ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਗੁਰੂ-ਘਰਾਂ ‘ਚ ਨਿਤਾ ਪ੍ਰਤੀ ਵਾਪਰ ਰਹੀਆਂ ਅਗਜਨੀ ਵਰਗੀਆਂ ਘਟਨਾਵਾਂ ਨਾਲ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਤੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਸਮੂਹ ਮੈਨੇਜਰ ਸਾਹਿਬਾਨਾਂ ਨਾਲ ਤੇਜਾ ਸਿੰਘ ਸਮੁੰਦਰੀ ਹਾਲ (ਦਫ਼ਤਰ ਸ਼੍ਰੋਮਣੀ ਕਮੇਟੀ) ਵਿਖੇ ਬੈਠਕ ਕੀਤੀ ਅਤੇ ਗੁਰੂ-ਘਰਾਂ ਦੇ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਂਦਿਆਂ ਜ਼ਰੂਰੀ ਤੇ ਉੱਚਿਤ ਕਦਮ ਚੁੱਕਣ ਲਈ ਕਿਹਾ।
ਮੈਨੇਜਰ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰੇਕ ਗੁਰੂ-ਘਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤੇ ਇਸ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ।ਸਮੇਂ-ਸਮੇਂ ਅਨੁਸਾਰ ਮੈਨੇਜਰ ਆਪ ਸਾਰੇ ਹਾਲਾਤਾਂ ਤੇ ਨਿਗਾਹ ਰੱਖਣ।ਉਨ੍ਹਾਂ ਕਿਹਾ ਕਿ ਗੁਰੂ-ਘਰਾਂ ਵਿੱਚ ਨਿਤਾ ਪ੍ਰਤੀ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੀਆਂ ਵਾਪਰ ਰਹੀਆਂ ਹਿਰਦੇ ਵੇਦਕ ਘਟਨਾਵਾਂ ਵੱਡੀ ਚਿੰਤਾ ਦਾ ਵਿਸ਼ਾ ਹਨ ਤੇ ਇਨ੍ਹਾਂ ਦੀ ਰੋਕਥਾਮ ਲਈ ਸੁੱਖ-ਆਸਨ ਅਸਥਾਨ ਵਾਲੇ ਕਮਰੇ ਵਿੱਚ ਕਿਸੇ ਤਰ੍ਹਾਂ ਦੀ ਵੀ ਸਜਾਵਟੀ ਲੜੀ ਜਾਂ ਆਰਜੀ ਲਾਈਟ ਨਾ ਲਗਾਈ ਜਾਵੇ ਅਤੇ ਸੁੱਖ-ਆਸਨ ਤੋਂ ਬਾਅਦ ਲਾਈਟਾਂ ਆਦਿ ਮੁਕੰਮਲ ਬੰਦ ਕਰ ਦਿੱਤੀਆਂ ਜਾਣ ਤਾਂ ਕਿ ਸਰਕਟ ਸ਼ਾਰਟ ਹੋਣ ਨਾਲ ਕੋਈ ਵੀ ਮਾੜੀ ਘਟਨਾ ਵਾਪਰਨ ਦੀ ਸੰਭਾਵਨਾ ਬਾਕੀ ਨਾ ਰਹੇ।ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਹਰੇਕ ਗੁਰੂ-ਘਰ ਵਿੱਚ ਪਹਿਰੇਦਾਰੀ ਵਧਾਈ ਜਾਵੇ ਅਤੇ ਪੂਰੀ ਸਤਰਕਤਾ ਵਰਤਦਿਆਂ ੨੪ ਘੰਟੇ ਪਹਿਰਾ ਹੋਵੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣ ਤੇ ਜੇਕਰ ਕਿਤੇ ਕੋਈ ਕੈਮਰਾ ਠੀਕ ਢੰਗ ਨਾਲ ਨਹੀਂ ਚੱਲਦਾ ਤਾਂ ਉਸ ਨੂੰ ਤੁਰੰਤ ਠੀਕ ਕਰਵਾਇਆ ਜਾਵੇ।
ਗੁਰਦੁਆਰਾ ਸਾਹਿਬਾਨ ਵਿਖੇ ਮਰਿਯਾਦਾ ਸਬੰਧੀ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ-ਘਰ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਮੌਕੇ ਗ੍ਰੰਥੀ ਸਿੰਘ ਹਰ ਹਾਲਤ ਵਿੱਚ ਤਾਬਿਆ ਬੈਠਾ ਹੋਵੇ।ਉਨ੍ਹਾਂ ਕਿਹਾ ਕਿ ਮੈਨੇਜਰ ਦੀ ਜ਼ਿੰਮੇਵਾਰੀ ਬੜੀ ਅਹਿਮ ਹੁੰਦੀ ਹੈ ਹਰੇਕ ਮੈਨੇਜਰ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਗੁਰਦੁਆਰਾ ਸਾਹਿਬਾਨ, ਲੰਗਰ, ਰਿਹਾਇਸ਼ੀ ਸਰਾਵਾਂ, ਸਰੋਵਰ ਆਦਿ ਦੀ ਮੁਕੰਮਲ ਸਫਾਈ ਵੱਲ ਖਾਸ ਖਿਆਲ ਰੱਖਣ ਅਤੇ ਗੁਰਦੁਆਰਾ ਸਾਹਿਬਾਨ ਦੇ ਆਲੇ-ਦੁਆਲੇ ਵਧੀਆ ਕਿਸਮ ਦੇ ਛਾਂ ਦਾਰ ਬੂਟੇ ਆਦਿ ਲਗਾਏ ਜਾਣ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰਲੇ ਪ੍ਰਬੰਧ ਵਾਲੇ ਸਟਾਫ ਨੂੰ ਖ਼ਾਸ ਤੌਰ ਤੇ ਸੁਚੇਤ ਕੀਤਾ ਜਾਵੇ ਕਿ ਡਿਊਟੀ ਦੌਰਾਨ ਕੋਈ ਵੀ ਕਰਮਚਾਰੀ ਫਾਲਤੂ ਗੱਲ ਕਰਨ ਦੀ ਬਜਾਏ ਸਿਮਰਨ ਕਰੇ।ਪ੍ਰਬੰਧ ਸਬੰਧੀ ਹੋਰ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਹਰੇਕ ਕਰਮਚਾਰੀ ਦਾ ਵਤੀਰਾ ਸੰਗਤ ਪ੍ਰਤੀ ਨਿਮਰਤਾ ਤੇ ਮਿੱਠ-ਬੋਲੜਾ ਹੋਣਾ ਚਾਹੀਦਾ ਹੈ ਅਤੇ ਹਰ ਕਰਮਚਾਰੀ ਸਥਾਨਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਗੁਰੂ-ਘਰ ਦੇ ਦਰਸ਼ਨ ਕਰਨ ਆਈ ਸੰਗਤ ਵੱਲੋਂ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਮੈਨੇਜਰ ਉਸ ਸਮੱਸਿਆ ਦਾ ਹੱਲ ਕੱਢਣ ਦਾ ਭਰਪੂਰ ਯਤਨ ਕਰੇ।ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ, ਦੁਕਾਨਾਂ ਆਦਿ ਦੇ ਠੇਕੇ ਦੀ ਬਕਾਇਆ ਰਕਮ ਸਮੇਂ ਸਿਰ ਵਸੂਲ ਕਰਕੇ ਗੁਰਦੁਆਰਾ ਫੰਡਾਂ ਵਿੱਚ ਜਮਾਂ ਕੀਤੀ ਜਾਵੇ ਅਤੇ ਦਫ਼ਤਰ ਵੱਲੋਂ ਕੀਤੇ ਗਏ ਚਿੱਠੀ ਪੱਤਰ ਦਾ ਜਵਾਬ ਸਮੇਂ ਸਿਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਦਫ਼ਤਰ ਵੱਲੋਂ ਹੋਏ ਆਡਿਟ ਸਮੇਂ ਆਏ ਇਤਰਾਜ਼ਾਂ ਦਾ ਲਿਖਤੀ ਜਵਾਬ ਤੁਰੰਤ ਦਫ਼ਤਰ ਨੂੰ ਦਿੱਤਾ ਜਾਵੇ ਅਤੇ ਸਮੇਂ-ਸਮੇਂ ਅਨੁਸਾਰ ਮੈਨੇਜਰ ਆਪਣੇ ਸਟਾਫ ਨਾਲ ਪ੍ਰਬੰਧ ਸਬੰਧੀ ਜ਼ਰੂਰੀ ਵਿਚਾਰਾਂ ਕਰਦੇ ਰਹਿਣ।ਇਸ ਤੋਂ ਪਹਿਲਾਂ ਡਾ. ਰੂਪ ਸਿੰਘ ਸਕੱਤਰ ਤੇ ਸ. ਰਣਜੀਤ ਸਿੰਘ ਵਧੀਕ ਸਕੱਤਰ ਨੇ ਵੀ ਆਪਣੇ ਵਿਚਾਰ ਮੈਨੇਜਰ ਸਾਹਿਬਾਨਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਸਕੱਤਰ ਸਿੰਘ ਮੀਤ ਸਕੱਤਰ ਫਲਾਇੰਗ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ ਵਿਭਾਗ ਤੇ ਸ. ਪਰਮਦੀਪ ਸਿੰਘ ਇੰਚਾਰਜ ਅਤੇ ਵੱਡੀ ਗਿਣਤੀ ‘ਚ ਮੈਨੇਜਰ ਹਾਜ਼ਰ ਸਨ।