ਨਵੀਂ ਦਿੱਲੀ : ..ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਇਸ ਗਲ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਕਿ ਗੁਰਬਾਣੀ ਦੀ ਮੂਲ ਭਾਵਨਾ ਅਤੇ ਸਿੱਖ ਇਤਿਹਾਸ ਦੀਆਂ ਮਾਨਤਾਵਾਂ ਤੋਂ ਅਨਜਾਣ ਹੋਣ ਜਾਂ ਜਾਣ-ਬੁਝ ਕੇ ਉਨ੍ਹਾਂ ਦੀ ਦੁਰਵਰਤੋਂ ਕਰ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਪੁਰ ਸੱਟ ਮਾਰਨ ਦਾ ਚਲਣ ਲਗਾਤਾਰ ਵਧਦਾ ਚਲਿਆ ਜਾ ਰਿਹਾ ਹੈ, ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇ ਇਹੀ ਸਥਿਤੀ ਜਾਰੀ ਰਹੀ ਤਾਂ, ਇਹ ਚਲਨ ਕਿਸੇ ਵੀ ਸਮੇਂ ਦੇਸ਼ ਦੇ ਵੱਡੇ ਹਿਤਾਂ ਦੇ ਵਿਰੁਧ ਹੋ ਨਿਬੜਨ ਦਾ ਕਾਰਣ ਬਣ ਸਕਦਾ ਹੈ।
ਸ. ਰਾਣਾ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਪਿਛਲੇ ਦਿਨੀਂ ਇੱਕ ਨਿਜੀ ਟੀਵੀ ਚੈਨਲ ਤੇ ਸ਼ੁਰੂ ਹੋਏ ਇੱਕ ਪ੍ਰੋਗਰਾਮ (ਬਿਗ ਬੌਸ) ਵਿੱਚ ਹਿਸਾ ਲੈ ਰਹੇ ਇੱਕ ਕਲਾਕਾਰ ਨੇ ‘ਸੂਰਾ ਸੋ ਪਹਿਚਾਨੀਏ…’ ਸ਼ਬਦ ਦੀ ਗਲਤ ਵਿਆਖਿਆ ਕਰ, ਉਸਨੂੰ ਮਜ਼ਾਕ ਦਾ ਵਿਸ਼ਾ ਬਣਾਉਣ ਦੀ ਘਿਨਾਉਣੀ ਕੌਸ਼ਿਸ਼ ਕੀਤੀ ਹੈ। ਸ. ਰਾਣਾ ਨੇ ਦਸਿਆ ਕਿ ਇਸ ਸ਼ਬਦ ਦੇ ਭਾਵ-ਅਰਥਾਂ ਵਿੱਚ ਸਿੱਖ ਧਰਮ ਦੀ ਇੱਕ ਪ੍ਰਮੁਖ ਮਾਨਤਾ ਨੂੰ ਪੇਸ਼ ਕੀਤਾ ਗਿਆ ਹੈ। ਇਸਦਾ ਮੂਲ ਭਾਵ-ਅਰਥ ਇਹ ਹੈ ਕਿ ਸੂਰਾ ਉਹ ਹੀ ਹੈ ਜੋ ਗਰੀਬ-ਮਜ਼ਲੂਮ ਦੀ ਰਖਿਆ ਦੀ ਲੜ ਮਰਦਾ ਹੈ, ਆਪਣੇ ਇਸ ਉਦੇਸ਼ ਤੇ ਪਹਿਰਾ ਦਿੰਦਿਆਂ ਭਾਵੇਂ ਉਸਨੂੰ ਪੁਰਜਾ-ਪੁਰਜਾ ਕਟ ਮਰਨਾ ਪਵੇ, ਉਹ ਮੈਦਾਨ ਨਹੀਂ ਛੱਡਦਾ, ਅਰਥਾਤ ਉਹ ਗਰੀਬ-ਮਜ਼ਲੂਮ ਦੀ ਰਖਿਆ ਕਰਨ ਦੇ ਫਰਜ਼ ਦੀ ਪੂਰਤੀ ਵਲੋਂ ਪੈਰ ਪਿਛੇ ਨਹੀਂ ਖਿਚਦਾ। ਸ. ਰਾਣਾ ਨੇ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਇਤਿਹਾਸ ਅਤੇ ਸਿੱਖੀ ਦੀਆਂ ਮਾਨਤਾਵਾਂ ਨਾਲ ਖਿਲਵਾੜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੈਨਲ ਅਤੇ ਪ੍ਰੋਗਰਾਮ ਦੇ ਡਾਇਰੈਕਟਰ ਪਾਸੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਪ੍ਰੋਗਰਾਮ ਦੇ ਜਿਸ ਕਲਾਕਾਰ ਨੇ ਬਾਣੀ ਦੇ ਭਾਵ-ਅਰਥਾਂ ਦੀ ਗਲਤ ਵਿਆਖਿਆ ਕਰ ਆਪਣੇ ਉਦੇਸ਼ ਲਈ ਵਰਤਣ ਦਾ ਗੁਨਾਹ ਕੀਤਾ ਹੈ, ਉਹ ਆਪਣੇ ਇਸ ਗੁਨਾਹ ਲਈ ਉਸੇ ਤਰ੍ਹਾਂ ਚੈਨਲ ਦੇ ਪ੍ਰੋਗਰਾਮ ਵਿੱਚ ਮਾਫੀ ਮੰਗੇ, ਜਿਵੇਂ (ਪ੍ਰੋਗਰਾਮ ਵਿੱਚ) ਉਸਨੇ ਬਾਣੀ ਦਾ ਅਪਮਾਨ ਕਰਨ ਦਾ ਗੁਨਾਹ ਕੀਤਾ ਹੈ। ਉਨ੍ਹਾਂ ਡਾਇਰੈਕਟਰ ਨੂੰ ਇਹ ਵੀ ਕਿਹਾ ਕਿ ਜਦੋਂ ਵੀ ਕਿਸੇ ਪ੍ਰੋਗਰਾਮ ਵਿੱਚ ਗੁਰਬਾਣੀ ਦੀ ਵਰਤੋਂ ਕੀਤੀ ਜਾਏ ਤਾਂ ਉਸਦੀ ਮੂਲ ਭਾਵਨਾ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਕਰਨ ਤੋਂ ਗੁਰੇਜ਼ ਕੀਤਾ ਜਾਏ।