ਜਦੋਂ ਰੱਜਵੀਰ ਤੇਰ੍ਹਾਂ ਦਿਨਾਂ ਦੀ ਹੋਈ ਤਾਂ ਸੁਰਜੀਤ ਨੂੰ ਚੌਂਕੇ ਚਾੜ੍ਹਿਆ। ਉਸ ਦਿਨ ਹਰਨਾਮ ਕੌਰ ਨੇ ਚਰਨੋ ਝਿਉਰੀ ਨੂੰ ਨਾਲ ਲੈ ਖੀਰ ਕੜਾਹ ਆਦਿ ਬਣਾਏ। ਚਰਨੋ ਲਾਗਲੇ ਲਾਗਲੇ ਘਰਾਂ ਵਿਚ ਜਾ ਕੇ ਵਰਤਾ ਆਈ। ਗੁਆਢੀਆਂ ਦੀ ਕੁੜੀ ਬਲਬੀਰ ਜੋ ਬੀ.ਏ ਵਿਚ ਪੜ੍ਹਦੀ ਸੀ। ਕੰਧ ਉੱਪਰ ਦੀ ਪੁਛਣ ਲੱਗੀ, “ਚਾਚੀ ਅੱਜ ਕਿਹੜੀ ਖੁਸ਼ੀ ਵਿਚ ਖੀਰਾਂ ਕੜਾਹ ਵੰਡਦੀ ਫਿਰਦੀ ਐਂ?”
“ਸੁਰਜੀਤ ਨੂੰ ਅੱਜ ਸੁੱਚੀ ਕੀਤਾ।”
“ਭਾਬੀ ਕੁੜੀ ਜੰਮਣ ਨਾਲ ਜੂਠੀ ਹੋ ਗਈ ਸੀ” ਇਹ ਕਹਿ ਕੇ ਬਲਬੀਰ ਖਿੜ ਖਿੜਾ ਕੇ ਹੱਸ ਪਈ।
ਹਰਨਾਮ ਕੌਰ ਨੇ ਉਸ ਨੂੰ ਕੰਧ ਉੱਪਰ ਦੀ ਥਾਲ ਫੜਾ ਦਿੱਤਾ ਅਤੇ ਉਸਦੀ ਕਹੀ ਹੋਈ ਗੱਲ ਨੂੰ ਅਣਗੌਲ੍ਹਿਆਂ ਕਰ ਦਿੱਤਾ।
ਜਦੋਂ ਰੱਜਵੀਰ ਸਵਾ ਮਹੀਨੇ ਦੀ ਹੋਈ। ਉਸ ਦੇ ਨਾਨਕੇ ਘਿਉ ਲੈ ਕੇ ਆਏ। ਜਿਸ ਵਿਚ ਉਹਨਾਂ ਵਾਹਵਾ ਖਰਚ ਕੀਤਾ। ਹਰਨਾਮ ਕੌਰ ਨੇ ਸਭ ਕੁਝ ਮੰਜੇ ਉੱਪਰ ਵਿਛਾ ਦਿੱਤਾ ਅਤੇ ਆਂਢ-ਗੁਆਂਡ ਦੀਆਂ ਜ਼ਨਾਨੀਆਂ ਇਕੱਠੀਆਂ ਹੋ ਕੇ ਦੇਖਣ ਆਈਆਂ। ਉਹ ਲਿਆਦੀਆਂ ਹੋਈਆਂ ਚੀਜ਼ਾਂ ਦੀ ਸਿਫ਼ਤ ਵੀ ਕਰੀ ਜਾਂਦੀਆਂ ਨਾਲ ਕੁਝ ਨਾ ਕੁਝ ਬੋਲੀ ਵੀ ਜਾਂਦੀਆਂ,
“ਕੁੜੀ ਦੇ ਵਿਆਹ ਤੋਂ ਬਾਅਦ ਵੀ ਮਾਪਿਆਂ ਦੀ ਜ਼ਿੰਮੇਵਾਰੀ ਮੁਕਦੀ ਆ ਕਿਤੇ, ਦੇਖੋ ਇਹ ਵਿਚਾਰੇ ਧੀ ਕਰਕੇ ਕਿੰਨਾ ਖਰਚ ਕਰਕੇ ਆਏ ਆ।” ਸੁਰਜੀਤ ਦੀ ਮਾਂ ਵਿਚ ਵਿਚ ਉਹਨਾਂ ਦੀਆਂ ਗੱਲਾਂ ਦਾ ਹੁੰਗਾਰਾ ਵੀ ਦੇਈ ਜਾਂਦੀ, “ਭੈਣ ਜੀ, ਖਰਚ ਦਾ ਤਾਂ ਕੋਈ ਨਹੀ, ਚੱਲੋ, ਇਹ ਰਾਜ਼ੀ ਰਹਿਣ।” ਘਰਾਂ ਨੂੰ ਜਾਣ ਲੱਗੀਆਂ ਨੂੰ ਹਰਨਾਮ ਕੌਰ ਨੇ ਉਹਨਾਂ ਨੂੰ ਕੁੜਮਾ ਵਲੋਂ ਲਿਆਂਦੀ ਪੰਜੀਰੀ ਦਿੱਤੀ।
ਸ਼ਾਮ ਨੂੰ ਮੁਖਤਿਆਰ ਨੇ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਲੈ ਆਂਦੀ। ਘਰਾਂ ਵਿਚ ਰਿਵਾਜ਼ ਪੈ ਗਿਆ ਹੈ ਕਿ ਜੇ ਮਹਿਮਾਨਾਂ ਨੂੰ ਸ਼ਰਾਬ ਨਾ ਪਿਲਾਈ ਜਾਵੇ ਤਾਂ ਸਾਰੇ ਇਹ ਹੀ ਸੋਚਦੇ ਹਨ ਕਿ ਸੇਵਾ ਹੀ ਨਹੀਂ ਹੋਈ। ਸ਼ਰਾਬ ਪੀਣ ਲੱਗੇ ਤਾਂ ਫਿਰ ਇਹ ਵੀ ਨਹੀ ਦੇਖਦੇ ਕਿ ਕੁੜੀ ਹੋਈ ਹੈ ਜਾਂ ਮੁੰਡਾ। ਮੁਖਤਿਆਰ ਅਤੇ ਉਸ ਦਾ ਸਾਲ੍ਹਾ ਗਈ ਰਾਤ ਤੱਕ ਚੰਗੇ ਸ਼ਰਾਬੀ ਹੋ ਗਏ। ਜ਼ਨਾਨੀਆਂ ਬਥੇਰਾ ਜੋਰ ਲਾਉਣ ਹੁਣ ਰੋਟੀ ਖਾ ਲਉ, ਪਰ ਉਹਨਾਂ ਨੂੰ ਰੋਟੀ ਨਾਲ ਨਹੀ ਸ਼ਰਾਬ ਨਾਲ ਮਤਲਬ ਸੀ। ਹਾਰ ਕੇ ਸੁਰਜੀਤ ਉਠ ਕੇ ਆਈ ਅਤੇ ਉਸ ਨੇ ਅੱਗੋ ਬੋਤਲ ਚੁੱਕ ਲਈ। ਬੋਤਲ ਚੁੱਕਣ ਦੀ ਦੇਰ ਸੀ ਕਿ ਮੁਖਤਿਆਰ ਨੇ ਤਾੜ ਕਰਦੀ ਚਪੇੜ ਉਸ ਦੇ ਮੂੰਹ ਉੱਪਰ ਕੱਢ ਮਾਰੀ ਅਤੇ ਨਾਲ ਹੀ ਗਰਜਿਆ, “ਤੂੰ ਹੁੰਦੀ ਕੌਣ ਹੈ ਸਾਡੇ ਅੱਗੋ ਬੋਤਲ ਚੁੱਕਣ ਵਾਲੀ।” ਸੁਰਜੀਤ ਦੀ ਮਾਂ ਅਤੇ ਭਰਾ ਦੇਖਦੇ ਹੀ ਰਹਿ ਗਏ। ਕੁੜੀ ਦੇ ਮਾਪੇ ਸੀ ਇਸ ਲਈ ਸੁਰਜੀਤ ਦੀ ਮਾਂ ਆਪਣੇ ਮੁੰਡੇ ਨੂੰ ਹੀ ਬੁਰਾ ਭਲਾ ਕਹਿਣ ਲੱਗ ਪਈ, “ਤੂੰ ਕੁਛ ਅਕਲ ਨੂੰ ਹੱਥ ਮਾਰ, ਭੈਣ ਦੇ ਘਰ ਸ਼ਰਾਬੀ ਹੋਇਆ ਫਿਰਦਾ ਆਂ। ਇਸ ਤੋਂ ਬਾਅਦ ਰੋਟੀ ਕਿਸੇ ਨੇ ਵੀ ਨਹੀਂ ਖਾਧੀ। ਉਸ ਤਰ੍ਹਾਂ ਹੀ ਸੌਂ ਗਏ।
ਮੁਖਤਿਆਰ ਸਵੇਰੇ ਉੱਠਦਾ ਹੀ ਆਪਣੀ ਸੱਸ ਦੇ ਪੈਰੀਂ ਪੈ ਗਿਆ,
“ਬੀਬੀ, ਰਾਤ ਵਾਲੀ ਗੱਲ ਦਾ ਗੁੱਸਾ ਨਾ ਕਰੀਂ, ਤੇਰੀ ਧੀ ਨੂੰ ਅਸੀਂ ਫੁਲਾਂ ਵਾਂਗ ਰੱਖਦੇ ਹਾਂ।” ਬੀਬੀ ਅਜੇ ਕੁਝ ਬੋਲੀ ਹੀ ਨਹੀਂ ਸੀ ਕਿ ਸੁਰਜੀਤ ਦਾ ਭਰਾ ਪਹਿਲਾਂ ਹੀ ਬੋਲ ਪਿਆ, “ਚਲੋ, ਕੋਈ ਨਾ ਖਾਧੀ ਪੀਤੀ ਵਿਚ ਇੰਨਾ ਕੁ ਹੋਈ ਜਾਂਦਾ ਹੈ।” ਸੁਰਜੀਤ ਵੀ ਮੁਖਤਿਆਰ ਦੀਆਂ ਆਦਤਾਂ ਉੱਪਰ ਪਰਦਾ ਪਾਉਂਦੀ ਕਹਿਣ ਲੱਗੀ,
“ਬੀਬੀ ਐਂਵੇ ਨਾ ਪਿੰਡ ਜਾ ਕੇ ਮੇਰਾ ਫ਼ਿਕਰ ਕਰੀ ਜਾਂਈ, ਉਸ ਤਰ੍ਹਾਂ ਤੇਰਾ ਜਵਾਈ ਦਿਲ ਦਾ ਮਾੜਾ ਨਹੀ।”
“ਉਹ ਤਾਂ ਮੈਨੂੰ ਸਭ ਪਤਾ ਹੈ, ਪਰ ਤੂੰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ।” ਉਹ ਦੁਪਹਿਰ ਨੂੰ ਹੀ ਉਹ ਆਪਣੇ ਪਿੰਡ ਨੂੰ ਵਾਪਸ ਚਲੇ ਗਏ।
ਮੁਖਤਿਆਰ ਉਹਨਾਂ ਨੂੰ ਤੋਰਨ ਗਿਆ ਹੀ ਖੇਤਾਂ ਵੱਲ ਨੂੰ ਚਲਾ ਗਿਆ। ਜਾਂਦਾ ਹੀ ਭਈਏ ਨੂੰ ਪੁੱਛਣ ਲੱਗਾ, “ਸੱਤਿਆ ਦੇਖੀ।”
“ਬੋ ਤੋ ਕਭ ਕੀ ਚਾਰਾ ਲੇ ਕਰ ਗਿਆ।”
ਮੁਖਤਿਆਰ ਇਧਰ ਉੱਧਰ ਟਹਿਲਦਾ ਰਿਹਾ। ਫਿਰ ਲਾਗਲੇ ਖੇਤ ਵਾਲੇ ਜੀਤੇ ਕੋਲ ਚਲਾ ਗਿਆ ਜੋ ਘਾਹ ਖੋਤਣ ਵਾਲੀਆਂ ਨਾਲ ਗੱਲਾਂ ਕਰ ਰਿਹਾ ਸੀ। ਥੋੜ੍ਹੀ ਦੇਰ ਦੋਨੋਂ ਜ਼ਨਾਨੀਆਂ ਨਾਲ ਮਸ਼ਕਰੀਆਂ ਕਰਦੇ ਰਹੇ। ਫਿਰ ਉਹ ਜੀਤੇ ਦੇ ਖੇਤ ਵਿਚ ਸਾਗ ਤੋੜਨ ਚਲੀਆਂ ਗਈਆਂ। ਮੁਖਤਿਆਰ ਜੀਤੇ ਦੇ ਸਕੂਟਰ ਉੱਪਰ ਬੈਠ ਕੇ ਸ਼ਹਿਰ ਵੱਲ ਨੂੰ ਤੁਰ ਗਿਆ। ਸ਼ਾਮ ਨੂੰ ਸ਼ਹਿਰੋਂ ਆਉਂਦਾ ਹੋਇਆ ਸੁਰਜੀਤ ਲਈ ਸੂਟ ਲੈ ਆਇਆ ਤਾਂ ਜੋ ਉਹ ਥੱਪੜ ਦੀ ਸੱਟ ਭੁੱਲ ਜਾਵੇ। ਘਰ ਆਉਂਦਾ ਹੀ ਸੁਰਜੀਤ ਦੇ ਅੱਗੇ ਸੂਟ ਰੱਖਦਾ ਬੋਲਿਆ,
“ਦੇਖ ਮੈਂ ਤੇਰੇ ਲਈ ਕਿੰਨਾ ਵਧੀਆ ਸੂਟ ਲੈ ਕੇ ਆਇਆ ਹਾਂ।”
“ਮੈ ਸੂਟਾਂ ਦੀ ਭੁੱਖੀ ਨਹੀਂ ਹਾਂ, ਮਾਰਨ ਲੱਗੇ ਤਾਂ ਆਇਆ ਗਿਆ ਵੀ ਨਹੀਂ ਦੇਖਦੇ।”
“ਤੇਰੇ ਭਰਾ ਨੇ ਦੱਸਿਆ ਤਾਂ ਸੀ ਪਈ ਖਾਧੀ ਪੀਤੀ ਵਿਚ ਵੱਧ ਘੱਟ ਹੋ ਹੀ ਜਾਂਦੀ ਹੈ।”
ਸੁਰਜੀਤ ਨੇ ਗੁੱਸੇ ਨਾਲ ਸੂਟ ਪਰਾਂ ਸੁਟ ਦਿੱਤਾ। ੳਦੋਂ ਹੀ ਹਰਨਾਮ ਕੌਰ ਆ ਗਈ ਅਤੇ ਸੂਟ ਦੇਖਦੇ ਹੀ ਬੋਲੀ, “ਮਾਮਲੇ ਲਈ ਪੈਸੇ ਭਾਵੇਂ ਦੇ ਨਾ ਹੋਣ, ਪਰ ਤੂੰ ਇਹ ਨੂੰ ਸੂਟ ਲਿਆ ਕੇ ਦਈ ਜਾਇਆ ਕਰ।”
“ਮੈਨੂੰ ਨਹੀਂ ਸੂਟ ਚਾਹੀਦਾ, ਸੂਟ ਦੇ ਬਹਾਨੇਂ ਤਾਂ ਇਹ ਆਪਣੀਆਂ ਹੀ ਕਰਤੂਤਾਂ ਉੱਪਰ ਪਰਦਾ ਪਾਉਂਦੇ ਹਨ।”
“ਫਿਰ ਕੀ ਲੋਹੜਾ ਆ ਗਿਆ ਜੇ ਤੇਰੇ ਥੱਪੜ ਮਾਰ ਦਿੱਤਾ, ਜ਼ਨਾਨੀਆਂ ਨੂੰ ਬਥੇਰਾ ਕੁਝ ਸਹਿਣਾ ਪੈਂਦਾ ਹੈ”
