ਫਤਿਹਗੜ੍ਹ ਸਾਹਿਬ – “ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਅਪਮਾਨ ਨੂੰ ਲੈ ਕੇ ਜੋ ਸਿੱਖ ਕੌਮ ਜਮਹੂਰੀਅਤ ਅਤੇ ਅਮਨਮਈ ਤਰੀਕੇ ਰੋਸ ਪ੍ਰਗਟਾਵੇ ਕਰ ਰਹੀ ਹੈ, ਉਹ ਸੈਂਟਰ ਦੀ ਮੋਦੀ ਹਕੂਮਤ, ਆਰਐਸਐਸ ਵਰਗੀਆਂ ਮੁਤੱਸਵੀ ਜਮਾਤਾਂ ਅਤੇ ਇਹਨਾਂ ਦੀਆਂ ਸਾਜਿਸ਼ਾਂ ਵਿਚ ਭਾਈਵਾਲ ਬਣ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਸਾਹਿਬਾਨਅਤੇ ਸ੍ਰੀ ਮੱਕੜ ਵਿਰੁੱਧ ਇਹਨਾਂ ਦੇ ਅਸਤੀਫਿਆਂ ਦੀ ਮੰਗ ਨੂੰ ਲੈ ਕੇ, ਗੁਰਜੀਤ ਸਿੰਘ ਸਰਾਵਾਂ, ਕ੍ਰਿਸ਼ਨ ਭਗਵਾਨ ਸਿੰਘ ਦੋਵੇਂ ਸ਼ਹੀਦਾਂ ਦੇ ਕਾਤਲਾਂ ਉਤੇ 302 ਦਾ ਕਤਲ ਕੇਸ ਦਰਜ ਕਰਕੇ ਕਾਰਵਾਈ ਕਰਨ ਅਤੇ ਨਿੱਤ ਦਿਹਾੜੇ ਪੰਜਾਬ ਵਿਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਹੋ ਰਹੇ ਅਪਮਾਨ ਨੂੰ ਸਹਿਨ ਨਾ ਕਰਦੇ ਹੋਏ ਸੰਘਰਸ਼ ਕੀਤਾ ਜਾ ਰਿਹਾ ਹੈ। ਇਹ ਸੰਘਰਸ਼ ਨਾ ਤਾਂ ਕਿਸੇ ਹਿੰਦੂ ਕੌਮ ਦੇ ਵਿਰੁੱਧ ਹੈ ਅਤੇ ਨਾ ਹੀ ਕਿਸੇ ਹੋਰ ਕੌਮ ਦੇ। ਇਸ ਲਈ ਹਿੰਦੂ ਵੀਰ ਸਿੱਖ ਕੌਮ ਦੇ ਇਸ ਸੰਘਰਸ਼ ਨੂੰ ਕਿਸੇ ਤਰ੍ਹਾਂ ਵੀ ਆਪਣੇ ਵਿਰੁੱਧ ਨਾ ਸਮਝਣ ਅਤੇ ਨਾ ਹੀ ਕਿਸੇ ਅਸਥਾਨ ‘ਤੇ ਸੰਘਰਸ਼ ਕਰ ਰਹੇ ਸਿੱਖਾਂ ਨਾਲ ਕਿਸੇ ਤਰ੍ਹਾਂ ਤਕਰਾਰ ਵਿੱਚ ਆਉਣ। ਇਹ ਸੰਘਰਸ਼ ਤਾਂ ਸਿੱਖ ਕੌਮ ਸਵੈਮਾਨ ਨੂੰ ਕਾਇਮ ਰੱਖਣ ਅਤੇ ਸਮੁੱਚੀ ਮਨੁੱਖਤਾ ਦੀ ਬੇਹਤਰੀ, ਅਮਨਚੈਨ ਅਤੇ ਇਨਸਾਨੀ ਕਦਰਾਂ ਕੀਮਤਾਂ ਲਈ ਕੀਤਾ ਜਾ ਰਿਹਾ ਹੈ। ਅਸੀਂ ਇਹ ਵੀ ਸਪੱਸ਼ਟ ਕਰਨਾ ਆਪਣਾ ਫਰਜ਼ ਸਮਝਦੇ ਹਾਂ ਕਿ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ, ਬਾਈਬਲ, ਕੁਰਾਨ ਸ਼ਰੀਫ, ਗੀਤਾ ਅਤੇ ਰਾਮਾਇਣ ਵਰਗੇ ਗ੍ਰੰਥ ਸਭ ਸਤਿਕਾਰਯੋਗ ਹਨ। ਕਿਸੇ ਵੀ ਗ੍ਰੰਥ ਜਾਂ ਕਿਸੇ ਵੀ ਕੌਮ ਆਦਿ ਦਾ ਸਾਜਿਸ਼ੀ ਢੰਗਾਂ ਰਾਹੀਂ ਅਪਮਾਨ ਕਰਨਾ ਅਤੇ ਵੱਖ ਵੱਖ ਫਿਰਕਿਆਂ ਵਿਚ ਨਫ਼ਰਤ ਪੈਦਾ ਕਰਕੇ ਦੰਗੇ-ਫਸਾਦ ਕਰਾਉਣ ਦੇ ਮਨਸੂਬੇ ਘੜਨ ਵਾਲੇ ਲੋਕਾਂ ਦਾ ਨਾ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਉਹਨਾਂ ਵਿਚ ਕੋਈ ਇਨਸਾਨੀਅਤ ਹੁੰਦੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਅਤੇ ਹਿੰਦ ਵਿਚ ਵੱਸਣ ਵਾਲੀ ਹਿੰਦੂ ਕੌਮ ਨੂੰ ਸਿੱਖ ਕੌਮ ਦੇ ਸੰਘਰਸ਼ ਸੰਬੰਧੀ ਵੇਰਵੇ ਦਿੰਦੇ ਹੋਏ ਪ੍ਰਗਟ ਕੀਤੇ। ਤਾਂ ਕਿ ਕੋਈ ਵੀ ਹਿੰਦੂ ਵੀਰ ਜਾਂ ਹਿੰਦੂ ਸੰਗਠਨ ਸਿੱਖ ਕੌਮ ਦੇ ਸਵੈਮਾਨ ਦੇ ਸੰਘਰਸ਼ ਨੂੰ ਗਲਤ ਰੰਗਤ ਵਿਚ ਲੈ ਕੇ ਆਪਣੇ ਮਨ ਅਤੇ ਆਤਮਾ ਵਿਚ ਕਿਸੇ ਤਰ੍ਹਾਂ ਦਾ ਗਲਤ ਪ੍ਰਭਾਵ ਪੈਦਾ ਨਾ ਕਰ ਸਕੇ ਅਤੇ ਸਿੱਖ ਸੰਘਰਸ਼ ਨੂੰ ਬਿਨ੍ਹਾਂ ਵਜ੍ਹਾ ਬਦਨਾਮ ਨਾ ਕੀਤਾ ਜਾ ਸਕੇ। ਸ. ਮਾਨ ਨੇ ਸਮੁੱਚੀ ਸਿੱਖ ਕੌਮ ਅਤੇ ਸੰਘਰਸ਼ ਕਰ ਰਹੇ, ਧਰਨੇ ਲਗਾ ਰਹੇ ਸਿੱਖਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਸਿੱਖ ਜਾਂ ਜਥੈਬੰਦੀ ਦੁਕਾਨਦਾਰਾਂ ਅਤੇ ਵਪਾਰੀ ਵਰਗ ਆਦਿ ਨਾਲ ਤਲਖੀ ਨਾਲ ਪੇਸ਼ ਨਾ ਆਵੇ। ਕਿਉਂ ਕਿ ਸਾਡਾ ਸੰਘਰਸ਼ ਗੁਰੁ ਸਾਹਿਬਾਨ ਸਮੇਂ ਵੀ ਸਮੁੱਚੇ ਧਰਮਾਂ ਦੇ ਸਤਿਕਾਰ ਮਾਣ ਨੂੰ ਕਾਇਮ ਰੱਖਣ ਅਤੇ ਸਮੁੱਚੀ ਮਨੁੱਖਤਾ ਦੀ ਹਿਫਾਜਤ ਕਰਨ ਲਈ ਹੁੰਦਾ ਰਿਹਾ ਹੈ ਅਤੇ ਅੱਜ ਵੀ ਅਸੀਂ ਉਹਨਾਂ ਪਦ ਚਿਨ੍ਹਾਂ ਉਤੇ ਹੀ ਚੱਲਦੇ ਹੋਏ ਆਪਣਾ ਸੰਘਰਸ਼ ਅਮਨ ਮਈ ਤਰੀਕੇ ਕਰ ਰਹੇ ਹਾਂ। ਸਮੁੱਚੀਆਂ ਜਥੇਬੰਦੀਆਂ ਵੱਲੋਂ ਜੋ ਫੈਸਲਾ ਹੋਇਆ ਹੈ ਕਿ ਸ਼ਹੀਦ ਹੋਏ ਸਿੰਘਾਂ ਦੀ ਭੋਗ ਰਸਮ ਤੱਕ 25 ਅਕਤੂਬਰ 2015 ਤੱਕ ਸਮੁੱਚੀ ਸਿੱਖ ਕੌਮ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਸੜਕਾਂ ‘ਤੇ ਨਿਰੰਤਰ ਧਰਨੇ ਦੇਵੇਗੀ। ਇਸ ਧਰਨਿਆਂ ਦੌਰਾਨ ਮੈਡੀਕਲ, ਐਂਬੂਲੈਂਸਾਂ, ਮਰੀਜਾਂ, ਸਕੂਲੀ ਬੱਚਿਆਂ ਦੇ ਵਹੀਕਲਜ਼, ਦੋਧੀਆਂ, ਬਿਰਧ ਬਜੁਰਗਾਂ ਨੂੰ ਇਧਰ ਉਧਰ ਲੈ ਕੇ ਜਾਣ ਵਾਲੇ ਵਹੀਕਲਜ਼ ਅਤੇ ਵਿਆਹ ਸ਼ਾਦੀਆਂ ਵਾਲਿਆਂ ਨੂੰ ਨਿਯਮਾਂ ਅਨੁਸਾਰ ਹਰ ਧਰਨੇ ‘ਤੇ ਛੋਟ ਦਿੱਤੀ ਜਾਵੇਗੀ। ਕਿਉਂ ਕਿ ਸਾਡੇ ਸੰਘਰਸ਼ ਦਾ ਮਕਸਦ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦੇਣਾ ਨਹੀਂ ਹੈ ਬਲਕਿ ਸੰਘਰਸ਼ ਦੇ ਅਸਲ ਮਕਸਦ ਵਿਚ ਹਰ ਵਰਗ ਦਾ ਸਹਿਯੋਗ ਲੈਣ ਅਤੇ ਅੰਨ੍ਹੀ ਬੋਲੀਆਂ ਹਕੂਮਤਾਂ ਦੇ ਕੰਨਾਂ ਤੱਕ ਲੋਕ ਆਵਾਜ਼ ਪਹੁੰਚਾਉਣਾ ਹੈ। ਸ. ਮਾਨ ਨੇ ਸਿੱਖ ਕੌਮ ਅਤੇ ਦੂਸਰੀਆਂ ਕੌਮਾਂ ਨੂੰ ਵੀ ਇਹ ਸੰਜੀਦਗੀ ਭਰੀ ਅਪੀਲ ਕੀਤੀ ਕਿ ਉਹ 25 ਅਕਤੂਬਰ 2015 ਤੱਕ ਰੋਸ ਵੱਜੋਂ ਕਾਲੀਆਂ ਦਸਤਾਰਾਂ , ਦੁੱਪਟੇ, ਕਾਲੀਆਂ ਝੰਡੀਆਂ, ਕਾਲੀਆਂ ਜੁਰਾਬਾਂ ਜਾਂ ਆਪਣੇ ਮੋਢਿਆਂ ਉਤੇ ਇਸ਼ਾਰਾ ਮਾਤਰ ਕਾਲੀ ਪੱਟੀ ਟੰਗ ਕੇ ਬਾਦਲ ਅਤੇ ਮੋਦੀ ਹਕੂਮਤ ਦੇ ਗੈਰ ਸਮਾਜਿਕ ਅਤੇ ਗੈਰ ਇਨਸਾਨੀਅਤ ਅਮਲਾਂ ਵਿਰੁੱਧ ਰੋਸ ਜਾਹਰ ਕਰਨ। ਸ਼ਹੀਦਾਂ ਦੇ ਭੋਗ ਊਪਰੰਤ , ਜੇਕਰ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਿਆ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾਗਿਆ ਅਤੇ ਉਪਰੋਕਤ ਦੋਵੇਂ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫ਼ਸਰਾਂ ਉਤੇ 302 ਦੀ ਧਾਰਾ ਅਧੀਨ ਕਤਲ ਕੇਸ ਦਰਜ ਨਾ ਕੀਤੇ ਗਏ ਤਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਵਿਚਾਰ ਕਰਕੇ ਅਗਲੇ ਐਕਸ਼ਨ ਪ੍ਰੌਗਰਾਮ ਦਾ ਐਲਾਨ ਕਰਨਗੀਆਂ। ਜਿਸ ਉਤੇ ਕੇਵਲ ਸਿੱਖ ਕੌਮ ਹੀ ਨਹੀਂ ਸਮੁੱਚੇ ਪੰਜਾਬ ਨਿਵਾਸੀਆਂ ਵੱਲੋਂ ਪਹਿਰਾ ਦੇਣਾ ਚਾਹੀਦਾ ਹੈ। ਤਾਂ ਕਿ ਪੰਜਾਬ ਸੂਬੇ ਦੀ ਪਵਿੱਤਰ ਧਰਤੀ ‘ਤੇ ਕੋਈ ਸਾਜਿਸ਼ੀ ਹੁਕਮਰਾਨ , ਏਜੰਸੀਆਂ ਇਥੋਂ ਦੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਠੇਸ ਨਾ ਪਹੁੰਚਾ ਸਕਣ।