ਸ੍ਰੀਨਗਰ – ਜਮੂੰ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਖ ਅਬਦੁਲਾ ਨੇ ਦੇਸ਼ ਵਿੱਚ ਵੱਧ ਰਹੀ ਸੰਪਰਦਾਇਕ ਹਿੰਸਾ ਤੇ ਚਿੰਤਾ ਪ੍ਰਗਟ ਕਰਦੇ ਹੋਏ ਮੋਦੀ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਨੂੰ ਬਿਹਾਰ ਦੀਆਂ ਚੋਣਾਂ ਨਾਲੋਂ ਦੇਸ਼ ਦੀ ਜਿਆਦਾ ਚਿੰਤਾ ਕਰਨੀ ਚਾਹੀਦੀ ਹੈ।
ਫਾਰੂਖ ਅਬਦੁਲਾ ਨੇ ਦਾਦਰੀ ਕਾਂਡ, ਊਧਮਪੁਰ, ਮੁੰਬਈ ਅਤੇ ਦਿੱਲੀ ਵਿੱਚ ਕਸ਼ਮੀਰ ਦੇ ਵਿਧਾਇਕ ਇੰਜੀਨੀਅਰ ਰਾਸਿ਼ਦ ਦੇ ਨਾਲ ਘਟੀਆਂ ਘਟਨਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਸ਼ਮੀਰ ਦੇ ਲੋਕ ਇਹ ਸੋਚਣਾ ਸ਼ੁਰੂ ਕਰ ਸਕਦੇ ਹਨ ਕਿ ਪਾਕਿਸਤਾਨ ਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਆਪਣੇ ਵੱਖਰੇ ਰਾਸ਼ਟਰਵਾਦ ਦੇ ਸਿਧਾਂਤ ਤੇ ਸਹੀ ਸਨ।
ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਸੱਭ ਦਾ ਹੈ। ਜਿਸ ਦਿਨ ਤੁਸੀਂ ਇਹ ਸੋਚਣਾ ਸ਼ੁਰੂ ਕਰ ਦੇਵੋਂਗੇ ਕਿ ਇਹ ਦੇਸ਼ ਸਿਰਫ਼ ਤੁਹਾਡਾ ਹੈ, ਤੁਹਾਨੂੰ ਇਹ ਵੇਖਣ ਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਦੇਸ਼ ਟੁਕੜਿਆਂ ਵਿੱਚ ਵੰਡ ਜਾਵੇਗਾ।ਸਾਬਕਾ ਮੁੱਖਮੰਤਰੀ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਖਦੇੜਨ ਲਈ ਸਖਤ ਕਾਰਵਾਈ ਕਰਨੀ ਹੋਵੇਗੀ। ਜੇ ਇਸ ਸਬੰਧੀ ਕਾਰਵਾਈ ਵਿੱਚ ਦੇਰ ਕੀਤੀ ਗਈ ਤਾਂ ਇਹ ਚਿੰਗਾਰੀ ਭੜਕ ਕੇ ਸ਼ੋਲ੍ਹਾ ਬਣ ਜਾਵੇਗੀ ਅਤੇ ਹਾਲਾਤ ਕੰਟਰੋਲ ਤੋਂ ਬਾਹਰ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਵਲ ਮੁਸਲਮਾਨ ਹੀ ਨਹੀਂ, ਦੇਸ਼ ਵਿੱਚ ਰਹਿ ਰਹੇ ਸਾਰੇ ਘੱਟ ਗਿਣਤੀ ਡਰ ਮਹਿਸੂਸ ਕਰ ਰਹੇ ਹਨ।