ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਥਾਂ ਤੇ ਕੀਤੇ ਜਾ ਰਹੇ ਅਪਮਾਨ ਅਤੇ ਕੋਟਕਪੁਰਾ ਦੇ ਗੋਲੀਕਾਂਡ ਦੇ ਸਬੰਧ ਵਿੱਚ ਇਲਾਕੇ ਦੇ ਤਕਰੀਬਨ ਦਰਜਨ ਤੋਂ ਵੱਧ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਸੰਗਤ ਨੇ ਸੁਲਤਾਨਵਿੰਡ ਪਿੰਡ ਦੇ ਗੇਟ, ਦਬੁਰਜੀ ਚੌਂਕ, ਤਰਨ ਤਾਰਨ ਰੋਡ ਤੇ ਸਥਿਤ ਫਾਟਕ ਅਤੇ ਕੋਟ ਮਿੱਤ ਸਿੰਘ ਸਾਹਮਣੇ ਪੁਲਿਸ ਚੌਕੀ ਵਿਖੇ ਭਾਰੀ ਗਿਣਤੀ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ/ਸੰਸਥਾਵਾਂ, ਬੀਬੀਆਂ, ਬਜ਼ੁਰਗਾਂ ਅਤੇ ਬੱਚਿਆਂ ਅਤੇ ਨੌਜਵਾਨਾਂ ਨੇ ਸ਼ਾਂਤਮਈ ਧਰਨਾ ਦਿੱਤਾ।ਧਰਨੇ ਦੌਰਾਨ ਕੇਵਲ ਹਸਪਤਾਲ ਦੀਆਂ ਗੱਡੀਆਂ, ਸਕੂਲ ਬੱਸਾਂ ਅਤੇ ਜ਼ਰੂਰੀ ਲੋਕਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ। ਰੋਸ ਧਰਨੇ ਵਿੱਚ ਸ਼ਾਮਲ ਆਗੂਆਂ ਅਤੇ ਮੁੱਖ ਬੁਲਾਰਿਆਂ ਨੇ ਸਟੇਜ ਤੋਂ ਮੰਗ ਕੀਤੀ ਕਿ ਪਿਛਲੇ ਦਿਨਾਂ ਤੋਂ ਹੋ ਰਹੀਆਂ ਮੰਦਭਾਗੀਆਂ ਘਟਨਾਵਾਂ ਵਿੱਚ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਵਾਈ ਕਾਰਣ ਇਹੋ ਜਿਹੇ ਗਲਤ ਅਨਸਰਾਂ ਦਾ ਹੋਂਸਲਾਂ ਵਧਿਆ ਹੈ। ਇਸ ਮੌਕੇ ਬੋਲਦਿਆਂ ਪੰਚ ਪ੍ਰਧਾਨੀ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਜ਼ੋਰ ਦੇ ਕੇ ਕਿਹਾ ਕਿ ਡੀ. ਜੀ. ਪੀ. ਪੰਜਾਬ ਨੂੰ ਸਸਪੈਂਡ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਿੱਖ ਸੰਗਤ ਦੇ ਹਵਾਲੇ ਕੀਤਾ ਜਾਵੇ ਅਤੇ ਕੋਟਕਪੁਰਾ ਵਿਖੇ ਗੋਲੀਕਾਂਡ ਦੇ ਮੁੱਖ ਦੋਸ਼ੀਆਂ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਵੇ। ਇਸ ਮੌਕੇ ਬੋਲਦਿਆਂ ਸ. ਸੁਖਵਿੰਦਰ ਸਿੰਘ ਸਭਰਾ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਅਤੇ ਇਨਸਾਫ ਮਿਲਣ ਤੱਕ ਇਹ ਧਰਨਾ ਜਾਰੀ ਰਹੇਗਾ। ਫਤਹਿ ਫਾਉਂਡੇਸ਼ਨ ਦੇ ਨੌਜਵਾਨ ਆਗੂ ਅਤੇ ਸਿੱਖ ਚਿੰਤਕ ਸ. ਇਕਵਾਕ ਸਿੰਘ ਪੱਟੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਇਹ ਸਾਰੀਆਂ ਘਟਨਾਵਾਂ ਦੀ ਮੁੱਖ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ, ਕਿਉਂਕਿ ਪਾਵਨ ਸਰੂਪ ਚੋਰੀ ਹੋਣ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਬਾਰ ਬਾਰ ਮੰਗ ਕਰਨ ਦੇ ਬਾਵਜੂਦ ਪੁਲਿਸ ਪ੍ਰਸ਼ਾਸ਼ਨ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਜਾਂ ਗ੍ਰਿਫਤਾਰੀ ਨਹੀਂ ਕੀਤੀ, ਜਿਸਦੇ ਨਤੀਜੇ ਵੱਜੋਂ ਪੰਥ ਦੋਖੀਆਂ ਦੇ ਹੌਂਸਲੇ ਬੁਲੰਦ ਹੋਏ ਅਤੇ ਇਹ ਮੰਦਭਾਗੀਆਂ ਘਟਨਾਵਾਂ ਵਿੱਚ ਵਾਧਾ ਹੋਇਆ। ਇਸ ਮੌਕੇ ਸ. ਪੱਟੀ ਨੇ ਗੁਰਦੁਆਰਾ ਪ੍ਰਬੰਧ ਵਿੱਚ ਆ ਰਹੀਆਂ ਘਾਟਾਂ ਨੂੰ ਵੀ ਪੂਰੀਆਂ ਕਰਨ ਦੇ ਨਾਲ ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ ਦੀ ਲਹਿਰ ਚਲਾਉਣ ਦੀ ਆਵਾਜ਼ ਦਿੱਤੀ। ਉਹਨਾਂ ਤੋਂ ਇਲਾਵਾ ਮੁੱਖ ਬੁਲਾਰੇ ਸ. ਸੁਖਵੰਤ ਸਿੰਘ ਚਾਟੀਵਿੰਡ ਨੇ ਵੀ ਨੇ ਸਰਕਾਰ ਨੂੰ ਬਿਨ੍ਹਾਂ ਦੇਰੀ ਸਿੱਖਾਂ ਨਾਲ ਇਨਸਾਫ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ, ਸੁਰਜੀਤ ਸਿੰਘ, ਹਰਜਿੰਦਰ ਸਿੰਘ ਵਰਪਾਲ, ਸਵਰਨ ਸਿੰਘ ਸੇਵਾਦਾਰ ਭੂਰੀਵਾਲੇ, ਪਰਮਜੀਤ ਸਿੰਘ ਚਾਟੀਵਿੰਡ, ਪਵਿੱਤਰਜੀਤ ਸਿੰਘ, ਸਤਵਿੰਦਰ ਸਿੰਘ ਲਾਡੀ, ਮੰਗਲ ਸਿੰਘ ਵਰਪਾਲ, ਦਵਿੰਦਰ ਸਿੰਘ ਚਾਟੀਵਿੰਡ, ਸਤਨਾਮ ਸਿੰਘ, ਲਖਵਿੰਦਰ ਸਿੰਘ ਸੈਕਟਰੀ ਸ੍ਰੋਮਣੀ ਅਕਾਲੀ ਦਲ, ਅੰਗਰੇਜ ਸਿੰਘ ਫੋਜੀ, ਡਾ. ਧਨਵੰਤ ਸਿੰਘ, ਬਲਦੇਵ ਚਾਟੀਵਿੰਡ, ਅੰਗਰੇਜ ਸਿੰਘ ਚਾਟੀਵਿੰਡ, ਕੁਲਬੀਰ ਸਿੰਘ ਗੰਡੀਵਿੰਡ, ਜਗਦੇਵ ਸਿੰਘ ਰੰਧਾਵਾ, ਰਵੀਸ਼ੇਰ ਸਿੰਘ ਖਾਲਸਾ, ਗੁਰਸਾਹਿਬ ਸਿੰਘ ਆਦਿ ਆਗੂ ਵਿਸ਼ੇਸ਼ ਤੌਰ ਤੇ ਸਮੂਹ ਸਿੱਖ ਨਾਲ ਧਰਨੇ ਵਿੱਚ ਹਾਜ਼ਰ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਥਾਂ-ਥਾਂ ਧਰਨੇ ਅਤੇ ਚੱਕਾ ਜਾਮ, ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ
This entry was posted in ਪੰਜਾਬ.