ਤਲਵੰਡੀ ਸਾਬੋ – ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਲੜਕੀਆਂ ਦੇ ਕਲਪਨਾ ਚਾਵਲਾ ਹੋਸਟਲ ਵਿਚ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਅਤੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ। ਮੈਡਮ ਹਰਪ੍ਰੀਤ ਕੌਰ ਅਤੇ ਮੈਡਮ ਲਵਜੀਤ ਕੌਰ ਦੀ ਅਗਵਾਈ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਤਹਿਤ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਆਗਤ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ।
ਗੁਰੂ ਕਾਸ਼ੀ ਯੂਨੀਵਰਸਟਿੀ ਦੇ ਵਾਈਸ ਚਾਂਸਲਰ ਡ. ਨਛੱਤਰ ਸਿੰਘ ਮੱਲ੍ਹੀ, ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਸਮੂਹ ਅਧਿਕਾਰੀਆਂ ਨੇ ਇਸ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕੀਤੀ। ਡਾ. ਮੱਲ੍ਹੀ ਨੇ ਆਯੋਜਕ ਸ੍ਰ. ਹਰਦੀਪ ਸਿੰਘ ਚੀਫ ਵਾਰਡਨ ਅਤੇ ਸਮੂਹ ਵਿਦਿਆਰਥੀਆਂ ਨੂੰ ਇਸ ਕਾਰਜ ਲਈ ਵਧਾਈ ਦੇ ਪਾਤਰ ਦਰਸਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੀ ਮਾਨਵਤਾ ਲਈ ਸਰਬ-ਸਾਂਝੇ ਉਪਦੇਸ਼ ਨੂੰ ਜ਼ਿੰਦਗੀ ਵਿਚ ਅਪਨਾਉਣ ਲਈ ਪ੍ਰੇਰਨਾਮਈ ਸ਼ਬਦ ਕਹੇ।
ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਬੜੀ ਹੀ ਸ਼ਰਧਾ ਭਾਵਨਾ ਸਹਿਤ ਹੱਥੀਂ ਸੇਵਾ ਕਰਦਿਆਂ ਤਿੰਨੇ ਦਿਨ ਗੁਰਬਾਣੀ ਪਾਠ ਸ੍ਰਵਣ ਕਰਕੇ ਲਾਹਾ ਲਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵੱਖ-ਵੱਖ ਕਵੀਸ਼ਰੀ, ਰਾਗੀ ਜੱਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਵਿਸ਼ੇਸ਼ ਹਾਜ਼ਰੀ ਦੌਰਾਨ ਨੌਜਵਾਨ ਸਿੱਖ ਪ੍ਰਚਾਰਕ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦੇ ਵਿਸ਼ੇ ’ਤੇ ਕਥਾ-ਵੀਚਾਰ ਕਰਦਿਆਂ ਜ਼ਿੰਦਗੀ ਵਿਚ ਵਿੱਦਿਆ ਦੀ ਮਹਾਨਤਾ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਬਾਰੀਕੀ ਨਾਲ ਦਰਸਾਇਆ।
ਸਮਾਪਤੀ ਮੌਕੇ ਡਾ. ਜਗਪਾਲ ਸਿੰਘ ਨੇ ਸਭ ਲਈ ਧੰਨਵਾਦੀ ਸ਼ਬਦ ਕਹੇ, ਜਿਸ ਵਿਚ ਦਿਨ-ਰਾਤ ਸੇਵਾ ਨਿਭਾਉਣ ਵਾਲੇ ਵਿਦਿਆਰਥੀਆਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ। ਸਮੁੱਚੇ ਲੋੜੀਂਦੇ ਪ੍ਰਬੰਧਕੀ ਇੰਤਜ਼ਾਮਾਤ ਐਡਮਿਨ ਅਫਸਰ ਗੁਰਦੇਵ ਸਿੰਘ ਕੋਟਫੱਤਾ ਨੇ ਕੀਤੇ।