ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਅਤੇ ਪ੍ਰੋ. ਨਿਰਪਜੀਤ ਕੌਰ ਯਾਦਗਾਰੀ ਸਨਮਾਨ ਸਮਾਰੋਹ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਜੋਂ ਗੁਰਬਾਣੀ ਸਾਹਿਤ ਦੇ ਉ¤ਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਹੋਰਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਜਿਨ੍ਹਾਂ ਨੂੰ ਪੁਰਸਕਾਰ ਮਿਲੇ ਅਤੇ ਜਿਨ੍ਹਾਂ ਦੇ ਨਾਮ ’ਤੇ ਦਿੱਤੇ ਗਏ ਉਨ੍ਹਾਂ ਨੇ ਸਮਾਜਕ ਨਾਬਰਾਬਰੀ ਨੂੰ ਚੁਣੌਤੀ ਦਿੱਤੀ ਹੈ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਸ. ਸ. ਜੌਹਲ ਨੇ ਕਿਹਾ ਕਿ ਸਾਡੇ ਸਮਾਜ ਵਿਚ ਸਹਿਣਸ਼ੀਲਤਾ ਦੀ ਇੰਤਹਾ ਹੋ ਗਈ ਹੈ। ਪਾਕਿਸਤਾਨ ਲੇਖਕ ਦੀ ਪੁਸਤਕ ਲੋਕ ਅਰਪਣ ਕਰਨ ਮੌਕੇ ਸ੍ਰੀ ਸੁਧੀਂਧਰ ਕੁਲਕਰਨੀ ਦੇ ਚਿਹਰੇ ’ਤੇ ਕਾਲਖ ਮਲਣ ਦਾ ਮਤਲਬ ਸਾਡੇ ਸਮੁੱਚੇ ਸਮਾਜ ਨੂੰ ਕ¦ਕਤ ਕਰਨ ਵਾਲੀ ਗੱਲ ਹੈ। ਸਾਡੀ ਪੰਜਾਬ ਸਰਕਾਰ ਜੇ ਖੁੱਲ੍ਹੇ ਦਿਲ ਨਾਲ ਸੰਕਟ ਗ੍ਰਸਤ ਖੇਤੀ ਦੀ ਸਮੱਸਿਆ ਦਾ ਹੱਲ ਕਰਨਾ ਚਾਹੇ ਤਾਂ ਬੁੱਧੀਜੀਵੀਆਂ ਕੋਲ ਸੰਭਾਵਿਤ ਹੱਲ ਹੈ। ਪ੍ਰੰਤੂ ਸਰਕਾਰ ਦੀ ਪਹੁੰਚ ਉਸਾਰੂ ਨਹੀਂ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਦੋਹਾਂ ਸਨਮਾਨਤ ਸ਼ਖ਼ਸੀਅਤਾਂ ਅਤੇ ਜਿਨ੍ਹਾਂ ਸਾਹਿਤਕਾਰਾਂ ਦੇ ਨਾਮ ’ਤੇ ਸਨਮਾਨ ਰੱਖੇ ਗਏ ਹਨ ਸੰਖੇਪ ਵਿਚ ਜਾਣਕਾਰੀ ਸਾਂਝੀ ਕਰਦਿਆਂ ਵਧਾਈ ਦਿੱਤੀ ਅਤੇ ਆਖਿਆ ਕਿ ਅਕਾਡਮੀ ਦਾ ਵਿਸ਼ਵਾਸ ਵਧਿਆ ਹੈ ਅਤੇ ਲੋਕ ਸਾਨੂੰ ਹੋਰ ਇਹੋ ਜਿਹੀਆਂ ਜ਼ਿੰਮੇਂਵਾਰੀਆਂ ਸੌਂਪ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਮੇਰਾ ਇਨ੍ਹਾਂ ਸਮੁੱਚੀਆਂ ਸ਼ਖ਼ਸੀਅਤਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸਬੰਧ ਜੁੜਦਾ ਹੈ। ਇਸ ਮੌਕੇ ਮੈਨੂੰ ਨਿੱਜੀ ਤੌਰ ’ਤੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ।
ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਦਸਿਆ ਕਿ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਅਤੇ ਪ੍ਰੋ. ਨਿਰਪਜੀਤ ਕੌਰ ਯਾਦਗਾਰੀ ਸਨਮਾਨ ਸਿੱਖਿਆ ਖੇਤਰ ਦੀ ਉਘੀ ਸ਼ਖ਼ਸੀਅਤ ਪ੍ਰੋ. ਤੇਜ ਕੌਰ ਦਰਦੀ ਨੂੰ ਭੇਟਾ ਕਰਕੇ ਅਕਾਡਮੀ ਖ਼ੁਦ ਸਨਮਾਨਤ ਹੋਈ ਮਹਿਸੂਸ ਕਰਦੀ ਹੈ। ਉਨ੍ਹਾਂ ਦਸਿਆ ਕਿ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਅਤੇ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਸਨਮਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਪਰਿਵਾਰ ਵੱਲੋਂ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪੁਰਸਕਾਰ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪਹਿਲੀ ਵਾਰ ਦਿੱਤੇ ਜਾ ਰਹੇ ਹਨ ਅਤੇ ਅੱਗੋਂ ਤੋਂ ਹਰ ਸਾਲ ਦਿੱਤੇ ਜਾਇਆ ਕਰਨਗੇ। ਇਨ੍ਹਾਂ ਪੁਰਸਕਾਰਾਂ ਵਿਚ ਇੱਕੀ-ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲੇ ਅਤੇ ਸਨਮਾਨ ਪੱਤਰ ਭੇਟਾ ਕੀਤੇ ਗਏ। ਸ੍ਰੀ ਸੁਰਿੰਦਰ ਕੈਲੇ ਨੇ ਪ੍ਰੋ. ਅਜਮੇਰ ਔਲਖ ਬਾਰੇ ਅਤੇ ਡਾ. ਗੁਰਚਰਨ ਕੌਰ ਕੋਚਰ ਨੇ ਪ੍ਰੋ. ਤੇਜ ਕੌਰ ਦਰਦੀ ਦਾ ਸੋਭਾ ਪੱਤਰ ਪੜ੍ਹਿਆ। ਪ੍ਰਧਾਨਗੀ ਮੰਡਲ ਵਿਚ ਸ਼ਮੂਲੀਅਤ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਨੇ ਸਮੁੱਚੀਆਂ ਸਬੰਧਿਤ ਸ਼ਖ਼ਸੀਅਤਾਂ ਨਾਲ ਯਾਦਾਂ ਸਾਂਝੀਆਂ ਕੀਤੀਆਂ। ਇਸ ਸਮੇਂ ਡਾ. ਗੁਰਇਕਬਾਲ ਸਿੰਘ, ਵਰਗਿਸ ਸਲਾਮਤ, ਡਾ. ਜੋਗਿੰਦਰ ਸਿੰਘ ਨਿਰਾਲਾ ਜੀ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਬਾਲ ਸਾਹਿਤ ਲੇਖਕ ਕਮਲਜੀਤ ਨੀਲੋਂ ਨੇ ਪ੍ਰੋ. ਅਜਮੇਰ ਔਲਖ ਦੀ ਸ਼ੋਭਾ ਵਿਚ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ।
ਇਸ ਸਮੇਂ ਹੋਏ ਭਰਵੇਂ ਇਕੱਠ ਵਿਚ ਪੰਜਾਬੀ ਲੇਖਕਾਂ, ਬੁੱਧੀਜੀਵੀਆਂ ਨੇ ਜਾਗਰੂਕ ਹੋਣ ਦਾ ਸਬੂਤ ਦਿੰਦਿਆਂ ਸਮੁੱਚੇ ਹਿੰਦੁਸਤਾਨ ਦੀਆਂ ਹਾਲਤਾਂ ਅਤੇ ਪੰਜਾਬੀ ਜਨਜੀਵਨ ਸਬੰਧੀ ਦੋ ਵਿਸ਼ੇਸ਼ ਮਤੇ ਪਾਸ ਕੀਤੇ। ਇਨ੍ਹਾਂ ਮਤਿਆਂ ਨੂੰ ਪੇਸ਼ ਕਰਨ ਦੀ ਜ਼ਿੰਮੇਂਵਾਰੀ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਨਿਭਾਈ। ਪਹਿਲੇ ਮਤੇ ਵਿਚ ਬੜੀ ਪੀੜਾ ਅਤੇ ਸੰਜੀਦਗੀ ਨਾਲ ਮਹਿਸੂਸ ਕੀਤਾ ਗਿਆ ਕਿ ਤਰਕਸ਼ੀਲ ਆਗੂ ਸ੍ਰੀ ਨਾਰੇਂਦਰ ਦਾਬੋਲਕਰ ਅਤੇ ਬਜ਼ੁਰਗ ਆਗੂ ਤੇ ਲੇਖਕ ਸ੍ਰੀ ਗੋਬਿੰਦ ਪਨਸਾਰੇ ਅਤੇ ਉ¤ਘੇ ਤਰਕਸ਼ੀਲ ਲੇਖਕ ਅਤੇ ਸਾਬਕਾ ਉਪ-ਕੁਲਪਤੀ ਪ੍ਰੋ. ਐਮ.ਐਮ. ਕਲਬੁਰਗੀ ਦੇ ਕਤਲਾਂ ਸਮੇਤ ਫਿਰਕੂ ਨਫ਼ਰਤਾਂ ਸਬੰਧੀ ਖੜ੍ਹੇ ਕੀਤੇ ਬਾਬੇਲੇ ’ਤੇ ਅਫ਼ਸੋਸ ਪ੍ਰਗਟ ਕੀਤਾ ਗਿਆ। ਨਾਲ ਹੀ ਜਿਨ੍ਹਾਂ ਸਾਹਿਤ ਅਕਾਦੇਮੀ ਦਿੱਲੀ ਦੇ ਸਨਮਾਨ ਵਿਜੇਤਾ ਸਾਹਿਤਕਾਰਾਂ ਨੇ ਸਨਮਾਨ ਵਾਪਸ ਕੀਤੇ, ਉਨ੍ਹਾਂ ਨਾਲ ਇਕਜੁਟਤਾ ਜਾਹਰ ਕੀਤੀ। ਸਮੁੱਚੇ ਇਕੱਠ ਨੇ ਸੁਧੀਂਧਰ ਕੁਲਕਰਨੀ ਵਰਗੇ ਜਾਣੇ-ਪਛਾਣੇ ਆਗੂ ਵੱਲੋਂ ਪਾਕਿਸਤਾਨੀ ਲੇਖਕ ਦੀ ਪੁਸਤਕ ਲੋਕ ਅਰਪਣ ਕਰਨ ਸਮੇਂ ਉਸ ਦੇ ਚਿਹਰੇ ਉਪਰ ਕਾਲਖ ਮਲਣੀ ਘੋਰ ਨਿੰਦਨਯੋਗ ਕਰਤੂਤ ਹੈ। ਦੂਸਰੇ ਮਤੇ ਵਿਚ ਪੰਜਾਬ ਦੇ ਕਿਸਾਨੀ ਸੰਕਟ ਸਬੰਧੀ ਸਮੁੱਚੇ ਲੇਖਕਾਂ ਨੇ ਚਿੰਤਾ ਜਾਹਰ ਕਰਦਿਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹਿਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਬੀਬਾ ਬਲਵੰਤ, ਸੀ.ਮਾਰਕੰਡਾ, ਸੁਰਿੰਦਰ ਰਾਮਪੁਰੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਜਨਮੇਜਾ ਸਿੰਘ ਜੌਹਲ, ਪ੍ਰੋ. ਰਵਿੰਦਰ ਭੱਠਲ, ਦੇਵਿੰਦਰ ਦੀਦਾਰ, ਜਸਵੰਤ ਹਾਂਸ, ਸੁਰਜੀਤ ਸਿੰਘ, ਸਰਦਾਰ ਪੰਛੀ, ਰਘਬੀਰ ਸਿੰਘ ਭਰਤ, ਦਲਵੀਰ ਲੁਧਿਆਣਵੀ, ਕਰਮਜੀਤ ਸਿੰਘ ਔਜਲਾ, ਸਤਨਾਮ ਸਿੰਘ ਕੋਮਲ, ਇੰਜ. ਸੁਰਜਨ ਸਿੰਘ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਰਵੀ ਦੀਪ, ਡਾ. ਅਮਰਜੀਤ ਸਿੰਘ ਹੇਅਰ, ਮਨਜੀਤ ਕੌਰ ਔਲਖ, ਕੁਲਵਿੰਦਰ ਕਿਰਨ, ਜਸਵਿੰਦਰ ਫਗਵਾੜਾ, ਜਸਮੇਰ ਸਿੰਘ ਢੱਟ, ਡਾ. ਅਮਰਜੀਤ ਸਿੰਘ ਦੂਆ, ਸੁਰਿੰਦਰ ਛਿੰਦਾ, ਕੇ. ਕੇ. ਬਾਵਾ, ਤੇਜ ਪ੍ਰਤਾਪ ਸਿੰਘ ਸੰਧੂ, ਸ਼ਬਦੀਸ਼, ਸਤੀਸ਼ ਗੁਲਾਟੀ, ਕੇ. ਸਾਧੂ ਸਿੰਘ, ਪਰਮਜੀਤ ਕੌਰ, ਪੁਨੀਤਪਾਲ ਗਿੱਲ, ਨੂਰ ਮੁਹੰਮਦ ਨੂਰ, ਮੇਘ ਰਾਜ ਗੋਇਲ, ਹਰਬੰਸ ਸਿੰਘ ਅਖਾੜਾ, ਭੁਪਿੰਦਰ ਸਿੰ ਚੌਕੀਮਾਨ, ਮਨਜੀਤ ਸਿੰਘ ਬਰਮੀ, ਬਲਵੰਤ ਸਿੰਘ ਮੁਸਾਫਿਰ, ਪ੍ਰਭਦੀਸ਼ ਨੱਥੂਵਾਲ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਤੇ ਪਾਠਕ ਸ਼ਾਮਲ ਹੋਏ।
ਜਿਨ੍ਹਾਂ ਨੂੰ ਪੁਰਸਕਾਰ ਮਿਲੇ ਅਤੇ ਜਿਨ੍ਹਾਂ ਦੇ ਨਾਮ ’ਤੇ ਮਿਲੇ ਉਨ੍ਹਾਂ ਨੇ ਸਮਾਜਕ ਨਾਬਰਾਬਰੀ ਨੂੰ ਚੁਣੌਤੀ ਦਿੱਤੀ-ਡਾ. ਰਤਨ ਸਿੰਘ ਜੱਗੀ
This entry was posted in ਸਰਗਰਮੀਆਂ.