ਫਤਿਹਗੜ੍ਹ ਸਾਹਿਬ – “ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ ਦੇ ਮਹਾਂਵਾਕ ਅਨੁਸਾਰ ਸਿੱਖ ਕੌਮ ਉਤੇ ਜਦੋਂ ਵੀ ਕਿਸੇ ਜਾਬਰ ਹੁਕਮਰਾਨ, ਫੌਜੀ ਅਤੇ ਨਿਜਾਮੀ ਸ਼ਕਤੀ ਦੀ ਦੁਰਵਰਤੋਂ ਕਰਕੇ ਜਬਰ ਜੁਲਮ ਹੋਏ ਹਨ, ਸਿੱਖ ਕੌਮ ਨੇ ਹਰ ਜਬਰ ਜੁਲਮ ਦਾ ਡੱਟ ਕੇ ਸਮਾਜਿਕ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਮੁਕਾਬਲਾ ਵੀ ਕੀਤਾਂ ਅਤੇ ਸਮੇਂ ਦੇ ਜਾਬਰ ਅਤੇ ਜਰਵਾਣਿਆਂ ਨੂੰ ਕਰਾਰੀ ਹਾਰ ਵੀ ਦਿੱਤੀ। ਭਾਵੇਂ ਕਿ ਉਹ ਜਾਬਰ ਹੁਕਮਰਾਨ ਕਿੰਨਾਂ ਵੀ ਤਾਕਤਵਰ ਕਿਉਂ ਨਾ ਹੋਵੇ। ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ, ਗੁਰੁ ਸਾਹਿਬਾਨ, ਸਿੱਖੀ ਸਿਧਾਂਤਾਂ ਅਤੇ ਮਰਿਆਦਾਵਾਂ ਦਾ ਕੋਈ ਵੀ ਜਾਗਦੀ ਜਮੀਰ ਵਾਲਾ ਸਿੱਖ ਅਪਮਾਨ ਸਹਿਨ ਹੀ ਨਹੀਂ ਕਰ ਸਕਦਾ। ਇਹੀ ਵਜ੍ਹਾ ਹੈ ਕਿ ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਬੀਤੇ ਦਿਨੀਂ ਬਰਨਾਲਾ ਵਿਖੇ ਹੋਈ ਇਕੱਤਰਤਾ ਦੇ ਪੰਜਾਬ ਬੰਦ ਦੇ ਹੋਏ ਫੈਸਲੇ ਨੂੰ ਕਾਮਯਾਬ ਕਰਨ ਲਈ ਹਰ ਸਿੱਖ ਸੜਕਾਂ ‘ਤੇ ਆ ਕੇ ਮੌਜੂਦਾ ਬਾਦਲ ਸਰਕਾਰ, ਮੁਤੱਸਵੀ ਸੈਂਟਰ ਦੀ ਮੋਦੀ ਸਰਕਾਰ ਅਤੇ ਸਿਰਸੇ ਵਾਲੇ ਸਾਧ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਖੁੱਲ੍ਹ ਕੇ ਚੁਨੌਤੀ ਦੇ ਰਿਹਾ ਸੀ ਕਿ ਸਿੱਖਾਂ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਨਾ ਤਾਂ ਬਖਸਿ਼ਆ ਜਾਵੇਗਾ ਅਤੇ ਨਾ ਹੀ ਸਰਕਾਰ ਦੇ ਜਬਰ ਜੁਲਮ ਸਾਡੇ ਬੁਲੰਦ ਹੌਂਸਲਿਆਂ ਅਤੇ ਇਰਾਦਿਆਂ ਵਿਚ ਰੁਕਾਵਟ ਪਾਉਣ ਵਿਚ ਕਾਮਯਾਬ ਹੋ ਸਕਣਗੇ। ਇਹ ਗੱਲ ਪੰਜਾਬ ਵਿਚ ਮੁਕੰਮਲ ਚੱਕਾ ਜਾਮ ਹੋਣ ਤੋਂ ਸਪੱਸ਼ਟ ਰੂਪ ਵਿਚ ਸਾਹਮਣੇ ਆ ਚੁੱਕੀ ਹੈ। ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਜਿਥੇ ਬਾਦਲਾਂ , ਸੈਣੀ ਪੁਲਿਸ ਅਤੇ ਸਿਰਸੇ ਵਾਲੇ ਸਾਧ ਦੀ ਹਰ ਚੁਨੌਤੀ ਨੂੰ ਪ੍ਰਵਾਨ ਕਰਦੀ ਹੈ, ਉਥੇ ਇਹਨਾਂ ਸਿੱਖ ਵਿਰੋਧੀ ਤਾਕਤਾਂ ਨੂੰ ਖਬਰਦਾਰ ਵੀ ਕਰਦੀ ਹੈ ਕਿ ਹੁਣ ਉਹ ਕਿੰਨਾ ਵੀ ਵੱਡੇ ਤੋਂ ਵੱਡਾ ਸਿੱਖ ਕੌਮ ਨਾਲ ਜਬਰ ਜੁਲਮ ਕਰ ਲੈਣ ਲੇਕਿਨ ਸਿੱਖ ਕੌਮ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ, ਗੁਰੁ ਸਾਹਿਬਾਨ, ਸਿੱਖੀ ਸਿਧਾਂਤਾਂ ਅਤੇ ਮਰਿਆਦਾਵਾਂ ਦਾ ਅਪਮਾਨ ਕਤਈ ਸਹਿਨ ਨਹੀਂ ਕਰੇਗੀ ਅਤੇ ਉਹਨਾਂ ਤਾਕਤਾਂ ਵੱਲੋਂ ਕੀਤੇ ਜਾਣ ਵਾਲੇ ਜਬਰ ਜੁਲਮ ਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਊਪਰੋਕਤ ਤਿੰਨੇ ਜਾਬਰ ਵਰਗ ਜਿੰਮੇਵਾਰ ਹੋਣਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਵਿਚ ਵੱਸਣ ਵਾਲੇ ਸਮੁੱਚੇ ਹਿੰਦੂ-ਮੁਸਲਿਮ ਵੀਰਾਂ, ਪੰਜਾਬੀਆਂ, ਸਿੱਖ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਦਾ ਚੱਕਾ ਜਾਮ ਕਰਨ ‘ਤੇ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਅਤੇ ਪੰਜਾਬ ਦੀ ਬਾਦਲ , ਸੈਂਟਰ ਦੀ ਮੋਦੀ ਅਤੇ ਸਿਰਸੇ ਵਰਗੇ ਅਖੌਤੀ ਸਾਧਾਂ ਦੀਆਂ ਸਿੱਖ ਵਿਰੋਧੀ ਸਾਜਿਸ਼ਾਂ ਨੂੰ ਚੁਨੌਤੀ ਦਿੰਦੇ ਹੋਏ ਪ੍ਰਗਟ ਕੀਤੇ। ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਜੋ ਹੋਈ ਮੀਟਿੰਗ ਉਪਰੰਤ ਸਮੁੱਚੇ ਐਸਜੀਪੀਸੀ ਮੈਂਬਰਾਂ , ਐਮਐਲਏਜ਼ ਅਤੇ ਹੋਰ ਆਹੁਦਾਰਾਂ ਨੂੰ ਜੋ ਜਾਗਦੀ ਜਮੀਰ ਦੇ ਨਾਮ ‘ਤੇ ਅਸਤੀਫੇ ਦੇਣ ਦੀ ਅਪੀਲ ਕੀਤੀ ਗਈ ਸੀ, ਉਸ ਨੂੰ ਪ੍ਰਵਾਨ ਕਰਦੇ ਹੋਏ ਜਥੇਦਾਰ ਗੁਰਪਾਲ ਸਿੰਘ ਗੋਰਾ,ਬੀਬੀ ਜਸਪਾਲ ਕੌਰ, ਜਗਜੀਤ ਸਿੰਘ ਖਾਲਸਾ, ਜਸਵੰਤ ਸਿੰਘ ਪੁੜੈਣ, ਬਾਬਾ ਅਵਤਾਰ ਸਿੰਘ ਘੜਿਆਲੇ ਵਾਲੇ, ਭਾਈ ਜਗਤਾਰ ਸਿੰਘ ਰੋਡੇ , ਭਾਈ ਸੁੱਖ ਹਰਪ੍ਰੀਤ ਸਿੰਘ ਰੋਡੇ, ਸੁਖਜੀਤ ਸਿੰਘ ਲੋਹਗੜ੍ਹ, (ਸਮੁੱਚੇ ਐਸਜੀਪੀਸੀ ਮੈਂਬਰ) ਅਤੇ ਫਰੀਦਕੋਰ ਜਿ਼ਲ੍ਹੇ ਪਿੰਡ ਕੋਠੇਗੱਜਣਵਾਲੇ ਅਤੇ ਢਿੱਲਵਾਂ ਦੀ ਪੰਚਾਇਤ ਨੇ ਰੋਸ ਵੱਜੋਂ ਅਸਤੀਫੇ ਦੇ ਕੇ ਬਾਦਲ ਦੀ ਮਰੀ ਹੋਈ ਜਮੀਰ ਨੂੰ ਲਾਹਨਤਾਂ ਪਾਈਆਂ ਹਨ, ਉਸ ਲਈ ਸ. ਮਾਨ ਨੇ ਇਹਨਾਂ ਸਭਨਾਂ ਦਾ ਧੰਨਵਾਦ ਕਰਦੇ ਹੋਏ ਬਾਕੀ ਮੈਂਬਰਾਂ ਅਤੇ ਆਹੁਦੇਦਾਰਾਂ ਨੂੰ ਵੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਇਹਨਾਂ ਤੁੱਛ ਆਹੁਦਿਆਂ ਤੋਂ ਅਸਤੀਫੇ ਦੇਣ ਦੀ ਅਪੀਲ ਵੀ ਕੀਤੀ। ਸ.ਮਾਨ ਆਪਣੇ ਖਿਆਲਾਤਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਇਹ ਜੋ ਕੁਝ ਵੀ ਪੰਜਾਬ ਸੂਬੇ ਦੇ ਨਿਵਾਸੀਆਂ, ਜਿੰਮੀਦਾਰਾਂ, ਮੁਲਾਜਮ ਵਰਗ ਨਾਲ ਬੇਇਨਸਾਫੀਆਂ ਹੋ ਰਹੀਆਂ ਹਨ, ਉਸ ਪਿੱਛੇ ਹਿੰਦੂਤਵ ਮੁਤੱਸਵੀਆਂ ਦੇ ਸਾਜਿਸ਼ੀ ਦਿਮਾਗ ਕੰਮ ਕਰਦੇ ਹਨ ਅਤੇ ਸ. ਬਾਦਲ ਅਤੇ ਸ. ਮੱਕੜ ਆਦਿ ਵਰਗੇ ਉਹਨਾਂ ਤਾਕਤਾਂ ਦੇ ਗੁਲਾਮ ਬਣੇ ਲੋਕ, ਇਹਨਾਂ ਸਾਜਿਸ਼ਾਂ ਨੂੰ ਪੂਰਨ ਕਰਨ ਵਿਚ ਸਹਿਯੋਗ ਦੇ ਕੇ ਆਪਣੀ ਅਣਖ ਅਤੇ ਗੈਰਤ ਨੂੰ ਮਿੱਟੀ ਵਿਚ ਰੋਲ ਰਹੇ ਹਨ। ਜਿਸ ਦੇ ਮਾਰੂ ਨਤੀਜਿਆਂ ਲਈ ਇਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਸਿੱਖ ਕੌਮ ਆਪਣੀ ਪੁਰਾਤਨ ਗੁਰੁ ਸਾਹਿਬਾਨ ਵੱਲੋਂ ਅਤੇ ਚੜ੍ਹਦੀ ਕਲਾ ਦੇ ਸਿੱਖਾਂ ਵੱਲੋਂ ਸ਼ੁਰੂ ਕੀਤੀ ਗਈ “ਸਰਬੱਤ ਖਾਲਸਾ” ਦੀ ਮਹਾਨ ਰਵਾਇਤ ਨੂੰ ਫਿਰ ਤੋਂ ਉਜਾਗਰ ਕਰਨ ਲਈ 10 ਨਵੰਬਰ ਨੂੰ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋ ਕੇ ਸਰਬ ਸੰਮਤੀ ਦੇ ਕੌਮੀ ਫੈਸਲੇ ਕਰਨ ਜਾ ਰਹੀ ਹੈ। ਜਿਸ ਤੋਂ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਬੁਖਲਾਹਟ ਵਿਚ ਆ ਕੇ ਖੁਦ ਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ, ਗੁਰੁ ਸਾਹਿਬਾਨ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਦੇ ਮਨਸੂਬਿਆਂ ‘ਤੇ ਇਸ ਲਈ ਕੰਮ ਕਰ ਰਹੀ ਹੈ, ਤਾਂ ਕਿ ਸਮੁੱਚੀ ਸਿੱਖ ਕੌਮ ਦੀ “ਸਰਬੱਤ ਖਾਲਸਾ” ਨਾਲ ਜੁੜ ਚੁੱਕੀ ਭਾਵਨਾ ਦੇ ਹੋਣ ਵਾਲੇ ਕੌਮ ਪੱਖੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਸਿੱਖ ਕੌਮ ਦੀ ਸੋਚ ਦੇ ਕੇਂਦਰ ਬਿੰਦੂ ਤੋਂ ਥਿੜਕਇਆ ਜਾ ਸਕੇ ਅਤੇ ਇਹਨਾਂ ਸਿੱਖ ਕੌਮ ਨਾਲ ਸੰਬੰਧਤ ਜਜ਼ਬਾਤੀ ਮੁੱਦਿਆਂ ਵਿਚ ਉਲਝਾ ਕੇ ਧਰਨਿਆਂ , ਰੋਸ ਰੈਲੀਆਂ ਆਦਿ ਵਿਚ ਸਿੱਖ ਸ਼ਕਤੀ ਨੂੰ ਘੇਰ ਕੇ “ਸਰਬੱਤ ਖਾਲਸਾ”ਦੇ ਮੁੱਖ ਕੌਮੀ ਮੁੱਦੇ ਤੋਂ ਦੂਰ ਕੀਤਾ ਜਾ ਸਕੇ। ਇਸ ਲਈ ਮੇਰੀ ਸਮੁੱਚੀ ਸਿੱਖ ਕੌਮ , ਸਮੁੱਚੀਆਂ ਸਤਿਕਾਰਯੋਗ ਸਿੱਖ ਜਥੇਬੰਦੀਆਂ, ਵਿਦਾਵਾਨਾ, ਰਾਗੀਆਂ, ਕਥਾ ਵਾਚਕਾਂ, ਸਮੁੱਚੀਆਂ ਟਕਸਾਲਾਂ, ਫੈਡਰੇਸ਼ਨਾਂ ਅਤੇ ਸੰਸਾਰ ਪੱਧਰ ਦੇ ਬਾਹਰਲੇ ਮੁਲਕਾਂ ਵਿਚ ਕੰਮ ਕਰ ਰਹੇ ਸਿੱਖ ਸੰਗਠਨਾਂ ਅਤੇ ਸਿੱਖਾਂ ਨੂੰ ਇਹ ਗੰਭੀਰ ਅਪੀਲ ਹੈ ਕਿ ਜਿਥੇ ਉਹ ਹਕੂਮਤੀ ਸਾਜਿਸਾਂ ਦਾ ਇਸੇ ਤਰ੍ਹਾਂ ਹਜਾਰਾਂ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਜਮਹੂਰੀਅਤ ਅਤੇ ਅਮਨਮਈ ਤਰੀਕੇ ਵਿਰੋਧ ਕਰਨ ਦੀਆਂ ਜਿੰਮੇਵਾਰੀਆਂ ਨਿਭਾਅ ਰਹੇ ਹਨ, ਉਥੇ ਉਹ ਸਰਬੱਤ ਖਾਲਸਾ ਦੇ ਮੁੱਖ ਕੌਮੀ ਏਜੰਡੇ ਉਤੇ ਕੇਂਦਰਿਤ ਰਹਿੰਦੇ ਹੋਏ ਜਿਥੇ ਕਿਤੇ ਵੀ ਊਹ ਵਿਚਰਦੇ ਹਨ, 10 ਨਵੰਬਰ ਦੇ ਉਪਰੋਕਤ ਸਰਬੱਤ ਖਾਲਸਾ ਦੇ ਇਕੱਠ ਵਿਚ ਹਰ ਪਿੰਡ, ਸ਼ਹਿਰ ਅਤੇ ਘਰ ਗਲੀ ਦੇ ਗੁਰਸਿੱਖਾਂ ਨੂੰ ਸਰਬੱਤ ਖਾਲਸਾ ਦੇ ਕੌਮੀ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਦੀਆਂ ਜਿੰਮੇਵਾਰੀਆਂ ਵੀ ਨਿਭਾਉਣ। ਤਾਂ ਕਿ ਅਸੀਂ ਕੌਮ ਦੀ ਅਸੀਮਿਤ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਯੋਗ ਵਰਤੋਂ ਕਰਕੇ ਸਿੱਖੀ ਸੋਚ ਅਤੇ ਸਿਧਾਂਤਾਂ ਅਨੁਸਾਰ ਸਰਬ ਸੰਮਤੀ ਨਾਲ ਫੈਸਲੇ ਲੈਂਦੇ ਹੋਏ ਹਕੂਮਤੀ ਸਾਜਿ਼ਸਾਂ ਦਾ ਨਾਸ਼ ਕਰਦੇ ਹੋਏ ਆਪਣੀ ਕੌਮ ਨੂੰ ਸਹੀ ਅਗਵਾਈ ਵੀ ਦੇ ਸਕੀਏ ਅਤੇ ਸਿੱਖੀ ਮਰਿਆਦਾਵਾਂ ਅਤੇ ਸਿਧਾਂਤਾਂ ਨੂੰ ਸੰਸਾਰ ਪੱਧਰ ‘ਤੇ ਕਾਇਮ ਰੱਖ ਸਕੀਏ।
ਸ. ਮਾਨ ਨੇ ਕੌਮੀ ਸੰਘਰਸ਼ ਦੌਰਾਨ ਅਤੇ ਬੀਤੇ ਕੱਲ੍ਹ ਸ਼ਹੀਦ ਹੋਏ ਸਮੁੱਚੇ ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਬਾਦਲ ਹਕੂਮਤ ਅਤੇ ਸੈਣੀ ਦੀ ਪੁਲਿਸ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਅਤੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੀਆਂ ਮ੍ਰਿਤਕ ਦੇਹਾਂ ਤੁਰੰਤ ਸਿੱਖ ਕੌਮ ਦੇ ਹਵਾਲੇ ਕਰੇ ਤਾਂ ਕਿ ਸਿੱਖ ਕੌਮ ਗੁਰੁ ਮਰਿਆਦਾਵਾਂ ਅਨੁਸਾਰ ਆਪਣੇ ਇਹਨਾਂ ਦੋਵੇਂ ਸ਼ਹੀਦਾਂ ਦਾ ਸਸਕਾਰ ਕਰ ਸਕੇ। ਸ. ਮਾਨ ਨੇ ਸ਼ੰਕਾ ਜਾਹਰ ਕਰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿਚ ਹੁਕਮਰਾਨਾ ਨੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰ੍ਹਾ ਸਿੰਘ ਅਤੇ ਬਲਿਊ ਸਟਾਰ ਦੇ ਸਮੇਂ ਢਾਈ ਤਿੰਨ ਸੌ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਣ ਵਾਲੇ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਸਿੱਖ ਕੌਮ ਨੂੰ ਨਾ ਦੇ ਕੇ ਡੂੰਘੇ ਜਖ਼ਮ ਦਿੱਤੇ ਹਨ। ਸਾਨੂੰ ਅੱਜ ਤੱਕ ਨਹੀਂ ਪਤਾ ਕਿ ਉਪਰੋਕਤ ਸਮੁੱਚੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਕਿਹੜੀ ਨਹਿਰ ਵਿਚ ਰੋੜ੍ਹੀਆਂ ਹਨ, ਕਿਥੇ ਸਸਕਾਰ ਕੀਤਾ ਹੈ, ਕਿੱਥੇ ਊਹਨਾਂ ਦੇ ਫੁੱਲ ਤਾਰੇ ਹਨ ਅਤੇ ਕਿੱਥੇ ਊਹਨਾਂ ਦੇ ਭੋਗ ਰਸਮ ਦੀਆਂ ਅਰਦਾਸਾਂ ਹੋਈਆਂ ਹਨ। ਹਿੰਦ ਹਕੂਮਤ ਦੀ ਇਹ ਕਾਰਵਾਈ “ਜੰਗੀ ਅਪਰਾਧੀਆਂ” ਨਾਲ ਸਬੰਧਤ ਕੌਮਾਂਤਰੀ ਨਿਯਮਾਂ ਅਤੇ ਕਾਨੂੰਨਾਂ ਦੀ ਤਾਂ ਘੋਰ ਉਲੰਘਣਾ ਹੀ ਹੈ, ਲੇਕਿਨ ਹਿੰਦ ਹਕੂਤਮ ਨੇ ਅਜਿਹੀ ਕਾਰਵਾਈ ਕਰਕੇ ਇਨਸਾਨੀਅਤ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਵੀ ਜਨਾਜਾ ਕੱਢਿਆ ਹੈ। ਜੇਕਰ ਉਪਰੋਕਤ ਕੋਟਕਪੂਰੇ ਵਿਖੇ ਬੀਤੇ ਦਿਨੀਂ ਦੋਵੇਂ ਹੋਏ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਵੀ ਹਿੰਦੂਤਵ ਸੋਚ ਅਧੀਨ ਸਿੱਖ ਕੌਮ ਦੇ ਸਪੁਰਦ ਨਾ ਕੀਤੀਆਂ ਤਾਂ ਸਮੁੱਚੀਆਂ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਦੇ ਹੋਏ ਮ੍ਰਿਤਕ ਦੇਹਾਂ ਪ੍ਰਾਪਤ ਕਰਨ ਲਈ ਅਗਲਾ ਕੌਮੀ ਪ੍ਰੋਗਰਾਮ ਉਲੀਕਿਆ ਜਾਵੇਗਾ। ਸ.ਮਾਨ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕਰਨ ਅਤੇ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਗੁਰੁ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਅਤੇ ਸਿੱਖਾਂ ਦੇ ਕੀਤੇ ਗਏ ਕਤਲ ਵਿਰੁੱਧ ਰੋਸ ਕਰ ਰਹੇ 15 ਸਿੱਖ ਆਗੂਆਂ ਅਤੇ 500 ਦੇ ਕਰੀਬ ਆਗੂਆਂ ਦੇ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਉਪਰੋਕਤ ਸਿੱਖ ਆਗੂਆਂ ਅਤੇ ਸਿੱਖਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ। ਸ. ਮਾਨ ਨੇ ਸਰਕਾਰ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਖਾਲਸਾ ਪੰਥ ਨੇ ਇਕ ਦਿਨ ਦਾ ਬੰਦ ਦਾ ਸੱਦਾ ਦਿੱਤਾ ਸੀ ਜਿਸ ਨੂੰ ਸਿੱਖ ਕੌਮ, ਹਿੰਦੂ –ਮੁਸਲਿਮ-ਇਸਾਈ ਵੀਰਾਂ ਨੇ ਆਪਣੀ ਇੱਛਾ ਨਾਲ ਕਾਮਯਾਬ ਕੀਤਾ ਹੈ ਅਤੇ ਇਥੋਂ ਦੇ ਨਿਵਾਸੀਆਂ ਵਿਚ ਇੰਨਾ ਵੱਡਾ ਰੋਹ ਹੈ ਕਿ ਉਹ ਆਪਣੇ ਤੌਰ ‘ਤੇ ਹੀ ਅੱਜ ਵੀ ਪੰਜਾਬ ਦੇ ਕਈ ਸਥਾਨਾਂ, ਸੜਕਾਂ ਉਤੇ ਹਜਾਰਾ ਦੀ ਗਿਣਤੀ ਵਿਚ ਇਕੱਠੇ ਹੋ ਕੇ ਰੋਸ ਪ੍ਰਗਟ ਕਰ ਰਹੇ ਹਨ। ਜਿਸ ਤੋਂ ਸਰਕਾਰ ਨੂੰ ਖੁਦ ਬਾ ਖੁਦ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਸਿੱਖ ਕੌਮ ਨੂੰ ਇਨਸਾਫ਼ ਨਾ ਦਿੱਤਾ ਤਾਂ ਇੱਥੋਂ ਦੇ ਨਿਵਾਸੀ ਅਤੇ ਸਿੱਖ ਕੌਮ ਅਜਿਹੇ ਪ੍ਰੌਗਰਾਮ ਕਰਨ ਤੋਂ ਨਹੀਂ ਝਿਜਕੇਗੀ। ਇਸ ਲਈ ਪੰਜਾਬ ਦੀ ਬਾਦਲ ਹਕੂਮਤ ਅਤੇ ਸੈਂਟਰ ਦੀ ਮੋਦੀ ਹਕੂਮਤ ਲਈ ਇਹ ਜਰੂਰੀ ਹੈ ਕਿ ਊਹ ਸ਼੍ਰੀ ਗਰੁੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲਿਆਂ (ਜਿਹਨਾਂ ਦੀ ਹਕੂਮਤ ਨੂੰ ਜਾਣਕਾਰੀ ਹੈ) , ਉਹਨਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਧਾਰਾ 295 ਅਧੀਨ ਕਾਰਵਾਈ ਕਰੇ ਅਤੇ ਜੇਲ੍ਹਾਂ ਵਿਚ ਲੰਮੇ ਲੰਮੇ ਸਮੇਂ ਤੋਂ ਗੈਰ ਕਾਨੂੰਨੀਂ ਤਰੀਕੇ ਬੰਦੀ ਬਣਾਏ ਗਏ ਅਤੇ ਬੀਤੇ ਦੋ ਦਿਨਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਆਗੂਆਂ ਅਤੇ ਸਿੱਖਾਂ ਨੂੰ ਫੌਰੀ ਰਿਹਾਅ ਕਰਕੇ ਮਹੌਲ ਨੂੰ ਸ਼ਾਂਤ ਕਰੇ ਅਤੇ ਅੱਗੋਂ ਲਈ ਅਜਿਹਾ ਪ੍ਰਬੰਧ ਕਰੇ ਕਿ ਕੋਈ ਵੀ ਸਿਰਫਿਰਿਆ ਜਾਂ ਸਿਰਸੇ ਵਾਲੇ ਸਾਧ ਦੇ ਚੇਲੇ ਮੰਦਭਾਵਨਾ ਅਧੀਨ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਪੰਜਾਬ ਅਤੇ ਹਿੰਦ ਦੇ ਮਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਕਾਰਵਾਈ ਨਾ ਕਰ ਸਕੇ। ਸਿੱਖ ਕੌਮ ਦੇ ਉਪਰੋਕਤ ਦੋਵੇਂ ਸ਼ਹੀਦ ਸਿੰਘਾਂ ਦੀ ਭੋਗ ਰਸਮ ‘ਤੇ ਹਰ ਸਿੱਖ ਅਰਦਾਸ ਵਿਚ ਸ਼ਾਮਿਲ ਹੋਵੇ।