ਫਤਿਹਗੜ੍ਹ ਸਾਹਿਬ – “ਜਦੋਂ ਵੀ ਪੰਜਾਬ ਸੂਬੇ ਜਾਂ ਹਿੰਦ ਦੇ ਕਿਸੇ ਇਲਾਕੇ ਵਿਚ ਅਜਿਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਰੁ ਸਾਹਿਬਾਨ ਜਾਂ ਸਿੱਖ ਕੌਮ ਦੇ ਅਪਮਾਨ ਕਰਨ ਦੀ ਕਾਰਵਾਈ ਹੁੰਦੀ ਹੈ ਤਾਂ ਹਕੂਮਤਾਂ ਅਤੇ ਪ੍ਰਸ਼ਾਸਨ ਥੋੜ੍ਹੇ ਸਮੇਂ ਲਈ ਸਖ਼ਤੀ ਕਰਨ ਦੇ ਅਖਬਾਰੀ ਬਿਆਨਬਾਜੀ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੰਦੇ ਹਨ ਅਤੇ ਕਦੀ ਵੀ ਸਾਜਿਸ਼ੀ ਦਿਮਾਗਾਂ ਤੱਕ ਪਹੁੰਚਣ ਦੀ ਕਾਰਵਾਈ ਨਹੀਂ ਕਰਦੇ। ਇਹੀ ਵਜ੍ਹਾ ਹੈ ਕਿ ਵਾਰ ਵਾਰ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਹੋ ਰਹੀਆਂ ਹਨ। ਜਿਸ ਜਿੰਮੇਵਾਰੀ ਤੋਂ ਮੌਜੂਦਾ ਨਿਜਾਮ ਅਤੇ ਅਸਫ਼ਲ ਪੁਲਿਸ ਦੀ ਕਾਨੂੰਨੀਂ ਵਿਵਸਥਾ ਅਤੇ ਖੂਫੀਆ ਏਜੰਸੀਆਂ ਦੀ ਅਸਫ਼ਲਤਾ ਸਪੱਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ। ਬਰਗਾੜੀ (ਫਰੀਦਕੋਟ ਵਿਖੇ) ਬੀਤੇ ਦਿਨੀਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਪੱਤਰਿਆਂ ਨੂੰ ਪਾੜ ਕੇ ਕੂੜੇ ਵਿੱਚ ਸੁੱਟਣ ਦੇ ਅਮਲ ਤੋਂ ਇਹ ਜਾਹਰ ਹੋ ਜਾਂਦਾ ਹੈ ਕਿ ਪੰਜਾਬ ਵਿਚ ਕੋਈ ਅਜਿਹੀ ਪੰਥ ਵਿਰੋਧੀ ਸ਼ਕਤੀ ਸਰਗਰਮ ਹੈ, ਜਿਸ ਨੂੰ ਹਿੰਦੂਤਵ ਹੁਕਮਰਾਨਾ ਦੀ ਵੀ ਸ਼ਹਿ ਪ੍ਰਾਪਤ ਹੋ ਸਕਦੀ ਹੈ, ਤਾਂ ਕਿ ਸਿੱਖ ਕੌਮ ਵਿਚ ਦਹਿਸ਼ਤ ਅਤੇ ਜਲਾਲਤ ਪੈਦਾ ਕਰਕੇ ਇਕ ਤਾਂ ਸਿੱਖ ਕੌਮ ਨੂੰ ਤਾਕਤ ਦੇ ਜੋਰ ਨਾਲ ਦਬਾਇਆ ਜਾ ਸਕੇ। ਦੂਸਰਾ ਪੰਜਾਬ ਅਤੇ ਹਿੰਦ ਦੇ ਬਹੁ ਗਿਣਤੀ ਦੇ ਵੋਟਰਾਂ ਨੂੰ ਅਜਿਹੀ ਆਂ ਕਾਰਵਾਈਆਂ ਸਦਕਾ ਡਰ ਭੈਅ ਦੇ ਕੇ ਆਪਣੇ ਪੱਖ ਵਿਚ ਕੀਤਾ ਜਾ ਸਕੇ। ਲੇਕਿਨ ਅਜਿਹੀਆਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੂੰ ਖਾਲਸਾ ਪੰਥ ਕਦਾਚਿੱਤ ਬਰਦਾਸ਼ਤ ਨਹੀਂ ਕਰੇਗਾ। ਕਿਉਂ ਕਿ ਇਸ ਪਿੱਛੇ ਸਾਜਿਸ਼ੀ ਦਿਮਾਗਾਂ ਦੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੀ ਬਦੌਲਤ ਸਿੱਖ ਕੌਮ ਵਿਚ ਉੱਠੇ ਰੋਹ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਈ ਪੰਜਾਬ ਦੀ ਮੌਜੂਦਾ ਬਾਦਲ ਹਕੂਮਤ ਅਤੇ ਸੈਂਟਰ ਦੀ ਮੋਦੀ ਹਕੂਮਤ ਜਿੰਮੇਵਾਰ ਹੋਵੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਬਰਗਾੜੀ ਅਤੇ ਬਠਿੰਡੇ ਜਿ਼ਲ੍ਹੇ ਦੇ ਪਿੰਡ ਭੂੰਦੜ ਵਿਖੇ ਇਸੇ ਤਰ੍ਹਾਂ ਇਕ ਗੁਟਕਾ ਸਾਹਿਬ ਦੇ ਪੱਤਰੇ ਗੰਦ ਦੇ ਢੇਰ ਉਤੇ ਪਾੜ ਕੇ ਸੁੱਟਣ ਦੀ ਕੀਤੀ ਗਈ ਅਪਮਾਨਜਨਕ ਕਾਰਵਾਈ ਵਿਰੁੱਧ ਪੰਜਾਬ ਦੀ ਬਾਦਲ ਹਕੂਮਤ, ਮੋਦੀ ਹਕੂਮਤ, ਖੂਫੀਆ ਏਜੰਸੀਆਂ ਅਤੇ ਪੁਲਿਸ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੀ ਕਾਰਵਾਈ ਹੈ ਕਿ ਜੋ ਦੋਸ਼ੀ ਸਿੱਖਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆਂ ਲੰਮੇ ਸਮੇਂ ਤੋਂ ਕਾਰਵਾਈਆਂ ਕਰਦੇ ਆ ਰਹੇ ਹਨ, ਉਹਨਾਂ ਦੀ ਪਹਿਚਾਣ ਕਰਨ ਅਤੇ ਊਹਨਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜਾਵਾਂ ਦੇਣ ਦੀ ਬਜਾਏ ਅਮਨ ਮਈ ਅਤੇ ਜਮਹੂਰੀਅਤ ਤਰੀਕੇ ਰੋਸ ਪ੍ਰਗਟ ਕਰ ਰਹੇ ਸਿੱਖਾਂ ਉਤੇ ਤਸ਼ੱਦਦ ਜੁਲਮ ਕਰਨ ਅਤੇ ਉਹਨਾਂ ਨੂੰ ਗੈਰ ਕਾਨੂੰਨੀਂ ਤਰੀਕੇ ਗ੍ਰਿਫ਼ਤਾਰ ਕਰਨ ਦੀਆਂ ਕਾਰਵਾਈਆਂ ਬਲਦੀ ਉਤੇ ਤੇਲ ਪਾਉਣ ਵਾਲੀਆਂ ਹਨ। ਉਹਨਾਂ ਕਿਹਾ ਕਿ ਰੋਸ ਕਰਨ ਵਾਲੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਅਮਰੀਕ ਸਿੰਘ ਅਜਨਾਲਾ , ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਸੁਖਜਿੰਦਰ ਸਿੰਘ ਏਕਨੂਰ ਖਾਲਸਾ, ਬਾਬਾ ਚਮਕੌਰ ਸਿੰਘ ਭਾਈ ਰੂਪੇ ਵਾਲੇ, ਭਾਈ ਸੁਖਵਿੰਦਰ ਸਿੰਘ ਹਰਿਆਣਾ ਆਦਿ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਜਬਰੀ ਗ੍ਰਿਫ਼ਤਾਰ ਕੀਤਾ ਗਿਆ। ਸ. ਮਾਨ ਨੇ ਅੱਗੇ ਚੱਲ ਕੇ ਕਿਹਾ ਕਿ ਮੋਗਾ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਂਤਮਈ ਤਰੀਕੇ ਰੋਸ ਕਰਨ ਵਾਲੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਨ ਵਾਲੇ ਬੇਕਸੂਰ ਨਿਰਦੋਸ਼ ਸਿੱਖਾਂ ਉਤੇ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕਰਨਾ ਅਤੇ ਸਿੱਖਾਂ ਨੂੰ ਅਪਮਾਨਿਤ ਕਰਨ ਦੀਆਂ ਕਾਰਵਾਈਆਂ ਆਰ ਐਸ ਐਸ ਦੇ ਸਿੱਖ ਵਿਰੋਧੀ ਏਜੰਡੇ ਅਧੀਨ ਬਾਦਲ ਹਕੂਮਤ ਕਰ ਰਹੀ ਹੈ। ਇਸ ਲਈ ਹੁਣ ਸਿੱਖ ਕੌਮ “ਕਰੋ ਜਾਂ ਮਰੋ” ਦੀ ਸੋਚ ਉਤੇ ਚੱਲ ਰਹੀ ਹੈ। ਇਸ ਲਈ ਸੈਂਟਰ ਦੀ ਮੋਦੀ ਹਕੂਮਤ ਜਾਂ ਪੰਜਾਬ ਦੀ ਬਾਦਲ ਹਕੂਮਤ ਦੀਆਂ ਬੰਦੂਕਾਂ ਜਾਂ ਤਸ਼ੱਦਦ ਜੁਲਮ ਸਿੱਖ ਕੌਮ ਨੂੰ ਇਨਸਾਫ਼ ਪ੍ਰਾਪਤ ਕਰਨ ਜਾਂ ਸਿੱਖ ਕੌਮ ਦੇ ਦੋਸ਼ੀਆਂ ਨੂੰ ਸਿੱਖ ਰਵਾਇਤਾਂ ਅਨੁਸਾਰ ਸਜਾਵਾਂ ਦੇਣ ਤੋਂ ਰੋਕ ਨਹੀਂ ਸਕਣਗੇ।
ਉਹਨਾਂ ਕਿਹਾ ਕਿ ਸਿਆਸੀ ਤਾਕਤ ਅਤੇ ਧੰਨ ਦੌਲਤਾਂ ਅਤੇ ਜਾਇਦਾਦਾਂ ਦੇ ਭੰਡਾਰ ਇਕੱਤਰ ਕਰਨ ਵਿਚ ਅੰਨ੍ਹੀ ਅਤੇ ਬੋਲੀ ਹੋਈ ਪੰਜਾਬ ਦੀ ਬਾਦਲ ਹਕੂਮਤ ਦਾ ਜਬਰ ਜੁਲਮ ਸਿੱਖ ਕੌਮ ‘ਤੇ ਐਨਾ ਵਧ ਚੁੱਕਾ ਹੈ ਕਿ ਸਿੱਖ ਕੌਮ ਨੂੰ ਦ੍ਰਿੜ੍ਹਤਾ ਨਾਲ ਫੈਸਲਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਅਸੀਂ ਇਹਨਾਂ ਦੀ ਦੋਸ਼ਪੂਰਨ ਹਕੂਮਤ ਦੇ ਜਬਰਾਂ ਨੂੰ ਹੁਣ ਬਿਲਕੁਲ ਸਹਿਨ ਨਹੀਂ ਕਰਾਂਗੇ। ਕਿਉਂ ਕਿ ਬਾਦਲ ਹਕੂਮਤ ਅਤੇ ਬਾਦਲ ਪਰਿਵਾਰ ਆਪਣੇ ਸਿਆਸੀ, ਪਰਿਵਾਰਕ ਅਤੇ ਮਾਲੀ ਸਵਾਰਥਾਂ ਦਾ ਗੁਲਾਮ ਹੋ ਕੇ ਸਿੱਖ ਵਿਰੋਧੀ ਤਾਕਤਾਂ ਦੇ ਪੂਰਨ ਰੂਪ ਵਿਚ ਹੱਥਠੋਕੇ ਬਣ ਚੁੱਕੇ ਹਨ ਅਤੇ ਊਹਨਾਂ ਦੇ ਇਸ਼ਾਰੇ ਉਤੇ ਹੀ ਗੁਰੁ ਸਾਹਿਬਾਨ ਦੁਆਰਾ ਤੈਅ ਕੀਤੀਆਂ ਗਈਆਂ ਮਰਿਆਦਾਵਾਂ, ਸਿਧਾਂਤ ਅਤੇ ਅਸੂਲਾਂ ਨੂੰ ਤਿਲਾਂਜਲੀ ਦੇਣ ਲੱਗ ਪਏ ਹਨ। ਜਦੋਂ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਬੀਤੇ ਸਮੇਂ ਵਿਚ ਜਾਬਰ ਹੁਕਮਰਾਨਾ ਅਤੇ ਸਿੱਖ ਕੌਮ ਵਿਚਕਾਰ ਅਜਿਹੇ ਹਾਲਾਤ ਪੈਦਾ ਹੋਏ ਹਨ, ਤਾਂ ਸਿੱਖ ਕੌਮ ਉਸ ਵਿੱਚੋਂ ਨਿਰੋਲ ਆਪਣੇ ਸਿਧਾਂਤਾਂ ਅਤੇ ਮਰਿਆਦਾਵਾਂ ਉਤੇ ਪਹਿਰਾ ਦਿੰਦੀ ਹੋਈ ਫਤਿਹ ਵੱਲ ਵੱਧਦੀ ਰਹੀ ਹੈ। ਸਮੁੱਚੀਆਂ ਸਿੱਖ ਜਥੇਬੰਦੀਆਂ, ਸੰਸਾਰ ਪੱਧਰ ਦੇ ਸਿੱਖ ਵਿਦਵਾਨਾਂ, ਸੂਝਵਾਨਾਂ ਅਤੇ ਪੰਥ ਦਰਦੀਆਂ ਨੂੰ ਸਤਿਕਾਰ ਸਹਿਤ ਸੱਦਾ ਦਿੰਦੇ ਹੋਏ 10 ਨਵੰਬਰ 2015 ਦਿਵਾਲੀ ਤੋਂ ਇਕ ਦਿਨ ਪਹਿਲਾਂ ਗੁਰੂਦੁਆਰਾ ਮੰਜੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ “ਸਰਬੱਤ ਖਾਲਸਾ” ਦਾ ਇਕੱਠ ਸੱਦਿਆ ਜਾ ਰਿਹਾ ਹੈ। ਜੇਕਰ ਆਰ ਐਸ ਐਸ ਅਤੇ ਹਿੰਦੂਤਵ ਤਾਕਤਾਂ ਦੇ ਗੁਲਾਮ ਬਣੇ ਬਾਦਲ ਪਰਿਵਾਰ ਜਾਂ ਸ਼੍ਰੀ ਮੱਕੜ ਨੇ ਸਿੱਖ ਕੌਮ ਨੂੰ ਸਰਬੱਤ ਖਾਲਸਾ ਮੰਜੀ ਸਾਹਿਬ ਵਿਖੇ ਕਰਨ ਦੀ ਇਜਾਜਤ ਨਾ ਦਿੱਤੀ ਤਾਂ ਅੰਮ੍ਰਿਤਸਰ ਤਰਨਤਾਰਨ ਰੋਡ ਸਮਾਧ ਬਾਬਾ ਨੌਧ ਸਿੰਘ ਵਿਖੇ ਇਹ ਸਰਬੱਤ ਖਾਲਸਾ ਅਵੱਸ਼ ਹੋਵੇਗਾ। ਜਿਸ ਵਿਚ ਖਾਲਸਾ ਪੰਥ ਨੂੰ ਦਰਪੇਸ਼ ਆ ਰਹੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਨੂੰ ਬਾਦਲੀਲ ਢੰਗ ਨਾਲ ਸਮੁੱਚੇ ਖਾਲਸਾ ਪੰਥ ਦੇ ਦਰਦੀਆਂ ਦੀ ਰਾਇ ਲੈਂਦੇ ਹੋਏ ਜਿਥੇ ਅਗਲੇਰੇ ਫੈਸਲੇ ਕੀਤੇ ਜਾਣਗੇ, ਉਥੇ ਜਥੈਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਅਤੇ ਸੇਵਾ-ਮੁਕਤੀਆਂ ਦੇ ਸਰਬ ਪ੍ਰਵਾਨਿਤ ਵਿਧੀ ਵਿਧਾਨ ਤੈਅ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ-ਪੀਰੀ ਦੀ ਮਹਾਬ ਸੰਸਥਾ ਨੂੰ ਪੰਥ ਵਿਰੋਧੀ ਸ਼ਕਤੀਆਂ ਤੋਂ ਆਜ਼ਾਦ ਕਰਵਾ ਕੇ, ਸੰਸਾਰ ਪੱਧਰ ‘ਤੇ ਉਹ ਰੁਤਬਾ ਅਤੇ ਸਤਿਕਾਰ ਕਾਇਮ ਕੀਤਾ ਜਾਵੇਗਾ, ਜੋ ਦੁਨਿਆਵੀ ਅਦਾਲਤਾਂ ਤੋਂ ਉੱਪਰ ਉਸ ਅਕਾਲ ਪੁਰਖ ਦੀ ਅਦਲਾਤ ਦੀ ਇਤਿਹਾਸਕ ਅਤੇ ਪੁਰਾਤਨ ਰਵਾਇਤ ਨੂੰ ਫਿਰ ਤੋਂ ਕਾਇਮ ਕੀਤਾ ਜਾਵੇਗਾ। ਕਿਉਂ ਕਿ ਸਿੱਖ ਧਰਮ ਅਤੇ ਸਿਆਸਤ ਨਾਲ ਨਾਲ ਚੱਲਦੇ ਹਨ। ਇਸ ਲਈ ਸਿਆਸਤ ਉਤੇ ਧਾਰਮਿਕ ਸੋਚ ਅਤੇ ਲੀਹ ਦੀ ਪਕੜ ਮਜਬੂਤ ਕਰਦੇ ਹੋਏ ਧਾਰਮਿਕ ਮਰਿਆਦਾਵਾਂ ਅਤੇ ਸੋਚ ਅਨੁਸਾਰ ਹੀ ਸਿਆਸਤ ਨੂੰ ਸਰਬੱਤ ਦੇ ਭਲੇ ਦੇ ਮਿਸ਼ਨ ਅਧੀਨ ਅੱਗੇ ਵਧਾਇਆ ਜਾਵੇਗਾ। ਸ.ਮਾਨ ਨੇ ਜਿਥੇ ਸਿੱਖ ਕੌਮ ਨੂੰ ਹਰ ਜਬਰ ਜੁਲਮ ਦਾ ਬਾਦਲੀਲ ਢੰਗ ਰਾਹੀਂ ਵਿਰੋਧ ਕਰਨ ਦੀ ਅਪੀਲ ਕੀਤੀ , ਉਥੇ ਸਮੁੱਚੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ, ਸਿੱਖ ਜਥੇਬੰਦੀਆਂ, ਟਕਸਾਲਾਂ, ਫੈਡਰੇਸ਼ਨਾਂ, ਕਥਾ ਵਾਚਕਾਂ, ਰਾਗੀਆਂ, ਪੰਥਕ ਵਿਦਵਾਨਾ ਅਤੇ ਸੰਸਾਰ ਪੱਧਰ ਦੇ ਸਿੱਖ ਕੌਮ ਦੇ ਸੂਝਵਾਨਾਂ ਨੂੰ ਸਮੁੱਚੀ ਸਿੱਖ ਸੰਗਤ ਸਹਿਤ 10 ਨਵੰਬਰ ਨੂੰ ਸਰਬੱਤ ਖਾਲਸੇ ਵਿਚ ਸ਼ਮੂਲੀਅਤ ਕਰਨ ਦੀ ਵੀ ਗੰਭੀਰ ਅਪੀਲ ਕੀਤੀ।
ਬਰਗਾੜੀ ਵਿਖੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਕੀਤਾ ਗਿਆ ਅਪਮਾਨ ਸਿੱਖ ਕੌਮ ਲਈ ਅਸਹਿ: ਮਾਨ
This entry was posted in ਪੰਜਾਬ.