ਸ੍ਰੀਨਗਰ - ਊਧਮਪੁਰ ਵਿੱਚ ਪਿੱਛਲੇ ਦਿਨੀਂ ਇੱਕ ਟਰੱਕ ਤੇ ਹੋਏ ਹਮਲੇ ਵਿੱਚ ਜਖਮੀ ਕਲੀਨਰ ਜਾਹਿਦ ਅਹਿਮਦ ਦੀ ਐਤਵਾਰ ਨੂੰ ਹੋਈ ਮੌਤ ਤੋਂ ਬਾਅਦ ਕਸ਼ਮੀਰ ਵਿੱਚ ਹਿੰਸਾ ਭੜਕ ਗਈ ਹੈ। ਜਾਹਿਦ ਦੇ ਗਾਂ ਦੀ ਹੱਤਿਆ ਵਿੱਚ ਸ਼ਾਮਿਲ ਹੋਣ ਦੀ ਫੈਲੀ ਅਫ਼ਵਾਹ ਤੋਂ ਬਾਅਦ ਇੱਕ ਫਿਰਕੂ ਭੀੜ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਤੇ ਗੁਸੇ ਵਿੱਚ ਆਏ ਕਸ਼ਮੀਰੀਆਂ ਨੇ ਸੋਮਵਾਰ ਨੂੰ ਘਾਟੀ ਵਿੱਚ ਬੰਦ ਦਾ ਐਲਾਨ ਕੀਤਾ ਹੈ।
ਜਾਹਿਦ ਅਹਿਮਦ ਦੀ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਹੋਈ ਮੌਤ ਦੀ ਖ਼ਬਰ ਜਿਵੇਂ ਹੀ ਘਾਟੀ ਪਹੁੰਚੀ ਤਾਂ ਰੋਸ ਮੁਜ਼ਾਹਿਰਾ ਕਰਨ ਵਾਲਿਆਂ ਨੇ ਅਨੰਤਨਾਗ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਅਤੇ ਕੁਝ ਵਾਹਣਾਂ ਤੇ ਪੱਥਰਬਾਜ਼ੀ ਵੀ ਕੀਤੀ। ਊਧਮਪੁਰ ਦੇ ਜਿਲ੍ਹਾ ਪ੍ਰਸ਼ਾਸਨ ਨੇ ਪੰਜ ਆਰੋਪੀਆਂ ਤੇ ਪੀਐਸਏ ਲਗਾ ਦਿੱਤਾ ਹੈ।
ਸਥਾਨਕ ਪ੍ਰਸ਼ਾਸਨ ਨੇ ਸਥਿਤੀ ਨੂੰ ਵੇਖਦੇ ਹੋਏ ਜਮੂੰ ਅਤੇ ਊਧਮਪੁਰ ਦੇ ਵਾਹਣਾਂ ਦੇ ਕਸ਼ਮੀਰ ਜਾਣ ਤੇ ਰੋਕ ਲਗਾ ਦਿੱਤੀ ਹੈ। ਸ੍ਰੀਨਗਰ ਅਤੇ ਪੁਰਾਣੇ ਸ਼ਹਿਰ ਦੇ ਏਰੀਏ ਵਿੱਚ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਵੀ ਸੁਰੱਖਿਆ ਬਲਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਵੱਖਵਾਦੀ ਨੇਤਾਵਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ।