ਫਤਿਹਗੜ੍ਹ ਸਾਹਿਬ – “ਸਿੱਖ ਧਰਮ ਦੇ ਉੱਚ ਸਿਧਾਂਤਾਂ, ਮਰਿਆਦਾਵਾਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਸਿਰਸੇ ਵਾਲੇ ਅਖੌਤੀ ਕਾਤਲ ਅਤੇ ਬਲਾਤਕਾਰੀ ਸਾਧ, ਜਿਸ ਨੇ 2007 ਵਿਚ ਬਨਾਵਟੀ ਤੌਰ ‘ਤੇ ਅੰਮ੍ਰਿਤ ਤਿਆਰ ਕਰਨ ਦਾ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ ਸਵਾਂਗ ਰਚਾਉਣ ਦੀ ਬੱਜਰ ਗੁਸਤਾਖੀ ਕੀਤੀ ਸੀ ਅਤੇ ਜੋ ਸਿੱਖ ਕੌਮ ਦਾ ਹੀ ਨਹੀਂ ਬਲਕਿ ਮਨੁੱਖਤਾ, ਅਮਨਚੈਨ ਨੂੰ ਭੰਗ ਕਰਨ ਦਾ ਕਾਨੂੰਨੀਂ ਅਤੇ ਸਮਾਜਿਕ ਤੌਰ ‘ਤੇ ਦੋਸ਼ੀ ਹੈ, ਉਸ ਨੂੰ 24 ਸਤੰਬਰ 2015 ਨੂੰ ਸਿੱਖ ਕੌਮ ਦੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਮੁਤੱਸਵੀ ਮੋਦੀ ਹਕੂਮਤ ਅਤੇ ਬਾਦਲ ਦੀ ਪੰਜਾਬ ਹਕੂਮਤ ਦੇ ਸਿਆਸੀ ਪ੍ਰਭਾਵ ਨੂੰ ਪ੍ਰਵਾਨ ਕਰਦਿਆਂ, ਸਿੱਖ ਲੀਹਾਂ ਨੂੰ ਪਿੱਠ ਦੇ ਕੇ ਰਾਤੋ ਰਾਤ ਗੁਪਤ ਮੀਟਿੰਗ ਰਾਹੀਂ ਫੈਸਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ ਕਰਨ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਸੀ। ਜਿਸ ਨਾਲ ਸਮੁੱਚੀ ਸਿੱਖ ਕੌਮ ਅਤੇ ਆਮ ਮਨੁੱਖਤਾ ਵਿਚ ਬਹੁਤ ਵੱਡੇ ਗੁਸੇ ਦਾ ਵਿਦਰੋਹ ਖੜ੍ਹਾ ਹੋ ਗਿਆ ਸੀ। ਜਿਸ ਦੀ ਬਦੌਲਤ ਸਿੱਖ ਕੌਮ ਦੇ ਮਨ ਅਤੇ ਆਤਮਾ ਵਿਚ ਇਹਨਾਂ ਜਥੇਦਾਰ ਸਾਹਿਬਾਨ , ਬਾਦਲ ਅਤੇ ਮੋਦੀ ਹਕੂਮਤ ਅਤੇ ਐਸਜੀਪੀਸੀ ਦੇ ਪ੍ਰਧਾਨ ਸ਼੍ਰੀ ਮੱਕੜ ਵਿਰੁੱਧ ਇਕ ਤੁਫਾਨ ਖੜ੍ਹਾ ਹੋ ਗਿਆ। ਕੌਮ ਨੇ ਇਸ ਗੈਰ ਸਿਧਾਂਤਕ ਤਰੀਕੇ ਕੀਤੇ ਗਏ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬੇਸ਼ੱਕ ਬਾਦਲ ਹਕੂਮਤ ਸ਼੍ਰੀ ਮੱਕੜ ਅਤੇ ਇਹਨਾਂ ਦੇ ਹਕੂਮਤੀ ਅਤੇ ਐਸਜੀਪੀਸੀ ਦੇ ਅਮਲੇ ਫੈਲੇ ਨੇ ਉਪਰੋਕਤ ਸਿੱਖ ਕੌਮ ਦੇ ਦੋਸ਼ੀ ਸਾਧ ਨੂੰ ਮੁਆਫ ਕਰਨ ਦੇ ਕੀਤੇ ਗਏ ਹੁਕਮਨਾਮੇ ਨੂੰ ਜਾਇਜ਼ ਠੀਹਰਾਉਣ ਦੀ ਬਹੁਤ ਕੋਸਿ਼ਸ਼ ਕੀਤੀ , ਹਕੂਮਤੀ ਤਾਕਤ ਅਤੇ ਐਸਜੀਪੀਸੀ ਦੇ ਸਾਧਨਾਂ ਦੀ ਦੁਰਵਰਤੋਂ ਕਰਕੇ ਗੈਰ ਸਿਧਾਂਤਕ ਕੀਤੇ ਗਏ ਹੁਕਮਨਾਮੇ ਨੂੰ ਸਹੀ ਸਾਬਿਤ ਕਰਨ ਲਈ ਬਹੁਤ ਵਾਹ ਲਗਾਈ। ਪਰ ਜਦੋਂ ਕੌਮ ਇਸ ਗੁਰੁ ਸਾਹਿਬਾਨ ਜੀ ਦੀ ਸੋਚ ਅਤੇ ਸਿਧਾਂਤਾਂ ਤੋਂ ਉਲਟ ਕੀਤੇ ਗਏ ਫੈਸਲੇ ਵਿਰੁੱਧ ਸੜਕਾਂ ‘ਤੇ ਉਤਰ ਆਈ ਤਾਂ ਬਾਦਲ ਹਕੂਮਤ ਨੇ ਆਪਣੇ ਜਾਬਰ ਪੁਲਿਸ ਅਫ਼ਸਰ ਡੀਜੀਪੀ ਸ਼੍ਰੀ ਸੁਮੇਧ ਸੈਣੀ ਦੇ ਰਾਹੀਂ ਸਿੱਖ ਕੌਮ ਉਤੇ ਗੋਲੀਆਂ, ਲਾਠੀਆਂ ਅਤੇ ਹੋਰ ਅਣਮਨੁੱਖੀ ਜੁਲਮ ਤਸ਼ੱਦਦ ਢਾਹੁਣ ਦੀ ਕਾਰਵਾਈ ਰਾਹੀਂ ਜਬਰੀ ਸਿੱਖ ਕੌਮ ਨੂੰ ਆਪਣੇ ਸਰਕਾਰੀ ਹੁਕਮਨਾਮੇ ਨੂੰ ਮਨਾਉਣ ਲਈ ਸਿੱਖਾਂ ਨੂੰ ਸ਼ਹੀਦ ਵੀ ਕੀਤਾ ਪਰ ਸਿੱਖ ਕੌਮ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਅਤੇ ਇਹਨਾਂ ਦੇ ਅਖੌਤੀ ਹੁਕਮਨਾਮਿਆਂ ਨੂੰ ਨਾ ਮੰਨਣ ਲਈ ਉੱਠ ਖੜ੍ਹੀ ਹੋਈ ਤਾਂ ਅੱਜ ਜੋ ਜਥੇਦਾਰ ਸਾਹਿਬਾਨ ਨੇ ਫਿਰ ਤੋਂ ਸਿਆਸਤਦਾਨਾਂ ਦੇ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਜੋ 24 ਸਤੰਬਰ 2015 ਨੂੰ ਸਿਰਸੇ ਵਾਲੇ ਸਾਧ ਨੂੰ ਮੁਆਫ ਕਰਨ ਦਾ ਹੁਕਮਨਾਮਾ ਕੀਤਾ ਗਿਆ ਸੀ, ਉਸ ਨੂੰ ਜੋ ਰੱਦ ਕਰਕੇ ਵਾਪਿਸ ਲੈਸ ਦਾ ਜਥੈਦਾਰ ਸਾਹਿਬਾਨ ਵੱਲੋਂ ਫੈਸਲਾ ਕੀਤਾ ਗਿਆ ਹੈ, ਉਸ ਨੂੰ ਅਸੀਂ “ਦੇਰ ਆਏ ਦਰੁਸਤ ਆਏ” ਦੀ ਪੰਜਾਬੀ ਕਹਾਵਤ ਨਾਲ ਜੋੜਦੇ ਹੋਏ ਸਵਾਗਤ ਵੀ ਕਰਦੇ ਹਾਂ ਅਤੇ ਧੰਨਵਾਦ ਵੀ ਕਰਦੇ ਹਾਂ, ਕਿ ਜਿਹਨਾਂ ਨੇ ਸਿੱਖੀ ਸੋਚ ਅਤੇ ਸਿਧਾਂਤਾਂ ਦੀ ਗੱਲ ਨੂੰ ਮਹਿਸੂਸ ਕਰਦੇ ਹੋਏ ਇਜ ਫੈਸਲਾ ਵਾਪਿਸ ਲੈਣ ਦੇ ਅਮਲ ਕੀਤੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਜਥੇਦਾਰ ਸਾਹਿਬਾਨ ਵੱਲੋਂ ਸਿਰਸੇ ਸਾਧ ਦੇ ਸੰਬੰਧ ਵਿਚ ਕੀਤੇ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਸੀਂ ਅੱਜ ਸਵੇਰੇ ਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਜੋਕੀ ਸਥਿਤੀ ਸੰਬੰਧੀ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਅਮਨਮਈ ਅਤੇ ਜਮਹੂਰੀਅਤ ਤਰੀਕੇ ਰੋਸ ਪ੍ਰਗਟ ਕਰ ਰਹੇ ਸਿੱਖਾਂ ਉਤੇ ਪੰਜਾਬ ਦੀ ਪੁਲਿਸ ਵੱਲੋਂ 500 ਸਿੱਖਾਂ ਅਤੇ 15 ਸਿੱਖ ਧਾਰਮਿਕ ਅਤੇ ਸਿਆਸੀ ਆਗੂਆਂ ਉੱਤੇ ਝੂਠੇ ਕੇਸ ਦਰਜ ਕਰਨ ਸੰਬੰਧੀ ਹੁਕਮਰਾਨਾ ਨੂੰ ਖਬਰਦਾਰ ਕਰਦੇ ਹੋਏ ਕਿਹਾ ਸੀ ਕਿ ਇਹ ਕੇਸ ਤੁਰੰਤ ਵਾਪਿਸ ਲਏ ਜਾਣ , ਵਰਨਾ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਅਗਲੇਰਾ ਫੈਸਲਾ ਕਰਕੇ ਅਗਲਾ ਐਕਸ਼ਨ ਪ੍ਰੌਗਰਾਮ ਉਲੀਕਣ ਲਈ ਮਜਬੂਰ ਹੋਣਾ ਪਵੇਗਾ। ਜੋ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਵਜੀਰ ਸ. ਸੁਖਬੀਰ ਸਿੰਘ ਬਾਦਲ ਨੇ ਸਿੱਖ ਜਥੇਬੰਦੀਆਂ ਦੀ ਨੇਕ ਰਾਇ ਨੂੰ ਪ੍ਰਵਾਨ ਕਰਦੇ ਹੋਏ ਸਮੁੱਚੇ 500 ਸਿੱਖਾਂ ਅਤੇ 15 ਆਗੂਆਂ ਉਤੇ ਦਰਜ ਕੀਤੇ ਗਏ ਝੂਠੇ ਕੇਸ ਵਾਪਿਸ ਕਰਨ ਦੇ ਹੁਕਮ ਕੀਤੇ ਹਨ, ਅਸੀਂ ਊਸਦਾ ਵੀ ਸਮਾਜਿਕ ਅਤੇ ਕੌਮੀ ਫਰਜਾਂ ਦੀ ਨਜਰ ਨਿਗਾਹ ਤੋਂ ਸਵਾਗਤ ਕਰਦੇ ਹਾਂ। ਭਾਵੇਂ ਕਿ ਅਜੇ ਸਿੱਖ ਕੌਮ ਦੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਕੀਤੇ ਗਏ ਅਪਮਾਨ , ਸ਼ਹੀਦ ਕੀਤੇ ਗਏ ਦੋਵੇਂ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਸਿੱਖ ਜਥੇਬੰਦੀਆਂ ਦੇ ਸਪੁਰਦ ਕਰਨ, ਪੰਜਾਬ ਦੇ ਜਾਬਰ ਅਤੇ ਜਾਲਮ ਡੀਜੀਪੀ ਸੁਮੇਧ ਸੈਣੀ ਨੂੰ ਤੁਰੰਤ ਇਸ ਸੰਜੀਦਾ ਆਹੁਦੇ ਤੋਂ ਬਰਖਾਸਤ ਕਰਨ , ਸਿੱਖ ਕੌਮ ਦੇ ਕਾਤਲ ਪੁਲਿਸ ਅਫ਼ਸਰਾਂ ਉਤੇ 302, ਦੀ ਧਾਰਾ ਅਧੀਂਨ ਕਤਲ ਕੇਸ ਦਰਜ ਕਰਨ , ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਸਿਰਸੇ ਵਾਲੇ ਸੌਦੇ ਸਾਧ ਦੇ ਦੋਸ਼ੀ ਚੇਲਿਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜਾਵਾਂ ਦੇਣ ਅਤੇ ਸਿਰਸੇ ਵਾਲੇ ਸੌਦਾ ਸਾਧ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਊਣ ਅਤੇ ਪੰਜਾਬ ਦੇ ਪਿੰਡਾਂ ਦੇ ਗੁਰੁ ਘਰਾਂ ਉਤੇ ਇਸ਼ਤਿਹਾਰ ਛਪਵਾ ਕੇ ਸਿੱਖ ਕੌਮ ਦੀ ਅਣਖ ਨੂੰ ਵੰਗਾਰਨ ਅਤੇ ਪੰਜਾਬ ਦੇ ਅਮਨ ਮਈ ਮਹੌਲ ਨੂੰ ਨਫ਼ਰਤ ਭਰਿਆ ਬਣਾਉਣ ਸੰਬੰਧੀ ਅਗਲੇਰੀ ਕਾਨੂੰਨੀਂ ਕਾਰਵਾਈ ਫੌਰੀ ਕਰਨ ਅਤੇ ਮੌਜੂਦਾ ਤਖਤਾਂ ਦੇ ਜਥੇਦਾਰ ਸਾਹਿਬਾਨ , ਜਿਹਨਾਂ ਵੱਲੋਂ ਬੀਤੇ ਸਮੇਂ ਤੋਂ ਸਿੱਖੀ ਸਿਧਾਂਤਾਂ ਅਨੁਸਾਰ ਜਿੰਮੇਵਾਰੀਆਂ ਨਹੀਂ ਨਿਭਾਈਆਂ ਜਾ ਰਹੀਆਂ ਉਹਨਾ ਨੂੰ ਫਾਰਗ ਕਰਨ ਦੇ ਗੰਭੀਰ ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ। ਜਿਸ ਸੰਬੰਧੀ ਸਿੱਖ ਕੌਮ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਸੰਘਰਸ਼ ਚੱਲ ਰਿਹਾ ਹੈ। ਇਹ ਮਸਲੇ ਖੜ੍ਹੇ ਹੋਣ ਦੇ ਬਾਵਜੂਦ ਵੀ ਅਸੀਂ ਉਪਰੋਕਤ ਹੋਏ ਦੋਵੇਂ ਫੈਸਲਿਆਂ ਦਾ ਜਿਥੇ ਸਵਾਗਤ ਕਰਦੇ ਹਾਂ, ਉਥੇ ਮੌਜੂਦਾ ਐਸਜੀਪੀਸੀ ਦੇ ਪ੍ਰਧਾਨ ਅਤੇ ਬੋਗਸ ਅੰਤਰਿਗ ਕਮੇਟੀ , ਜਿਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਕੋਈ ਵੀ ਵੱਡਾ ਫੈਸਲਾ ਕਰਨ ਜਾਂ ਕੋਈ ਵੱਡਾ ਬਜਟ ਪਾਸ ਕਰਨ ਦਾ ਕੋਈ ਕਾਨੂੰਨੀਂ ਅਧਿਕਾਰ ਨਹੀਂ ਅਤੇ ਇਹ ਪ੍ਰਧਾਨ ਅਤੇ ਕਮੇਟੀ 2004 ਦੀ ਹੋਈ ਚੋਣ ਵਾਲੀ ਨੂੰ ਸਿੱਖ ਕੌਮ ਉਤੇ ਜਬਰੀ ਥੋਪਿਆ ਹੋਇਆ ਹੈ, ਉਸ ਪ੍ਰਧਾਨ ਜਾਂ ਅੰਤਰਿਗ ਕਮੇਟੀ ਨੂੰ ਕੋਈ ਵੀ ਕਾਨੂੰਨੀਂ, ਇਖਲਾਕੀ ਅਤੇ ਧਾਰਮਿਕ ਹੱਕ ਨਹੀਂ ਕਿ ਉਹ ਸਮੁੱਚੇ ਖਾਲਸਾ ਪੰਥ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਸ਼੍ਰੀ ਗੁਰੂਦੁਆਰਾ ਮੰਜੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਖਾਲਸਾ ਪੰਥ ਵੱਲੋਂ 10 ਨਵੰਬਰ 2015 ਨੂੰ ਰੱਖੇ ਗਏ “ਸਰਬੱਤ ਖਾਲਸਾ” ਦੇ ਇਕੱਠ ਨੂੰ ਰੋਕਣ ਲਈ ਗੈਰ ਸਿਧਾਂਤਕ ਅਤੇ ਗੈਰ ਇਖਲਾਕੀ ਤਰੀਕੇ ਬਿਆਨਬਾਜੀ ਕਰਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਖਾਲਸਾ ਪੰਥ ਨੂੰ ਇਹ ਪੂਰਨ ਹੱਕ ਹੈ ਕਿ ਉਹ ਜਿਥੈ ਕਿਤੇ ਵੀ ਚਾਹੁਣ “ਸਰਬੱਤ ਖਾਲਸਾ” ਸੱਦ ਸਕਦੀਆਂ ਹਨ। ਅਸੀਂ ਪੰਜਾਬ ਸੂਬੇ ਅਤੇ ਇਥੋਂ ਦੇ ਨਿਵਾਸੀਆਂ ਦੇ ਅਮਨ ਚੈਨ ਅਤੇ ਜਮਹੂਰੀ ਹੱਕਾਂ ਦੀ ਹਰ ਤਰ੍ਹਾਂ ਰਖਵਾਲੀ ਕਰਨ ਅਤੇ ਉਹਨਾਂ ਦੇ ਚੰਗੇਰੇ ਜੀਵਨ ਲਈ ਗੁਰੁ ਸਾਹਿਬਾਨ ਦੀ ਸੋਚ ਅਤੇ ਸਿਧਾਂਤਾਂ ਅਨੁਸਾਰ ਸਰਗਰਮੀਆਂ ਕਰ ਰਹੇ ਹਾਂ। ਇਸ ਲਈ ਅਸੀਂ ਕੋਈ ਵੀ ਅਜਿਹਾ ਅਮਲ ਨਹੀਂ ਕਰਾਂਗੇ ਜਿਸ ਨਾਲ ਇਥੋਂ ਦਾ ਅਮਨ ਚੈਨ ਅਤੇ ਜਮਹੂਰੀਅਤ ਭੰਗ ਹੋਵੇ। ਲੇਕਿਨ ਸਾਨੂੰ ਕੋਈ ਵੀ ਅਖੌਤੀ ਧਾਰਮਿਕ ਪ੍ਰਧਾਨ ਜਾਂ ਸਿਆਸੀ ਮੁੱਖ ਆਹੁਦੇ ‘ਤੇ ਬੈਠਣ ਵਾਲੇ ਲੋਕ ਸਾਡੀ ਇੱਛਾ ਅਨੁਸਾਰ ਸਰਬੱਤ ਖਾਲਸਾ ਕਰਨ ਤੋਂ ਕਤਈ ਨਹੀਂ ਰੋਕ ਸਕਣਗੇ। ਇਹ ਫੈਸਲਾ ਸਮੁੱਚੀਆਂ ਸਿੱਖ ਜਥੇਬੰਦੀਆਂ ਦੀ ਸਰਬ ਸੰਮਤੀ ਨਾਲ ਹੋਣਾ ਹੈ ਕਿ ਸਰਬੱਤ ਖਾਲਸਾ ਮੰਜੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਕੀਤਾ ਜਾਵੇ ਜਾਂ ਕਿਸੇ ਹੋਰ ਸਥਾਨ ‘ਤੇ। ਜਦੋਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਸਮੇਂ ਅਤੇ ਸਥਾਨ ਦਾ ਫੈਸਲਾ ਹੋ ਗਿਆ , ਤਾਂ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਉਸ ਸਥਾਨ ਅਤੇ ਉਸ ਸਮੇਂ ਊਤੇ ਸਰਬੱਤ ਖਾਲਸਾ ਕਰਨ ਤੋਂ ਨਹੀਂ ਰੋਕ ਸਕੇਗੀ।
ਸ. ਮਾਨ ਨੇ ਕੌਮਾਂਤਰੀ ਅਤੇ ਹਿੰਦ ਦੇ ਕਾਨੂੰਨੀ ਨਜਰੀਏ ਤੋਂ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਹਿੰਦ ਦੀ ਸੁਪਰੀਮ ਕੋਰਟ, ਜੋ ਹਿੰਦੋਸਤਾਨੀਆਂ ਵਿਚ ਇਨਸਾਫ ਦਾ ਮੰਦਰ ਕਹਾਉਂਦੀ ਹੈ, ਉਸ ਨੂੰ ਕਾਨੂੰਨੀਂ ਅਤੇ ਇਨਸਾਫ਼ ਦੇ ਨਜਰੀਏ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਜੋ 2004 ਵਾਲੀ ਐਸਜੀਪੀਸੀ ਦੀ ਹੋਈ ਜਰਨਲ ਚੋਣ ਰਾਹੀਂ ਪ੍ਰਧਾਨ ਅਤੇ ਅੰਤਰਿਗ ਕਮੇਟੀ ਬਣੀ ਸੀ, ਉਸ ਉਪਰੰਤ 2011 ਵਿਚ ਐਸਜੀਪੀਸੀ ਦੀ ਹੋਈ ਚਣਿ ਰਾਹੀਂ ਚੁਣੇ ਗਏ ਮੈਂਬਰਾਂ ਦਾ ਕੋਈ ਵੀ ਕਾਨੂੰਨੀਂ ਇਜਲਾਸ ਹੋਣ ਜਾਂ ਉਸ ਨੂੰ ਕਾਨੂੰਨੀਂ ਮਾਨਤਾ ਨਾ ਮਿਲਣ ਦੀ ਬਦੌਲਤ ਸਿੱਖ ਕੌਮ ਉਤੇ 2004 ਵਾਲੀ ਜਬਰੀ ਠੋਸੇ ਗਏ ਪ੍ਰਧਾਨ ਅਤੇ ਬੋਗਸ ਅੰਤਰਿਗ ਕਮੇਟੀ ਦੇ ਸਿੱਖ ਕੌਮ ਵਿਰੋਧੀ ਫੈਸਲਿਆਂ ਨਮੂ ਰੱਦ ਕਰਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਜਲਦੀ ਅਤੇ ਸੀਮਿਤ ਸਮੇਂ ਵਿਚ ਜਰਨਲ ਚੋਣਾਂ ਕਰਾਉਣ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਜਮਹੂਰੀਅਤ ਤਰੀਕੇ ਆਪਣੀ ਧਾਰਮਿਕ ਸਿੱਖ ਪਾਰਲੀਮੈਂਟ ਦੀ ਵਿਧੀ ਵਿਧਾਨ ਅਤੇ ਕਾਰਜ ਕਰਨ ਦਾ ਪ੍ਰਬੰਧ ਕੀਤਾ ਜਾਵੇ। ਹਿੰਦੂਤਵ ਹੁਕਮਰਾਨਾ ਦੇ ਪ੍ਰਭਾਵ ਨੂੰ ਕਬੂਲ ਕੇ ਗੁਲਾਮ ਬਣੇ ਐਸਜੀਪੀਸੀ ਦੇ ਪ੍ਰਧਾਨ ਅਤੇ ਬੋਗਸ ਅੰਤਰਿਗ ਕਮੇਟੀ ਦਾ ਖਾਤਮਾ ਕੀਤਾ ਜਾਵੇ ਅਤੇ ਸਿੱਖ ਕੌਮ ਦੀ ਇਤਿਹਾਸਿਕ ਮਹਾਨ ਰਵਾਇਤ “ਸਰਬੱਤ ਖਾਲਸਾ” ਜੋ ਸਮੁੱਚੀਆਂ ਸਿੱਖ ਜਥੇਬੰਦੀਆਂ 10 ਨਵੰਬਰ ਨੂੰ ਕਰਨ ਜਾ ਰਹੀਆਂ ਹਨ, ਉਸ ਅਨੁਸਾਰ ਕੌਮ ਦੇ ਹੋਏ ਸਰਬ ਸੰਮਤੀ ਦੇ ਫੈਸਲਿਆਂ ਅਨੁਸਾਰ ਸਿੱਖ ਕੌਮ ਨੂੰ ਆਜਾਦਾਨਾਂ ਆਪਣੀਆਂ ਧਾਰਮਿਕ ਮਰਿਆਦਾਵਾਂ ਅਨੁਸਾਰ ਚੱਲਣ ਦਿੱਤਾ ਜਾਵੇ। ਇਹੋ ਹੀ ਇਕ ਸਿੱਖ ਕੌਮ ਦੇ ਜਖਮੀਂ ਮਨਾਂ ਨੂੰ ਸਹੀ ਤਰੀਕੇ ਮੱਲ੍ਹਮ ਲਗਾਉਣ ਅਤੇ ਸ਼ਾਂਤ ਕਰਨ ਦਾ ਸਮਾਜਿਕ, ਇਖਲਾਕੀ ਅਤੇ ਕਾਨੂੰਨੀਂ ਸਹੀ ਦਿਸ਼ਾ ਵਾਲਾ ਹੈ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਸਰਬੱਤ ਖਾਲਸਾ ਹੋਣ ਤੱਕ ਕੰਮ ਕਰਨ ਵਾਲੇ ਜਥੇਦਾਰ ਸਾਹਿਬਾਨ , ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਵਜੀਰ ਸੁਖਬੀਰ ਸਿੰਘ ਬਾਦਲ ਅਤੇ ਗੈਰ ਕਾਨੂੰਨੂ ਤਰੀਕੇ ਲਿਫਾਫਿਆਂ ਵਿੱਚੋਂ ਨਿਕਲੇ ਜਬਰੀ ਐਸਜੀਪੀਸੀ ਦੇ ਚੱਲਦੇ ਆਏ ਪ੍ਰਧਾਨ ਸ਼੍ਰੀ ਮੱਕੜ ਸਿੱਖ ਕੌਮ ਅਤੇ ਖਾਲਸਾ ਪੰਥ ਦੇ ਸਿਧਾਂਤਕ ਅਤੇ ਕੁਰਬਾਨੀਾਂ ਭਰੇ ਰਾਹ ਵਿਚ ਕਿਸੇ ਤਰ੍ਹਾਂ ਦੀਆਂ ਰੁਕਾਵਟਾਂ ਪਾ ਕੇ ਪੰਜਾਬ ਦੇ ਅਮਨ ਮਈ ਮਹੌਲ ਨੂੰ ਨਾ ਤਾਂ ਵਿਸਫੋਟਕ ਬਣਾਉਣਗੇ ਅਤੇ ਨਾ ਹੀ ਸਿੱਖ ਕੌਮ ਨੂੰ ਜਬਰੀ ਸੜਕਾਂ ‘ਤੇ ਆਊਣ ਅਤੇ ਅਜਾਈਂ ਸ਼ਹੀਦੀਆਂ ਦੇਣ ਲਈ ਮਜਬੂਰ ਕਰਨਗੇ। ਇਸੇ ਵਿਚ ਖਾਲਸਾ ਪੰਥ, ਪੰਜਾਬ ਦੇ ਸਿਆਸੀ ਆਗੂਆਂ ਅਤੇ ਹਿੰਦ ਦੇ ਅਮਨ ਚੈਨ ਅਤੇ ਜਮਹੂਰੀਅਤ ਦਾ ਰਾਜ ਛੁਪਿਆ ਹੋਇਆ ਹੈ।