸਿੰਘ ਡਾਇਰੈਕਟਰ ਸਪੋਰਟਸ ਅਤੇ ਅਸਟੇਟ ਅਫਸਰ ਹੇਤ ਰਾਮ ਬੱਬਰ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਜੇਤੂ ਟੀਮਾਂ ਨੂੰ ਸਫਲਤਾ ਲਈ ਵਧਾਈ ਦਿੰਦਿਆਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਹਿੱਸਾ ਲੈਣ ਦੀ ਪ੍ਰੇਰਨਾ ਕੀਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਡਾ. ਕੇਵਲ ਸਿੰਘ, ਡਾ. ਰਵਿੰਦਰ ਸੂਮਲ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਸਟਾਫ ਦੀ ਇਸ ਗਤੀਵਿਧੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀ ਵਰਗ ਵਿਚ ਭਾਈਚਾਰਕ ਸਾਂਝ ਵੀ ਪੈਦਾ ਕਰਦੀਆਂ ਹਨ।
ਇਸ ਦੌਰਾਨ ਡਾ. ਰਵੀ ਕੁਮਾਰ, ਪ੍ਰੋ. ਗੁਰਦਾਨ ਸਿੰਘ, ਪ੍ਰੋ. ਕੁਲਵਿੰਦਰਪਾਲ ਸਿੰਘ ਮਾਹੀ, ਪ੍ਰੋ. ਸਤਪਾਲ ਸਿੰਘ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਕੰਵਲਜੀਤ ਸਿੰਘ, ਪ੍ਰੋ. ਜਸਵਿੰਦਰ ਸਿੰਘ ਅਤੇ ਪ੍ਰੋ. ਸੁਰਿੰਦਰ ਕੌਰ ਮਾਹੀ ਦਾ ਭਰਪੂਰ ਯੋਗਦਾਨ ਰਿਹਾ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਡਮਿਨ ਅਫਸਰ ਸ੍ਰ. ਗੁਰਦੇਵ ਸਿੰਘ ਕੋਟਫੱਤਾ ਵੱਲੋਂ ਟੂਰਨਾਮੈਂਟ ਦੌਰਾਨ ਸਾਰੇ ਲੋੜੀਂਦੇ ਇੰਤਜ਼ਾਮਾਤ ਕੀਤੇ ਗਏ।