ਸਾਹਮਣੇ ਮੇਰੇ ਰੁੱਖ 2 ਜਲ ਰਿਹਾ ਹੈ
ਜੇਬਾਂ ਚ ਲੈ ਰੀਝਾਂ ਬੇਵਸ ਬਲ ਰਿਹਾ ਹੈ
ਰੁੱਖ ਹੁੰਦੇ ਸਨ ਮੂਹਰੇ ਹਰ ਵੇਲੇ ਹਰ ਕਹਿਰ ਲਈ
ਸੁੰਦਰ ਸਜਦੇ ਸੋਹਣੇ ਘਰ 2 ਤੇ ਹਰ ਸ਼ਹਿਰ ਲਈ
ਏਹੀ ਰੁੱਖ ਮੇਰੀ ਬਹਾਰ ਰੁੱਤ ਸਨ
ਏਹੀ ਪੁੱਛਦੇ ਦੁੱਖ ਮੇਰੇ ਪੁੱਤ ਸਨ
ਰੁੱਖ 2 ਜ਼ਖ਼ਮੀਂ ਹੈ
ਬਲ ਪਿਆ ਹੈ ਜੰਗਲ
ਏਹੀ ਸਨ ਖ਼ੁਸ਼ਬੋਆਂ ਇਹ ਰੁੱਖ ਖੇੜਾ ਸਨ
ਏਹੀ ਚੰਨ ਤਾਰੇ ਤੇ ਵਸਦਾ ਵਿਹੜਾ ਸਨ
ਚੁੱਪ ਵੀ ਕਿਵੇਂ ਕਰਾਵਾਂ
ਕਿਹੜੇ ਲਾਰੇ ਲਾ ਸਮਝਾਵਾਂ
ਖ਼ੂਨ ਚ ਰੰਗੇ ਹੱਥ ਇਹ ਸੱਭ ਤੇਰੇ ਨੇ
ਕਿਵੇਂ ਜ਼ਰਾਂ ਗੋਲੀਆਂ ਸੀਨੇ ਮੇਰੇ ਨੇ
ਕਿੱਥੋਂ ਆਈ ਅੱਗ ਤੇ ਪੱਤੇ ਖਾ ਗਈ
ਕੋਈ ਨਾ ਬਚੀ ਪੱਗ ਤੇ ਦਰ 2 ਛਾ ਗਈ
ਜਹਾਲਤ ਚ ਵਸਦੇ ਨੇ ਇਹ ਰੁੱਖ ਮੇਰੇ
ਅਦਾਲਤ ਚ ਰੁਲਦੇ ਨੇ ਇਹ ਰੁੱਖ ਮੇਰੇ
ਰਾਹ ਚੁਰਾਹੇ ਚੀਰ ਤੂੰ ਰੁੱਖ ਉਲਝਾ ਲਏ
ਖਿੜ੍ਹੇ ਕਨੇਰ ਵੱਢ ਥੋਰ੍ਹ ਉਗਾ ਲਏ
ਚਾਲ ਤੇਰੀ ਦਾ ਹੋਕਾ ਰੁੱਖਾਂ ਹੁਣ ਹੋਰ ਨਹੀਂ ਲਾਉਣਾ
ਦਹਿਸ਼ਤ ਦੇ ਰਾਹ ਪੈ ਗਏ ਰੁੱਖਾਂ ਘਰ ਨਹੀਂ ਆਉਣਾ
ਸਮਝ ਲਈਂ ਫਿਰ ਤਖ਼ਤ ਤੇਰੇ ਦੇ ਪਾਵੇ ਨਹੀਂ ਰਹਿਣੇ
ਮਾਵਾਂ ਜਿੰਨੇ ਦੁੱਖ ਸਹੇ ਤੈਨੂੰ ਵੀ ਪੈਣਗੇ ਸਹਿਣੇ