ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਨੇਤਾਵਾਂ ਨੂੰ ਖ਼ਾਲਸਾ ਪੰਥ ਦੀਆਂ ਉਤੇਜਿਤ ਤੇ ਜ਼ਖ਼ਮੀ ਹੋਈਆਂ ਭਾਵਨਾਵਾਂ ਨੂੰ ਭੜਕਾ ਕੇ ਵਕਤੀ ਰਾਜਸੀ ਲਾਹਾ ਲੈਣ ਲਈ ਸਿਆਸੀ ਰੋਟੀਆਂ ਸੇਕਦਿਆਂ ਬੇਤੁਕੀ ਬਿਆਨਬਾਜ਼ੀ ਬੰਦ ਕਰਨ ਦੀ ਅਪੀਲ ਕੀਤੀ ਹੈ।
ਕਾਂਗਰਸੀ ਨੇਤਾਵਾਂ ਨੂੰ ਲੰਮੇ ਹੱਥੀਂ ਲੈਂਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਜ਼ਿਮੇਂਵਾਰ ਘੋਰ ਅਪਰਾਧੀਆਂ ਤੇ ਗੁਨਾਹਗਾਰਾਂ ਨੂੰ ਛੁਪਾ ਕੇ ਇਸ ਘਟਨਾ ਨੂੰ ਹੋਰ ਰਾਜਸੀ ਰੰਗਤ ਦੇਣ ਦੇ ਉਨਾਂ (ਕਾਂਗਰਸੀ ਨੇਤਾਵਾਂ) ਦੇ ਬਿਆਨ ਨਿੰਦਣਯੋਗ ਹਨ। ਉਨਾਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਕਾਂਗਰਸੀ ਨੇਤਾਵਾਂ ਦੀ ਅਜਿਹੀ ਬਿਆਨਬਾਜੀ ਇਸ ਦੁਖਦਾਈ ਘਟਨਾ ਦੇ ਘੋਰ ਗੁਨਾਹਗਾਰਾਂ ਦੀ ਤਲਾਸ਼ ਵਿਚ ਲੱਗੇ ਖ਼ਾਲਸਾ ਪੰਥ ਅਤੇ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਠੀਕ ਨਿਸ਼ਾਨੇ ਵੱਲ ਸੇਧਤ ਕਰਨ ਦੀ ਥਾਂ ਉਹ ਇਸ ਘਟਨਾ ਦੇ ਰੁਖ ਨੂੰ ਕਿਸੇ ਹੋਰ ਪਾਸੇ ਮੋੜ ਰਹੀ ਹੈ। ਇਹ ਕਿਸੇ ਵੀ ਤਰਾਂ ਨੈਤਿਕ ਤੋਰ ’ਤੇ ਠੀਕ ਨਹੀਂ।
ਪ੍ਰੋ। ਚੰਦੂਮਾਜਰਾ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਪਵਿੱਤਰ ਗ੍ਰੰਥ ਅਤੇ ਧਾਰਮਿਕ ਅਸਥਾਨ ਦੀ ਬੇਅਦਬੀ ਕਰਨ ਵਾਲੇ ਕਿਸੀ ਸ਼ਰਾਰਤੀ ਤੇ ਗੁਨਾਹਗਾਰ ਨੂੰ ਢੁਕਵੀਂ ਸਜ਼ਾ ਦੇਣ ਲਈ ਦੇਸ਼ ਦੇ ਸਵਿਧਾਨ ਵਿਚ ਸੋਧ ਕਰਨ ਦੀ ਲੋੜ ਹੈ ਤਾਂ ਕਿ ਸ਼ਰਾਰਤੀ ਅਨਸਰ ਆਪਣੇ ਇਸ ਮਾੜੇ ਮਿਸ਼ਨ ਵਿਚ ਮੁੜ ਕਾਮਯਾਬ ਨਾ ਹੋ ਸਕਣ। ਉਨਾਂ ਕਿਹਾ ਕਿ ਸਬੰਧੀ ਪਾਰਲੀਮੈਂਟ ਦੇ ਆਉਣ ਵਾਲੇ ਸੈਸ਼ਨ ਵਿਚ ਬਕਾਇਦਾ ਮਤਾ ਪੇਸ਼ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਘੋਰ ਅਪਰਾਧੀ ਦੀ ਤਲਾਸ਼ ਕਰਨੀ ਤੇ ਉਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਹਰ ਨਾਨਕ ਨਾਮ ਲੇਵਾ ਦੀ ਇੱਛਾ ਹੈ, ਮਨ ਦੀ ਰੀਝ ਹੈ। ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ ’ਤੇ ਜਲਦੀ ਤੇ ਸਖਤ ਕਾਰਵਾਈ ਹੋਵੇ ਤਾਂ ਕਿ ਭਵਿੱਖ ਵਿਚ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਮੁੜ ਕਦੀ ਜ਼ੁਰਅਤ ਨਾ ਪਵੇ। ਉਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੁਖਦਾਈ ਘੜੀ ਵਿਚ ਸਬਰ ਤੋਂ ਕੰਮ ਲੈਣ ।