ਵਾਸ਼ਿੰਗਟਨ – ਸਾਬਕਾ ਵਿਦੇਸ਼ ਮੰਤਰੀ ਅਤੇ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਅਫ਼ਗਾਨਿਸਤਾਨ ਵਿੱਚ ਯੂਐਸ ਫੋਰਸ ਦੇ ਹੋਰ ਸਮਾਂ ਉਥੇ ਟਿਕੇ ਰਹਿਣ ਦੇ ਰਾਸ਼ਟਰਪਤੀ ਓਬਾਮਾ ਦੇ ਫੈਂਸਲੇ ਨੂੰ ਸਹੀ ਠਹਿਰਾਇਆ ਹੈ। ਹਿਲਰੀ ਅਨੁਸਾਰ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਸਥਾਪਤ ਰੱਖਣ ਲਈ ਅਮਰੀਕੀ ਸੈਨਾ ਦਾ ਉਥੇ ਮੌਜੂਦ ਰਹਿਣਾ ਜਰੂਰੀ ਹੈ।
ਅਮਰੀਕੀ ਰਾਸ਼ਟਰਪਤੀ ਓਬਾਮਾ ਆਪਣੇ ਕਾਰਜਕਾਲ ਦੇ ਅੰਤ ਤੱਕ ਅਫ਼ਗਾਨਿਸਤਾਨ ਵਿੱਚ ਸੀਮਤ ਸੰਖਿਆ ਵਿੱਚ ਯੂਐਸ ਸੈਨਾ ਦੀ ਮੌਜੂਦਗੀ ਚਾਹੁੰਦੇ ਸਨ ਪਰ ਸੈਨਾ ਦੇ ਉਚ ਅਧਿਕਾਰੀਆਂ ਨਾਲ ਸਲਾਹ ਕਰਨ ਤੋਂ ਬਾਅਦ ਉਨ੍ਹਾਂ ਨੇ 5500 ਸੈਨਿਕਾਂ ਦੇ ਅਫ਼ਗਾਨਿਸਤਾਨ ਵਿੱਚ ਰਹਿਣ ਨੂੰ ਪਰਵਾਨਗੀ ਦੇ ਦਿੱਤੀ ਹੈ। ਸੈਨਿਕ ਅਧਿਕਾਰੀਆਂ ਨੇ ਓਬਾਮਾ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਸੀ ਕਿ ਤਾਲਿਬਾਨ ਦਾ ਸਹੀ ਢੰਗ ਨਾਲ ਮੁਕਾਬਲਾ ਕਰਨ ਲਈ ਉਥੇ ਅਮਰੀਕੀ ਆਰਮੀ ਦਾ ਹੋਣਾ ਜਰੂਰੀ ਹੈ।
ਹਿਲਰੀ ਕਲਿੰਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਸਪੱਸ਼ਟ ਸੋਚ ਹੈ ਕਿ ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਸੈਨਾ ਨੂੰ ਹਟਾ ਲਿਆ ਜਾਵੇ, ਪਰ ਉਥੋਂ ਦੇ ਹਾਲਾਤ ਅਜੇ ਇਸ ਤਰ੍ਹਾਂ ਦੇ ਨਹੀਂ ਹਨ ਕਿ ਸੈਨਾ ਦੀ ਵਾਪਸੀ ਬਾਰੇ ਸੋਚਿਆ ਜਾਵੇ। ਹਿਲਰੀ ਨੇ ਇਹ ਵੀ ਕਿਹਾ ਕਿ ਓਬਾਮਾ ਇੱਕ ਉਹ ਸ਼ਖਸੀਅਤ ਹੈ ਜੋ ਚੰਗੀ ਤਰ੍ਹਾਂ ਇਹ ਜਾਣਦੇ ਹਨ ਕਿ ਜੋ ਕੁਝ ਹੋ ਰਿਹਾ ਹੈ, ਉਸ ਦਾ ਕੀ ਮਤਲੱਬ ਹੈ ਅਤੇ ਭਵਿੱਖ ਵਿੱਚ ਕੀ ਹੋ ਰਿਹਾ ਹੈ।