ਭੂਮੀ ਉਪਰ ਸੜਕਾਂ ਦੇ ਵਿਛੇ ਹੋਏ ਜਾਲ ਤਾਂ ਤੁਸੀ ਰੋਜ਼ ਵੇਖਦੇ ਹੋ,ਸਮੁੰਦਰੀ ਤਲ ਤੋਂ ਡੇਢ ਦੋ ਕਿਲੋਮੀਟਰ ਦੀ ਉਚਾਈ ਉਪਰ ਬਣੀਆਂ ਹੋਈਆਂ ਸੜਕਾਂ ਪਹਾੜਾਂ ਦੀਆਂ ਟੀਸੀਆਂ ਤੇ ਧੁੰਨੀ ਨੂੰ ਚੀਰਦੀਆਂ,ਦਰਿਆਵਾਂ ਦੇ ਥੱਲੇ ਦੀ ਲੰਘਦੀਆਂ ਸੜਕਾਂ ਵੀ ਤੁਸੀ ਆਮ ਹੀ ਵੇਖੀਆਂ ਹੋਣਗੀਆਂ।ਪਰ ਇਹੋ ਜਿਹੀ ਸੜਕ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ।ਜਿਸ ਨੂੰ ਨਾ ਹੀ ਧਰਤੀ ਉਪਰ ਤੇ ਨਾ ਹੀ ਸਮੁੰਦਰ ਵਿੱਚ ਬਣੀ ਹੋਈ ਕਿਹਾ ਜਾ ਸਕਦਾ ਹੈ।ਜਿਹੜੀ ਸਿਰਫ ਦਿੱਨ ਵਿੱਚ ਦੋ ਵਾਰ ਦੋ ਘੰਟੇ ਹੀ ਆਵਾਜਾਈ ਲਈ ਖੋਲੀ ਜਾਦੀ ਹੈ।ਬਾਕੀ ਵੀਹ ਘੰਟੇ ਸਮੁੰਦਰ ਵਿੱਚ ਡੁੱਬੀ ਰਹਿੰਦੀ ਹੈ।ਇਸ ਨੂੰ ਪਾਸਾਜ਼ ਦਾ ਗੋਆਸ ਦੇ ਨਾਂ ਨਾਲ ਜਾਣਿਆਂ ਜਾਦਾ ਹੈ।ਗੋਆਸ ਲਾਤੀਨੀ ਭਾਸ਼ਾ ਦਾ ਲਫਜ਼ ਹੈ।ਜਿਸ ਦਾ ਮਤਲਬ (ਗਿੱਲੇ ਬੂਟਾਂ ਨਾਲ ਚਲਣਾ) ਹੈ।ਹਰ ਵਕਤ ਭਿੱਜੀ ਰਹਿਣ ਵਾਲੀ ਇਹ ਸੜਕ 4,20 ਕਿਲੋਮੀਟਰ ਲੰਬੀ ਫਰਾਂਸ ਦੇ ਨੋਰਥ ਈਸਟ ਦੇ ਇਲਾਕੇ ਵਾਂਦੇ ਵਿੱਚ ਬਣੀ ਹੋਈ ਹੈ।ਇਹ ਫਰਾਂਸ ਦੇ ਕਸਬੇ ਬੋਏ ਸੁਰ ਮੈਰ ਤੋਂ ਸਮੁੰਦਰੀ ਤਲ ਰਾਹੀ ਟਾਪੂ ਨੋਆ ਮੁਆਚੀਏ ਨੂੰ ਜੋੜਦੀ ਹੈ।ਜਿਹੜੀ ਕਦੇ ਵੀ ਨਹੀ ਸੁਕਦੀ।ਇਸ ਸੜਕ ਨੂੰ ਸਿਰਫ ਡੇਢ ਘੰਟੇ ਵਿੱਚ ਪਾਰ ਕਰਨਾ ਹੁੰਦਾ ਹੈ। ਸਾਈਡਾਂ ਉਪਰ ਲੱਗੇ ਵਾਰਨਿੰਗ ਬੋਰਡ ਸਮੇ ਸਮੇ ਤੇ ਨਸੀਹਤਾਂ ਦਿੰਦੇ ਰਹਿੰਦੇ ਹਨ।