“ਬੀਬੀ, ਗੱਲਾਂ ਕਰਨੀਆਂ ਸੌਖੀਆਂ ਨੇ ਪਰ ਜਦੋਂ ਵਾਹ ਪਵੇ ਫਿਰ ਹੀ ਪਤਾ ਲੱਗਦਾ ਹੈ।”
“ਆਹ ਖੇਖਨ ਛੱਡ ਦੇ, ਮੈਂ ਸਭ ਨੂੰ ਜਾਣਦੀ ਆਂ ਤੈਨੂੰ ਵੀ ਅਤੇ ਤੇਰੀ ਮਾਂ ਨੂੰ ਵੀ ਜਿਹੜੀ ਲਾ ਬੁਝਾ ਕੇ ਗਈ ਹੈ।”
“ਮੈ ਸੂਟ ਤਾਂ ਕੀ ਲੈ ਆਇਆ, ਤੁਸੀਂ ਤਾਂ ਰੌਲ੍ਹਾ ਈ ਪਾ ਕੇ ਬਹਿ ਗਈਆਂ, ਜੇ ਤੁਹਾਡੇ ਵਿਚੋਂ ਇਕ ਵੀ ਬੋਲੀ ਤਾਂ ਮੇਰੇ ਤੋਂ ਬੁਰਾ ਕੋਈ ਨਹੀ ਹੋਵੇਗਾ।”
ਦੀਪੀ ਅਤੇ ਉਸ ਤੋਂ ਛੋਟੀ ਭੈਣ ਸਨੀ ਦੌੜੀਆਂ ਆਈਆਂ ਅਤੇ ਹਰਨਾਮ ਕੌਰ ਦੀਆਂ ਲੱਤਾਂ ਨੂੰ ਫੜ ਕੇ ਕਹਿਣ ਲੱਗ ਪਈਆਂ, “ਬੀਬੀ ਸਾਨੂੰ ਰੋਟੀ ਦੇ।”
“ਕਲੈਹਣੀਆਂ ਕਿਤੋਂ ਦੀਆਂ, ਹਟੋ ਪਰੇ, ਕਿਦਾਂ ਸਾਨੂੰ ਵੱਗ ਨੇ ਘੇਰਾ ਪਾਇਆ।” ਹਰਨਾਮ ਕੌਰ ਪੋਤੀਆਂ ਉੱਪਰ ਗੁੱਸਾ ਦਿਖਾਉਣ ਲੱਗ ਪਈ।
“ਭਾਪਾ ਅਜੇ ਖੇਤਾਂ ਤੋਂ ਆਇਆ ਨਹੀਂ।” ਮੁਖਤਿਆਰ ਨੇ ਪੁੱਛਿਆ।
“ਤੈਨੂੰ ਭਾਪੇ ਨਾਲ ਕੀ? ਉਹ ਚਾਹੇ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿਚ ਧੱਕੇ ਖਾਵੇ, ਤੂੰ ਆਪਣੀ ਐਸ਼ ਵਿਚ ਮਸਤ ਰਹਿ।” ਹਰਨਾਮ ਕੌਰ ਪੋਤੀਆਂ ਨੂੰ ਰੋਟੀ ਪਾਉਂਦੀ ਬੋਲੀ।
ਉਦੋਂ ਹੀ ਇੰਦਰ ਸਿੰਘ ਅਤੇ ਭਈਆ ਘਰ ਦੇ ਅੰਦਰ ਦਾਖਲ ਹੋਏ। ਇੰਦਰ ਸਿੰਘ ਕਾਫ਼ੀ ਥੱਕਿਆ ਹੋਇਆ ਸੀ। ਉਸ ਦਾ ਦਿਲ ਕੀਤਾ ਕੇ ਉਹ ਹਰਨਾਮ ਕੌਰ ਨੂੰ ਗਰਮ ਪਾਣੀ ਕਰਨ ਲਈ ਕਹੇ। ਪਰ ਉਸ ਦਾ ਗੁਸੈਲ੍ਹਾ ਮੂੰਹ ਦੇਖ ਕੇ ਉਹ ਚੁੱਪ ਹੀ ਕਰ ਗਿਆ। ਠੰਢੇ ਪਾਣੀ ਨਾਲ ਹੱਥ ਮੂੰਹ ਧੋ ਕੇ ਰੋਟੀ ਖਾਣ ਬੈਠ ਗਿਆ। ਜਦੋਂ ਹਰਨਾਮ ਕੌਰ ਨੇ ਮੁਖਤਿਆਰ ਨੂੰ ਰੋਟੀ ਪਾ ਕੇ ਦਿੱਤੀ, ਘਿਉ ਥੋੜ੍ਹਾ ਹੋਣ ਕਾਰਨ ਉਹ ਖਿਝ ਕੇ ਬੋਲਿਆ, “ਬੀਬੀ ਭੋਰਾ ਘਿਉ ਤਾਂ ਪਾ ਦੇਂਦੀ।”
“ਘਿਉ ਇਵੇ ਮੰਗਦਾ ਹੈ, ਜਿਵੇ ਸਾਰਾ ਦਿਨ ਹੱਲ ਵਾਹ ਕੇ ਆਇਆ ਹੋਵੇ, ਬਲਦ ਦਾ ਮੂਤ ਪਾ ਕੇ ਦ੍ਹੇ ਇਸ ਨੂੰ।” ਇੰਦਰ ਸਿੰਘ ਨੇ ਆਪਣੀ ਥਕਾਵਟ ਮੁਖਤਿਆਰ ਉੱਪਰ ਉਤਾਰਨ ਦਾ ਯਤਨ ਕੀਤਾ।
“ਭਾਪਾ, ਤੁਸੀਂ ਵਿਚ ਕਾਹਤੇ ਬੋਲਣ ਲੱਗ ਪਏ, ਮੈਂ ਤੁਹਾਨੂੰ ਕੁਝ ਨੀਂ ਕਿਹਾ।”
“ਕੁਤਿਆਂ ਵਾਂਗ ਸਾਰਾ ਦਿਨ ਅਵਾਰਾਗਰਦੀ ਕਰਦਾ ਹੈਂ, ਡੱਕਾ ਦੂਹਰਾ ਨਹੀਂ ਕਰਦਾ। ਡੱਫਣ ਲਈ ਸੱਭ ਤੋਂ ਵੱਧ ਘਿਉ ਮੰਗਦਾ ਏਂ।”
“ਪਿਉ ਪੁੱਤ ਨੂੰ ਲੜਣ ਤੋਂ ਛੁੱਟ ਕੋਈ ਹੋਰ ਕੰਮ ਵੀ ਆਉਂਦਾ ਹੈ, ਇਕੱਠੇ ਹੋਏ ਨਹੀਂ ਤਾਂ ਕੁਕੜਾਂ ਵਾਂਗ ਫਸੇ ਨਹੀ।” ਹਰਨਾਮ ਕੌਰ ਨੇ ਲੜਾਈ ਅਗਾਂਹ ਵਧਣ ਤੋਂ ਰੋਕਣ ਲਈ ਕਿਹਾ।
“ਵਿਹਲੇ ਨੂੰ ਪੈਸੇ ਦੇ ਦੇ ਤੂੰ ਹੀ ਇਸ ਨੂੰ ਖ਼ਰਾਬ ਕੀਤਾ ਹੈ।” ਇੰਦਰ ਸਿੰਘ ਨੇ ਹਰਨਾਮ ਕੌਰ ਵੱਲ ਅੱਖਾਂ ਕੱਢੀਆਂ।
“ਸਾਲ੍ਹੀ, ਰੋਟੀ ਖਾਣੀ ਵੀ ਭਾਰੀ ਕੀਤੀ ਹੋਈ ਆ।” ਇਹ ਕਹਿੰਦਿਆਂ ਮੁਖਤਿਆਰ ਨੇ ਰੋਟੀ ਵਾਲੀ ਥਾਲੀ ਵਿਹੜੇ ਵਿਚ ਮਾਰੀ। ਉਸ ਦੇ ਨਾਲ ਹੀ ਇੰਦਰ ਸਿੰਘ ਨੇ ਵੀ ਆਪਣੀ ਥਾਲੀ ਵਗਾਹ ਕੇ ਮਾਰੀ ਅਤੇ ਗਾਲ੍ਹਾਂ ਕੱਢਦਾ ਹੋਇਆ ਖੜ੍ਹਾ ਹੋ ਗਿਆ। ਭਈਆ ਆਪਣੀ ਰੋਟੀ ਅਰਾਮ ਨਾਲ ਖਾ ਰਿਹਾ ਸੀ ਜਿਵੇਂ ਇਹਨਾਂ ਗੱਲਾਂ ਦਾ ਆਦੀ ਹੋਵੇ।
