ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਕਮੇਟੀ ਵੱਲੋਂ ਦੋ ਪੰਥਕ ਵਿਦਿਵਾਨਾਂ ਨੂੰ ਫੈਲੋਸ਼ਿਪ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਕਮੇਟੀ ਦੇ ਵਿਰਾਸਤੀ ਅਤੇ ਖੋਜ ਘਰ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ’ਚ ਆਪਣਾ ਤਜਰਬਾ ਅਤੇ ਲਿਆਕਤ ਨੂੰ ਉਸਾਰੂ ਤਰੀਕੇ ਵਿਚ ਵਰਤਣ ਲਈ ਕਮੇਟੀ ਵੱਲੋਂ ਮਾਤਾ ਸੁੰਦਰੀ ਕਾਲਜ ਦੀ ਸਾਬਕਾ ਪ੍ਰਿੰਸੀਪਲ ਅਤੇ ਉੱਘੀ ਲਿਖਾਰੀ ਡਾ. ਮਹਿੰਦਰ ਕੌਰ ਗਿੱਲ ਅਤੇ ਖਾਲਸਾ ਕਾਲਜ ਦੇ ਡਾ. ਹਰਬੰਸ ਸਿੰਘ ਚਾਵਲਾ ਨੂੰ ਉਕਤ ਫੈਲੋਸ਼ਿਪ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੌਂਪੀ।
ਜੀ.ਕੇ. ਨੇ ਵਿਦਿਵਾਨਾਂ ਦੀ ਪੰਥਕ ਸੇਵਾਵਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਵੱਲੋਂ ਕਮੇਟੀ ਦੀ ਫੈਲੋਸ਼ਿਪ ਨੂੰ ਸਵੀਕਾਰਨ ਤੇ ਧੰਨਵਾਦ ਵੀ ਕੀਤਾ। ਜੀ.ਕੇ. ਨੇ ਵਿਰਾਸਤੀ ਘਰ ਦਾ ਮੂਵਿੰਗ ਮਾੱਡਲ ਸੰਗਤਾਂ ਦੀ ਜਾਣਕਾਰੀ ਲਈ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਰੱਖਣ ਦਾ ਵੀ ਇਸ ਮੌਕੇ ਤੇ ਐਲਾਨ ਕੀਤਾ। ਜੀ. ਕੇ. ਨੇ ਵਿਦਿਵਾਨਾਂ ਦੀ ਵਿਰਾਸਤੀ ਘਰ ਨੂੰ ਮਿਲਣ ਵਾਲੀ ਸੇਵਾ ਸੰਗਤਾਂ ਦੇ ਗਿਆਨ ਵੱਜੋਂ ਫਲਦਾਇਕ ਹੋਣ ਦੀ ਵੀ ਉਮੀਦ ਜਤਾਈ। ਅਦਾਰੇ ਦੇ ਸਾਬਕਾ ਚੇਅਰਮੈਨ ਸੱਚਖੰਡਵਾਸੀ ਡਾ. ਜਸਵੰਤ ਸਿੰਘ ਨੇਕੀ ਵੱਲੋਂ ਤਿਆਰ ਕੀਤੇ ਗਏ ਵਿਚਾਰਕ ਤੇ ਬੌਧਿਕ ਮਾੱਡਲ ਨੂੰ ਜੀ.ਕੇ. ਨੇ ਉਸੇ ਤਰੀਕੇ ਨਾਲ ਹ ਕਮੇਟੀ ਵੱਲੋਂ ਲਾਗੂ ਕਰਨ ਦਾ ਵੀ ਦਾਅਵਾ ਕੀਤਾ।
ਸਿਰਸਾ ਨੇ ਕਿਹਾ ਕਿ ਵਿਦਿਵਾਨਾਂ ਵੱਲੋਂ ਫੈਲੋਸ਼ਿਪ ਸਵੀਕਾਰਨ ਉਪਰੰਤ ਦਿੱਲੀ ਕਮੇਟੀ ਅਤੇ ਦਿੱਲੀ ਦੀ ਸੰਗਤ ਦਾ ਮਾਣ ਵਧਿਆ ਹੈ। ਸਿਰਸਾ ਨੇ ਵਿਦਿਵਾਨਾਂ ਦੀ ਚੰਗੀ ਕਾਰਗੁਜਾਰੀ ਨਾਲ ਨੋਜਵਾਨ ਬੱਚਿਆ ਤਕ ਸੁਨਹਿਰੀ ਸਿੱਖ ਇਤਿਹਾਸ ਪੁੱਜਣ ਦਾ ਵੀ ਦਾਅਵਾ ਕੀਤਾ। ਡਾ। ਗਿੱਲ ਨੇ 1975 ਵਿੱਖੇ ਪਹਿਲੀ ਕਿਤਾਬ ਉਨ੍ਹਾਂ ਵੱਲੋਂ ਲਿਖਣ ਦੇ ਬਾਅਦ ਕਮੇਟੀ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਜਥੇਦਾਰ ਸੰਤੋਖ ਸਿੰਘ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ 1100 ਰੁਪਏ ਦੇ ਸਨਮਾਨ ਤੋਂ ਬਾਅਦ ਅੱਜ 40 ਸਾਲ ਬਾਅਦ 130 ਕਿਤਾਬਾਂ ਲਿਖਣ ਉਪਰੰਤ ਉਨ੍ਹਾਂ ਦੇ ਫਰਜੰਦ ਮਨਜੀਤ ਸਿੰਘ ਜ.ਕੇ. ਵੱਲੋਂ 11000 ਰੁਪਏ ਬਤੌਰ ਫੈਲੋਸ਼ਿਪ ਲੈਣ ਨੂੰ ਇਤਿਹਾਸ ਦੁਹਰਾਉਣ ਵੱਜੋਂ ਵੀ ਦੱਸਿਆ।
ਡਾ. ਚਾਵਲਾ ਨੇ ਮਾਤਾ ਸੁੰਦਰੀ ਗੁਰਦੁਆਰੇ ਤੋਂ 5ਮਈ 1961 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਿਸ਼ਾਨੀ ਦੇ ਤੌਰ ਤੇ ਮੌਜ਼ੂਦ 5 ਸ਼ਸਤਰਾਂ ਤੋਂ ਤਿੰਨ ਚੋਰੀ ਹੋਏ ਸ਼ਸਤਰਾਂ ਦੀ ਭਾਲ ਕਰਨ ਦੀ ਵੀ ਦਿੱਲੀ ਕਮੇਟੀ ਨੂੰ ਅਪੀਲ ਕੀਤੀ। ਇਸ ਮੌਕੇ ਤੇ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ,ਪਰਮਜੀਤ ਸਿੰਘ ਚੰਢੋਕ ਅਤੇ ਹਰਦੇਵ ਸਿੰਘ ਧਨੋਆ ਮੌਜ਼ੂਦ ਸਨ।