ਫਤਿਹਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ , ਸੁਖਬੀਰ ਸਿੰਘ ਬਾਦਲ ਗ੍ਰਹਿ ਵਜੀਰ ਪੰਜਾਬ,ਅਵਤਾਰ ਸਿੰਘ ਮੱਕੜ ਪ੍ਰਧਾਨ ਐਸਜੀਪੀਸੀ ਅਤੇ ਮੌਜੂਦਾ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਬੀਤੇ ਸਮੇਂ ਤੋਂ ਨਿਰੰਤਰ ਕੀਤੀਆਂ ਜਾ ਰਹੀਆਂ ਸਿਧਾਂਤਹੀਣ ਬੱਜਰ ਗੁਸਤਾਖੀਆਂ ਦੀ ਬਦੌਲਤ ਅੱਜ ਵਾਲੇ ਵਿਸਫੋਟਕ ਹਾਲਾਤ ਪੈਦਾ ਹੋਏ ਹਨ। ਇਹੀ ਵਜ੍ਹਾ ਹੈ ਕਿ ਸਮੁੱਚੇ ਪੰਜਾਬ ਦੀਆਂ ਸੜਕਾਂ ਉਤੇ ਸਿੱਖ ਕੌਮ ਰੋਸ ਅਤੇ ਗੁੱਸੇ ਵੱਜੋਂ ਇਕੱਤਰ ਹੋ ਕੇ ਊਪਰੋਕਤ ਸ. ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਅਤੇ ਜਥੇਦਾਰ ਸਾਹਿਬਾਨ ਦੇ ਅਸਤੀਫਿਆਂ ਦੀ ਮੰਗ ਕਰ ਰਹੀ ਹੈ। ਜਿੰਨੀਂ ਦੇਰ ਤੱਕ ਇਹ ਆਗੂ ਅਤੇ ਜਥੇਦਾਰ ਸਿੱਖ ਕੌਮ ਦੀਆਂ ਅੰਤਰੀਵ ਮਨ ਆਤਮਾਂ ਤੋਂ ਉੱਠੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਸਮਝਦੇ ਹੋਏ ਆਪੋ ਆਪਣੇ ਸਿਆਸੀ ਅਤੇ ਧਾਰਮਿਕ ਆਹੁਿਦਆਂ ਤੋਂ ਅਸਤੀਫੇ ਨਹੀਂ ਦੇ ਦਿੰਦੇ , ਉਦੋ ਤੱਕ ਹਜਾਂਰਾਂ ਦੀ ਗਿਣਤੀ ਵਿਚ ਸਮੁੱਚੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਸੜਕਾਂ ਉਤੇ ਧਰਨੇ ਲਗਾਈ ਬੈਠੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਸਕੂਨ ਨਹੀਂ ਮਿਲ ਸਕੇਗਾ। ਇਸ ਲਈ ਸਮੇਂ ਦੀ ਅਤਿ ਗੰਭੀਰ ਨਜਾਕਤ ਨੂੰ ਸਮਝਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਅਤੇ ਜਥੇਦਾਰ ਸਾਹਿਬਾਨ ਨੂੰ ਤੁਰੰਤ ਆਪਣੇ ਆਹੁਦਿਆਂ ਤੋਂ ਅਸਤੀਫੇ ਦੇ ਕੇ ਸਿੱਖ ਕੌਮ ਦੇ ਮਨਾਂ ਵਿਚ ਉੱਠੇ ਭਾਰੀ ਰੋਹ ਨੂੰ ਸ਼ਾਂਤ ਕਰਨ ਅਤੇ ਸੜਕਾਂ ਉਤੇ ਲਗਾਏ ਗਏ ਧਰਨਿਆਂ ਨੂੰ ਖਤਮ ਕਰਨ ਅਤੇ ਪੰਜਾਬ ਦੇ ਮਹੌਲ ਨੂੰ ਹੋਰ ਖੂਨੀਂ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਫਰੀਦਕੋਟ, ਮੋਗਾ ਜਿਲ੍ਹਿਆਂ ਦਾ ਦੌਰਾ ਕਰਨ ਅਤੇ ਸਮੁੱਚੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਵੱਲੋਂ ਲਗਾਏ ਗਏ ਰੋਸ ਧਰਨਿਆਂ ਵਿਚ ਪਹੁੰਚ ਕੇ ਸਮੁੱਚੇ ਪੰਜਾਬ ਦੇ ਬਣੇ ਅਤਿ ਬਦਤਰ ਹਾਲਾਤਾਂ ਦੀ ਜਾਣਕਾਰੀ ਲੈਣ ਉਪਰੰਤ ਵਿਚਾਰ ਪ੍ਰਗਟਾਉਂਦੇ ਹੋਏ ਜਾਹਰ ਕੀਤੇ। ਉਹਨਾਂ ਕਿਹਾ ਕਿ ਹੁਣ ਜਦੋਂ ਹਿੰਦੂਤਵ ਹੁਕਮਰਾਨਾ ਅਤੇ ਆਰ ਐਸ ਐਸ ਵਰਗੀਆਂ ਜਮਾਤਾਂ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸਾਜਿਸ਼ਾਂ ਨੂੰ ਪੂਰਨ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਅਤੇ ਜਥੇਦਾਰ ਸਾਹਿਬਾਨ ਇਥੋਂ ਦੇ ਗੰਭੀਰ ਹਾਲਾਤਾਂ ਨੂੰ ਕਾਬੂ ਕਰਨ ਵਿਚ ਅਸਫਲ ਹੋ ਚੁੱਕੇ ਹਨ , ਹਿੰਦ ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਬੈਠੀ ਸਿੱਖ ਕੌਮ ਵੱਲੋਂ ਇਹਨਾਂ ਸਭਨਾਂ ਨੂੰ ਬਤੌਰ ਆਗੂ ਅਤੇ ਜਥੇਦਾਰ ਮੰਨਣ ਤੋਂ ਪੂਰਨ ਰੂਪ ਵਿਚ ਇਨਕਾਰ ਕਰ ਦਿੱਤਾ ਹੈ ਅਤੇ ਕੋੲ ਿਵੀ ਸਿੱਖ ਸ. ਬਾਦਲ ਨੂੰ ਮੁੱਖ ਮੰਤਰੀ , ਸ. ਸੁਖਬੀਰ ਬਾਦਲ ਨੂੰ ਗ੍ਰੀਹ ਵਜੀਰ, ਸ਼੍ਰੀ ਮੱਕੜ ਨੂੰ ਸਿੱਖ ਕੌਮ ਦੀ ਪਾਰਲੀਮੈਂਟ ਦਾ ਪ੍ਰਧਾਨ ਅਤੇ ਮੌਜੂਦਾ ਸਿਆਸਤਦਾਨਾਂ ਦੇ ਗੁਲਾਮ ਬਣੇ ਜਥੇਦਾਰਾਂ ਨੂੰ ਜਥੇਦਾਰ ਪ੍ਰਵਾਨ ਹੀ ਨਹੀਂ ਕਰ ਰਹੇ, ਅਤੇ ਪੰਜਾਬ ਪੁਲਿਸ ਦੇ ਜਬਰ ਜੁਲਮ, ਗੋਲੀਆਂ, ਬੰਦੂਕਾਂ, ਲਾਠੀਆਂ ਵੀ ਸਿੱਖ ਸੰਘਰਸ਼ ਨੂੰ ਦਬਾਉਣ ਵਿਚ ਅਸਫਲ ਹੋ ਚੁੱਕੀ ਹੈ, ਤਾਂ ਹੁਣ ਸ. ਬਾਦਲਾਂ ਦੀ ਸਲਾਹ ਉਤੇ ਹੀ ਸਮੁੱਚੇ ਪੰਜਾਬ ਵਿਚ ਫੌਜ ਲਗਾਉਣ ਦੀ ਸੰਭਾਵਨਾ ਬਣ ਚੁੱਕੀ ਹੈ। ਜਿਸ ਲਈ ਹੁਣ ਹਾਲਾਤ ਹੋਰ ਵੀ ਵਧੇਰੇ ਗੰਭੀਰ ਹੋ ਗਏ ਹਨ। ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਅਤੇ ਆਰ ਐਸ ਐਸ ਵਰਗੀਆਂ ਫਿਰਕੂ ਜਮਾਤਾਂ ਫੌਜ ਦੀ ਦੁਰਵਰਤੋਂ ਕਰਕੇ ਪੰਜਾਬ ਵਿਚ ਫਿਰ ਤੋਂ ਖੁਨ ਦੀ ਹੋਲੀ ਖੇਡਣ, ਉਸ ਤੋਂ ਪਹਿਲੇ ਸ. ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਅਤੇ ਜਥੇਦਾਰ ਸਾਹਿਬਾਨ ਜਿੰਨੀ ਜਲਦੀ ਹੋ ਸਕੇ ਆਪਣੇ ਆਹੁਦਿਆਂ ਤੋਂ ਅਸਤੀਫੇ ਦੇ ਕੇ ਮੁਸਤੱਸਵੀਆਂ ਦੀਆਂ ਸਾਜਿਸਾਂ ਤੋਂ ਆਪਣੇ ਆਪ ਨੂੰ ਦੂਰ ਕਰ ਲੈਣ ਤਾਂ ਬੇਹਤਰ ਹੋਵੇਗਾ। ਅਸਤੀਫੇ ਦੇਣ ਦੇ ਉਦਮ ਕਰਕੇ ਹੀ ਹੁਣ ਪੰਜਾਬ ਵਿਚ ਫਿਰ ਤੋਂ ਹੋਣ ਵਾਲੀ ਖੂਨੀ ਖੇਡ ਨੂੰ ਇਹ ਰੋਕ ਸਕਦੇ ਹਨ, ਵਰਨਾ ਆਉਣ ਵਾਲੇ ਦਿਨਾਂ ਵਿਚ ਸਿੱਖ ਕੌਮ ਦੇ ਰੋਹ ਨੂੰ ਵੇਖਦੇ ਹੋਏ ਬਣਦੇ ਜਾ ਰਹੇ ਹਾਲਾਤਾਂ ਅਤੇ ਪੰਜਾਬ ਨੂੰ ਲਹੂ ਲੁਹਾਣ ਕਰਾਉਣ ਲਈ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਅਤੇ ਜਥੇਦਾਰ ਸਾਹਿਬਾਨ ਸਿੱਧੇ ਤੌਰ ‘ਤੇ ਜਿੰਮੇਵਾਰ ਹੋਣਗੇ।
ਸ. ਮਾਨ ਨੇ ਇਕ ਵਾਰੀ ਫਿਰ ਹਿੰਦ ਦੀ ਸੁਪਰੀਮ ਕੋਰਟ ਉਤੇ ਦਲੀਲ ਸਹਿਤ ਜੋਰਦਾਰ ਹੱਲਾ ਬੋਲਦੇ ਹੋਏ ਕਿਹਾ ਕਿ ਇਹ ਹਿੰਦੂਤਵ ਸੁਪਰੀਮ ਕੋਰਟ ਕੌਣ ਹੁੰਦੀ ਹੈ, ਜੋ ਸਾਡੀ ਸਿੱਖ ਪਾਰਲੀਮੈਂਟ ਦੇ ਕੌਮੀ ਪ੍ਰਬੰਧ ਵਿਚ ਦਖ਼ਲ ਦੇ ਕੇ ਸਾਡੇ ਉਤੇ 2004 ਵਾਲੀ ਐਸਜੀਪੀਸੀ ਦੀ ਚੋਣ ਰਾਹੀਂ ਬਣੇ ਪ੍ਰਧਾਨ ਅਤੇ ਅੰਤਰਿਗ ਕਮੇਟੀ ਦੇ ਪ੍ਰਬੰਧ ਨੂੰ ਜਬਰੀ ਥੌਪੇ। ਸਿੱਖ ਕੌਮ ਨਾ ਇਥੋਂ ਦੀ ਸੁਪਰੀਮ ਕੋਰਟ ਦੀ ਗੁਲਾਮ ਹੈ ਅਤੇ ਨਾ ਹੀ ਅਖੌਤੀ ਹਿੰਦੂਤਵ ਹੁਕਮਰਾਨਾ ਦੇ ਗੁਲਾਮ ਬਣੇ ਸ਼੍ਰੀ ਮੱਕੜ ਅਤੇ ਅੰਤਰਿਗ ਕਮੇਟੀ ਦੀ। ਸ. ਮਾਨ ਨੇ ਸਿੱਖ ਕੌਮ ਦੀਆਂ ਮਹਾਨ ਰਹੁ-ਰੀਤੀਆਂ ਅਤੇ ਰਵਾਇਤਾਂ ਉਤੇ ਗੱਲ ਕਰਦੇ ਹੋਏ ਕਿਹਾ ਕਿ “ਸਰਬੱਤ ਖਾਲਸਾ” ਦੀ ਮਹਾਨ ਪੁਰਾਤਨ ਰਵਾਇਤ ਅਨੁਸਾਰ ਸਿੱਖ ਕੌਮ ਆਪਣੇ ਕੌਮੀ ਫੈਸਲੇ ਖੁਦ ਬੈਠ ਕੇ ਵਿਚਾਰਾਂ ਕਰਦੇ ਹੋਏ ਕਰਦੀ ਹੈ। ਇਸ ਲਈ ਐਸਜੀਪੀਸੀ ਦੀ ਸਿੱਖ ਪਾਰਲੀਮੈਂਟ ਨਾਲ ਸੰਬੰਧਤ ਸੈਂਟਰ ਦੀ ਦਿੱਲੀ ਹਕੂਮਤ ਜਾਂ ਸੁਪਰੀਮ ਕੋਰਟ ਵੱਲੋਂ ਮੰਦਭਾਵਨਾ ਅਧੀਨ ਹੋਣ ਵਾਲੇ ਕਿਸੇ ਵੀ ਸਾਜਿਸ਼ੀ ਫੈਸਲੇ ਨੂੰ ਮੰਨਣ ਦੀ ਬਿਲਕੁਲ ਪਾਬੰਦ ਨਹੀਂ। ਇਸੇ ਸੋਚ ਅਧੀਨ ਸਮੁੱਚੀਆਂ ਸਿੱਖ ਜਧੇਬੰਦੀਆਂ , ਵਿਦਵਾਨਾਂ, ਟਕਸਾਲਾਂ , ਫੈਡਰੇਸ਼ਨਾਂ, ਸੰਤ ਮਹਾਂਪੁਰਖਾਂ, ਕਥਾ ਵਾਚਕਾਂ, ਰਾਗੀਆਂ, ਪ੍ਰਚਾਰਕਾਂ, ਢਾਡੀਆਂ ਅਤੇ ਸਿੱਖ ਕੌਮ ਦੀਆਂ ਸਮੁੱਚੇ ਸੰਸਾਰ ਵਿਚ ਵਿਚਰਨ ਵਾਲੀਆਂ ਸੂਝਵਾਨ ਸ਼ਖਸੀਅਤਾਂ ਦੀ ਸਾਂਝੀ ਰਾਇ ਨਾਲ 10 ਨਵੰਬਰ 2015 ਨੂੰ ਸਰਬੱਤ ਖਾਲਸਾ ਸੱਦਿਆ ਗਿਆ ਹੈ। ਉਸ ਵਿਚ ਹੋਣ ਵਾਲੇ ਸਰਬ ਸੰਮਤੀ ਦੇ ਫੈਸਲਿਆਂ ਨੂੰ ਹਰ ਸਿੱਖ ਕੇਵਲ ਮੰਨਣ ਦਾ ਪਾਬੰਦ ਹੀ ਨਹੀਂ ਹੋਵੇਗਾ, ਬਲਕਿ ਇੱਛੁਕ ਤੌਰ ‘ਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਕੌਮ ਇਕੱਠੀ ਹੋ ਕੇ ਉਸ ਨੂੰ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪ੍ਰਵਾਨਗੀ ਦੇਵੇਗੀ। ਇਸ ਲਈ ਸੁਪਰੀਮ ਕੋਰਟ ਅਤੇ ਮੁਤੱਸਵੀ ਹੁਕਮਰਾਨਾ ਲਈ ਇਹ ਚੰਗਾ ਹੋਵੇਗਾ ਕਿ ਉਹ ਸਿੱਖ ਕੌਮ ਉਤੇ ਕਾਨੂੰਨੀਂ ਡੰਡੇ ਦਾ ਡਰ ਭੈਅ ਪੈਦਾ ਕਰਨ ਦੀ ਬਜਾਏ ਖੁਦ ਹੀ ਐਸਜੀਪੀਸੀ ਦੀਆਂ ਤੁਰੰਤ ਜਰਨਲ ਚੋਣਾਂ ਦਾ ਐਲਾਨ ਕਰ ਦੇਵੇ ਤਾਂ ਜੋ ਸਿੱਖ ਕੌਮ ਬਿਨ੍ਹਾਂ ਕਿਸੇ ਸਿਆਸੀ, ਦੁਨਿਆਵੀ ਡਰ ਭੈਅ ਜਾਂ ਲਾਲਚ ਆਦਿ ਤੋਂ ਆਪਣੇ ਵੋਟ ਹੱਕ ਦੀ ਵਰਤੋਂ ਕਰਦੇ ਹੋਏ ਸਿੱਖ ਪਾਰਲੀਮੈਂਟ ਲਈ ਆਪਣੇ ਸਹੀ ਨੁਮਾਇੰਦਿਆਂ ਦੀ ਚੋਣ ਕਰ ਸਕੇ ਅਤੇ ਅਜਿਹੀ ਬਣਨ ਵਾਲੀ ਐਸਜੀਪੀਸੀ (ਸਿੱਖ ਪਾਰਲੀਮੈਂਟ) ਸੈਂਟਰ ਅਤੇ ਸੁਪਰੀਮ ਕੋਰਟ ਦੇ ਮੰਦਭਾਵਨਾ ਭਰੇ ਸਾਜਿਸ਼ੀ ਡਰ ਤੋਂ ਮੁਕਤੀ ਪ੍ਰਾਪਤ ਕਰ ਸਕੇ ਅਤੇ ਸਿੱਖ ਕੌਮ ਆਜਾਦਾਨਾਂ ਢੰਗ ਰਾਹੀਂ ਆਪਣੀ ਸਿੱਖ ਪਾਰਲੀਮੈਂਟ ਦੇ ਪ੍ਰਬੰਧ ਨੂੰ ਬਾਖੂਬੀ ਚਲਾ ਸਕੇ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀਆਂ ਸੜਕਾਂ ਊਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਚੱਲ ਰਹੇ ਰੋਸ ਮੁਜਾਹਰਿਆਂ ਅਤੇ ਗੰਭੀਰ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਅਤੇ ਜਥੇਦਾਰ ਸਾਹਿਬਾਨ ਆਪੋ ਆਪਣੇ ਆਹੁਦਿਆਂ ਤੋਂ ਤੁਰੰਤ ਅਸਤੀਫੇ ਦੇ ਕੇ ਮੁਤੱਸਵੀ ਹੁਕਮਰਾਨਾ ਅਤੇ ਸਾਜਿਸ਼ੀ ਹਿੰਦੂ ਸੰਗਠਨਾਂ ਵੱਲੋਂ ਪੰਜਾਬ ਵਿਚ ਫਿਰ ਤੋਂ ਖੁਨ ਦੀ ਹੋਲੀ ਖੇਡਣ ਦੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਰੋਕਣ ਵਿਚ ਆਪਣੇ ਫਰਜ ਅਦਾ ਕਰਨਗੇ। ਸੈਂਟਰ ਦੀ ਮੋਦੀ ਹਕੂਮਤ ਅਤੇ ਸੁਪਰੀਮ ਕੋਰਟ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਹੋਰ ਡੂੰਘੀ ਠੇਸ ਪਹੁੰਚਾਊਣ ਦੇ ਅਮਲਾਂ ਤੋਂ ਤੌਬਾ ਕਰਕੇ ਤੁਰੰਤ ਐਸਜੀਪੀਸੀ ਦੀਆਂ ਜਰਨਲ ਚੋਣਾਂ ਦਾ ਐਲਾਨ ਕਰ ਦੇਣਗੇ।