“ਤਹਾਨੂੰ ਖਾਣ ਨੂੰ ਸੌਖਾ ਮਿਲ ਜਾਂਦਾ ਹੈ, ਇਸ ਲਈ ਤਹਾਨੂੰ ਅੰਨ ਦੀ ਇੱਜ਼ਤ ਨਹੀ ਹੈ।”
ਹਰਨਾਮ ਕੌਰ ਥਾਲੀਆਂ ਚੁੱਕਦੀ ਹੋਈ ਬੋਲੀ। ਮੁਖਤਿਆਰ ਅਤੇ ਇੰਦਰ ਸਿੰਘ ਆਪਸ ਵਿਚ ਉੱਚੀ ਉੱਚੀ ਲੜ ਰਹੇ ਸਨ। ਨਿਆਣੀਆਂ ਕੁੜੀਆਂ ਪਿਉ ਦਾਦੇ ਨੂੰ ਲੜਦਾ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਈਆਂ। ਉਹਨਾਂ ਨੂੰ ਦੇਖ ਕੇ ਮੁੰਡਾ ਵੀ ਰੋਂਦਾਂ ਰੋਂਦਾਂ ਇਕੋ ਸਾਹੇ ਚਲੇ ਗਿਆ। ਦਾਦੇ ਅਤੇ ਪਿਉ ਨੂੰ ਲੜਾਈ ਭੁੱਲ ਗਈ। ਦਾਦੇ ਨੇ ਛੇਤੀ ਨਾਲ ਮੁੰਡੇ ਨੂੰ ਚੁੱਕ ਕੇ ਨਾਲ ਲਾ ਲਿਆ। ਮੁਖਤਿਆਰ ਪੁੱਤ ਦੇ ਮੂੰਹ ਵਿਚ ਫੂਕਾਂ ਮਾਰਨ ਲੱਗਾ। ਹਰਨਾਮ ਕੌਰ ਕੁੜੀਆਂ ਨੂੰ ਘੂਰਦੀ ਬੋਲੀ, “ਖਸਮਾ ਨੂੰ ਖਾਣੀਆਂ ਨੇ ਮੁੰਡਾ ਰੁਆ ਦਿੱਤਾ, ਕਿਦਾਂ ਅਰਾਟ ਪਾਉਣ ਲੱਗੀਆਂ, ਚੁੱਪ ਕਰਦੀਆਂ ਕਿ ਨਹੀ, ਲਾਵਾਂ ਤੁਹਾਡੇ ਇਕ ਇਕ।” ਕੁੜੀਆਂ ਡਰਦੀਆਂ ਦਾ ਰੋਣਾ ਹਟਕੋਰਿਆਂ ਵਿਚ ਬਦਲ ਗਿਆ। ਦਾਦਾ ਪੋਤੇ ਨੂੰ ਵਰਾ ਕੇ ਸੌਣ ਲਈ ਆਪਣੇ ਨਾਲ ਲੈ ਕੇ ਬਿਸਤਰੇ ਵੱਲ ਨੂੰ ਤੁਰ ਪਿਆ। ਹਰਨਾਮ ਕੌਰ ਬੁੜ ਬੁੜ ਕਰਦੀ ਦੁੱਧ ਨੂੰ ਜਾਗ ਲਾਉਣ ਲੱਗੀ ਅਤੇ ਮਾਂਜਣ ਵਾਲੇ ਭਾਂਡੇ ਇੱਕਠੇ ਕਰਕੇ ਉੱਪਰ ਟੋਕਰਾ ਮੂਧਾ ਮਾਰ ਦਿੱਤਾ। ਹਰਨਾਮ ਕੌਰ ਦੇ ਬਿਸਤਰੇ ਉੱਪਰ ਜਾਣ ਤੋਂ ਬਾਅਦ ਸੁਰਜੀਤ ਨੇ ਉੱਠ ਕੇ ਰੋਟੀ ਗਰਮ ਕਰਕੇ ਮੁਖਤਿਆਰ ਨੂੰ ਪਾ ਕੇ ਦਿੱਤੀ। ਪਰ ਮੁਖਤਿਆਰ ਦਾ ਪਾਰਾ ਹਾਲੇ ਉੱਪਰ ਹੀ ਸੀ।
“ਰੋਟੀ ਮੇਰੇ ਅੱਗੋਂ ਚੁੱਕ ਲੈ, ਨਹੀਂ ਤਾਂ ਥਾਲੀ ਤੇਰੇ ਸਿਰ ਵਿਚ ਮਾਰਨੀਂ ਆਂ।”
“ਭੁੱਖੇ ਢਿੱਡ ਤਹਾਨੂੰ ਨੀਂਦ ਨਹੀ ਆਉਣੀ।” ਸੁਰਜੀਤ ਨੇ ਰੋਟੀ ਖਾਣ ਲਈ ਤਰਲਾ ਜਿਹਾ ਪਾਇਆ। ਸੁਰਜੀਤ ਨਵੀਂ ਬੱਚੀ ਨੂੰ ਆਪਣਾ ਦੁੱਧ ਪਿਲਾਂਉਦੀ ਸੀ, ਜਿਸ ਕਰਕੇ ਉਸ ਨੂੰ ਛੇਤੀ ਭੁੱਖ ਲੱਗ ਜਾਂਦੀ ਸੀ। ਭੁੱਖ ਦੇ ਬਾਵਜੂਦ ਵੀ ਉਸ ਨੇ ਰੋਟੀ ਨੂੰ ਉਹਨਾਂ ਚਿਰ ਮੂੰਹ ਨਹੀਂ ਲਾਇਆ, ਜਦੋਂ ਤੱਕ ਪਹਿਲਾਂ ਮੁਖਤਿਆਰ ਨੇ ਨ੍ਹਾਂ ਖਾਧੀ। ਰੋਟੀ ਖਾਂਦੀ ਸੁਰਜੀਤ ਸੋਚ ਰਹੀ ਸੀ ਕਿ ਕਦੇ ਕੋਈ ਆਦਮੀ ਵੀ ਆਪਣੀ ਪਤਨੀ ਨੂੰ ਪਹਿਲਾਂ ਖਵਾ ਕੇ ਫਿਰ ਆਪ ਖਾਂਦਾ ਹੋਵੇਗਾ, ਪਰ ਨਾਲ ਹੀ ਉਸ ਨੂੰ ਦਾਈ ਦੇਬੋ ਦੀ ਗੱਲ ਯਾਦ ਆ ਗਈ “ਧੀਏ ਜ਼ਨਾਨੀ ਤਾਂ ਮਰਦੇ ਦਮ ਤੱਕ ਆਦਮੀ ਦਾ ਪਹਿਲਾਂ ਸੋਚਦੀ ਹੈ, ਫਿਰ ਬੱਚਿਆਂ ਦਾ ਅਤੇ ਆਪਣਾ ਤਾਂ ਉਹ ਚੇਤਾ ਹੀ ਭੁੱਲ ਜਾਂਦੀ ਹੈ।” ਇਹੋ ਜਿਹੀਆਂ ਸੋਚਾਂ ਸੋਚਦੀ ਸੁਰਜੀਤ ਅੱਧੀ ਭੁੱਖੀ ਅੱਧੀ ਰੱਜੀ ਬਿਸਤਰੇ ਵਿਚ ਪੈ ਗਈ।
ਹੱਕ ਲਈ ਲੜਿਆ ਸੱਚ – (ਭਾਗ-2)
This entry was posted in ਹੱਕ ਲਈ ਲੜਿਆ ਸੱਚ.