ਸਮੁੰਦਰ ਦਾ ਪਾਣੀ ਚੜ੍ਹਣ ਤੋਂ ਦੋ ਘੰਟੇ ਪਹਿਲਾਂ ਭਾਵ ਸ਼ਾਤ ਸਮੁੰਦਰ ਮੌਕੇ ਹੀ ਪਾਰ ਕੀਤਾ ਜਾ ਸਕਦਾ ਹੈ।ਇਸ ਸੜਕ ਉਪਰ ਸਮੁੰਦਰ ਦਾ ਪਾਣੀ ਡੇਢ ਮੀਟਰ ਤੋਂ ਲੈਕੇ ਚਾਰ ਮੀਟਰ ਤੱਕ ਦੀ ਉੱਚਾਈ ਤੱਕ ਬਹਿੰਦਾ ਹੈ।ਜਦੋਂ ਸਮੁੰਦਰ ਸ਼ਾਂਤ ਹੋ ਜਾਂਦਾ ਹੈ। ਲੋਕੀ ਦਲ ਦਲ ਵਿੱਚੋਂ ਸਿੱਪੀਆਂ,ਘੋਗੇ,ਮੱਛੀਆਂ ਅਤੇ ਡੱਡੂਆਂ ਦੇ ਬੱਚੇ ਆਦਿ ਲੱਭਣ ਲਈ ਥੈਲੇ ਲੈਕੇ ਆ ਜਾਂਦੇ ਹਨ।ਇਸ ਸੜਕ ਉਪਰ ਛੋਟੇ ਮੋਟੇ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ।ਪਰ ਮੌਤਾਂ ਦੀ ਗਿਣਤੀ ਬਹੁਤ ਹੀ ਘੱਟ ਹੈ।ਇਸ ਨੂੰ 1935 ਤੋਂ 1939ਵਿੱਚ ਪੱਥਰਾਂ ਆਦਿ ਨਾਲ ਬਣਾਇਆ ਗਿਆ ਸੀ।ਜਿਸ ਵੇਲੇ ਸਮੁੰਦਰ ਦਾ ਪਾਣੀ ਚੜ੍ਹ ਜਾਂਦਾ ਸੀ ਤਾਂ ਕੰਮ ਕਰਨ ਵਿੱਚ ਦਿਕਤ ਆ ਜਾਂਦੀ ਸੀ।ਜੋ ਬਹੁਤ ਹੀ ਮੁਸ਼ਕਲ ਭਰਿਆ ਕੰਮ ਸੀ।ਪਹਿਲੀ ਵਾਰ 1766 ਵਿੱਚ ਇਸ ਟਾਪੂ ਦੇ ਬਾਰਬਤ ਕਬੀਲੇ ਦੇ ਆਦਮੀ ਨੇ ਇਸ ਨੂੰ ਪਾਰ ਕੀਤਾ ਸੀ। 1840 ਵਿੱਚ ਇੱਕ ਤਾਂਗੇ ਘੋੜੇ ਵਾਲੇ ਨੇ ਬੱਗੀ ਨਾਲ ਇਸ ਰਸਤੇ ਨੂੰ ਪਾਰ ਕੀਤਾ ।ਅਠਾਰਵੀਂ ਸਦੀ ਵਿੱਚ ਨੋਪੋਲੀਅਨ ਨੇ ਇਸ ਟਾਪੂ ਨੂੰ ਜੋੜਣ ਲਈ ਰਸਤਾ ਅਖਤਿਆਰ ਕਰਨ ਦਾ ਵਿਚਾਰ ਕੀਤਾ ਸੀ।ਹਰ ਰੋਜ਼ ਧਰਤੀ ਤੋਂ ਸਮੁੰਦਰ ਤੇ ਸਮੁੰਦਰ ਤੋਂ ਧਰਤੀ ਭਾਵ ਚੜ੍ਹਦੇ ਤੇ ਉਤਰਦੇ ਪਾਣੀ ਨੂੰ ਵੇਖਣ ਲਈ ਭੀੜ ਜੁੜ ਜਾਂਦੀ ਹੈ।ਇਸ ਵਕਤ ਦੁਨੀਆਂ ਦੀ ਇਹ ਅਨੋਖੀ ਸੜਕ ਟੂਰਿਸਟ ਲੋਕਾਂ ਲਈ ਇੱਕ ਬਿੰਦੂ ਬਣੀ ਹੋਈ ਹੈ।