ਨਵੀਂ ਦਿੱਲੀ : ਇੰਦਰਾ ਗਾਂਧੀ ਅੰਤ੍ਰਰਾਸ਼ਟਰੀ ਹਵਾਈ ਅੱਡੇ ਤੇ ਡਿਊਟੀ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਦੇ ਕਿਰਪਾਨ ਪਹਿਨਣ ਤੇ ਲਗੀ ਰੋਕ ਵਿਰੁਧ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਬਿਓਰੋ ਆਫ ਸਿਵਿਲ ਏਵੀਏਸ਼ਨ ਸਿਕਿਉਰਿਟੀ (ਬੀਸੀਏਐਸ) ਦੇ ਕਮਿਸ਼ਨਰ ਬੀ ਬੀ ਦਾਸ ਤੇ ਐਡੀਸ਼ਨਲ ਕਮਿਸ਼ਨਰ ਆਰ ਐਨ ਢੋਕੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਸਿਆ ਕਿ ਨਾ ਕੇਵਲ ਦੇਸ਼ ਵਿਚਲੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਪੁਰ, ਸਗੋਂ ਦੇਸ਼-ਵਿਦੇਸ਼ ਦੇ ਕਿਸੇ ਵੀ ਅੰਤ੍ਰਰਾਸ਼ਟਰੀ ਅਤੇ ਰਾਸ਼ਟਰੀ ਹਵਾਈ ਅੱਡੇ ਪੁਰ ਸਿੱਖਾਂ ਦੇ ਇੱਕ ਵਿਸ਼ੇਸ਼ ਸਾਈਜ਼ ਦੀ ਕਿਰਪਾਨ ਪਹਿਨ ਕੇ ਡਿਊਟੀ ਦੇਣ ਜਾਂ ਹਵਾਈ ਸਫਰ ਕਰਨ ਪੁਰ ਕੋਈ ਰੋਕ ਨਹੀਂ। ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਦੇਸ਼ ਦੀ ਰਾਜਧਾਨੀ, ਦਿੱਲੀ ਦੇ ਇੰਦਰਾ ਗਾਂਧੀ ਅੰਤ੍ਰਰਾਸ਼ਟਰੀ ਹਵਾਈ ਅੱਡੇ ਪੁਰ ਹੀ ਡਿਊਟੀ ਦੌਰਾਨ ਅੰਮ੍ਰਿਤਧਾਰੀ ਸਿੱਖ ਦੇ ਕਿਰਪਾਨ ਪਹਿਨਣ ਤੇ ਰੋਕ ਲਗੀ ਹੋਈ ਹੈ। ਸ. ਰਾਣਾ ਨੇ ਅਧਿਕਾਰੀਆਂ ਨੂੰ ਦਸਿਆ ਕਿ ਹਰ ਸਿੱਖ, ਵਿਸ਼ੇਸ਼ ਕਰ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ ਪਹਿਨਣਾ, ਉਨ੍ਹਾਂ ਦੀ ਰਹਿਤ ਦਾ ਇੱਕ ਜ਼ਰੂਰੀ ਹਿਸਾ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਹਵਾਈ ਅੱਡੇ ਦੇ ਕੁਝ ਅਫਸਰਾਂ ਦੇ ਸਿੱਖ ਮਾਨਤਾਵਾਂ ਤੋਂ ਅਨਜਾਣ ਹੋਣ ਕਾਰਣ ਹੀ ਇਸ ਹਵਾਈ ਅੱਡੇ ਪੁਰ ਇਹ ਸਮੱਸਿਆ ਪੈਦਾ ਹੋ ਰਹੀ ਹੈ। ਮੁਲਾਕਾਤ ਤੋਂ ਬਾਅਦ ਸ. ਰਾਣਾ ਨੇ ਦਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਦੀ ਗਲ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਸਮਝਿਆ ਹੈ। ਉਨ੍ਹਾਂ ਭਰੋਸਾ ਦੁਆਇਆ ਕਿ ਹਵਾਈ ਅੱਡੇ ਦੇ ਦੂਸਰੇ ਸੰਬੰਧਤ ਅਧਿਕਾਰੀਆਂ ਨਾਲ ਵਿਚਾਰ ਕਰ, ਉਹ ਦੋ ਹਫਤਿਆਂ ਵਿੱਚ ਇਸ ਸਮੱਸਿਆ ਨੂੰ ਜ਼ਰੂਰ ਸੁਲਝਾ ਲੈਣਗੇ। ਸ. ਰਾਣਾ ਨੇ ਦਸਿਆ ਕਿ ਜਿਸਤਰ੍ਹਾਂ ਅਧਿਕਾਰੀਆਂ ਨੇ ਉਨ੍ਹਾਂ ਦੀ ਗਲ ਨੂੰ ਸੁਣਿਆ ਤੇ ਸਮਝਿਆ, ਉਸ ਤੋਂ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਹਵਾਈ ਅੱਡੇ ਦੇ ਅਧਿਕਾਰੀ ਛੇਤੀ ਹੀ ਇਸ ਸਮੱਸਿਆ ਦਾ ਕੋਈ ਢੁਕਵਾਂ ਹਲ ਤਲਾਸ਼ ਲੈਣਗੇ।